
ਚੇਨਈ - ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ ਦੇ ਜੰਗਲਾਂ ਵਿਚ ਐਤਵਾਰ ਦੀ ਸ਼ਾਮ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿਚ 9 ਲੋਕਾਂ ਦੀ ਹੋਈ ਮੌਤ ਦੀ ਪੁਸ਼ਟੀ ਹੋ ਚੁਕੀ ਹੈ। ਇਨ੍ਹਾਂ ਵਿਚ 4 ਔਰਤਾਂ, 4 ਮਰਦ ਅਤੇ ਇਕ ਬੱਚਾ ਸ਼ਾਮਲ ਹੈ। ਬਚਾਏ ਗਏ 27 ਵਿਅਕਤੀਆਂ ਵਿਚੋਂ 8 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ 10 ਘੱਟ ਜ਼ਖ਼ਮੀ ਹਨ।
ਜੰਗਲ ਵਿਚ ਟ੍ਰੈਕਿੰਗ ਕਰਨ ਲਈ ਗਏ ਕੁੱਝ ਵਿਦਿਆਰਥੀ ਵੀ ਅੱਗ ਵਿਚ ਫਸ ਗਏ ਹਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਚੇਨਈ ਦੇ 30 ਵਿਦਿਆਰਥੀ ਟ੍ਰੈਕਿੰਗ ਦੇ ਲਈ ਗਏ ਸਨ ਜਿਨ੍ਹਾਂ ਨੇ ਨਾ ਤਾਂ ਪੁਲਿਸ ਤੋਂ ਆਗਿਆ ਲਈ ਸੀ ਅਤੇ ਨਾ ਹੀ ਜੰਗਲ ਵਿਭਾਗ ਕੋਲੋਂ। ਪੁਲਿਸ ਨੇ ਦਸਿਆ ਕਿ ਸਥਾਨਕ ਆਦਿ ਵਾਸੀ ਲੋਕ ਅਤੇ ਜੰਗਲ ਵਿਭਾਗ ਦੇ ਲੋਕ ਵਿਦਿਆਰਥੀਆਂ ਤਕ ਪਹੁੰਚ ਗਏ ਹਨ।
ਮੁੱਖ ਮੰਤਰੀ ਪਲਾਨੀ ਸਵਾਮੀ ਦੀ ਬੇਨਤੀ 'ਤੇ ਰੱਖਿਆ ਮੰਤਰੀ ਨਿਰਮਲਾ ਨੇ ਭਾਰਤੀ ਹਵਾਈ ਫ਼ੌਜ ਨੂੰ ਵਿਦਿਆਰਥੀਆਂ ਲਈ ਰਾਹਤ ਅਤੇ ਬਚਾਉ ਕਾਰਜਾਂ ਲਈ ਨਿਰਦੇਸ਼ ਦਿਤੇ ਹਨ ਜਿਸ ਤੋਂ ਬਾਅਦ ਨਿਰਮਲਾ ਸੀਤਾਰਮਣ ਨੇ ਟਵੀਟ ਕਰ ਕੇ ਦਸਿਆ ਕਿ ਮੈਂ ਜ਼ਿਲ੍ਹਾ ਕਲੈਕਟਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਦਸਿਆ ਕਿ 10-15 ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਉਹ ਪਹਾੜ ਤੋਂ ਥੱਲੇ ਆ ਰਹੇ ਹਨ।
ਅਧਿਕਾਰੀਆਂ ਨੇ ਦਸਿਆ ਕਿ ਸਥਾਨਕ ਲੋਕਾਂ ਅਤੇ ਜੰਗਲ ਵਿਭਾਗ ਨੇ 12 ਵਿਦਿਆਰਥੀਆਂ ਨੂੰ ਬਚਾਅ ਲਿਆ ਹੈ ਅਤੇ ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।