
ਲਹਿਰਾਗਾਗਾ, 9 ਜਨਵਰੀ (ਰਾਜਪਾਲ ਚੋਪੜਾ) : ਇਥੋਂ ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇਕ ਨੌਜਵਾਨ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ (32) ਨੇ ਕੁੱਝ ਮਹੀਨੇ ਪਹਿਲਾਂ ਲਹਿਲ ਕਲਾਂ ਦੇ ਬੈਂਕ ਵਿਚੋਂ ਮਕਾਨ ਦੀ ਉਸਾਰੀ ਲਈ ਕਰਜ਼ਾ ਲਿਆ ਸੀ। ਮ੍ਰਿਤਕ ਦਾ ਮਕਾਨ ਲਹਿਰਾਗਾਗਾ ਤੋਂ ਮੂਨਕ ਰੋਡ ਉਪਰ ਸਥਿਤ ਹੈ। ਇਕ ਤਾਂ ਉਹ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜ ਸਕਿਆ ਕਿਉਂਕਿ ਉਸ ਨੂੰ ਇਹ ਆਸ ਸੀ ਕਿ ਕਾਂਗਰਸ ਦੀ ਸਰਕਾਰ ਉਸ ਦਾ ਕਰਜ਼ਾ ਮਾਫ਼ ਕਰ ਦੇਵੇਗੀ ਪਰ ਦੂਸਰਾ ਡਰ ਉਸ ਦੇ ਮਕਾਨ ਦਾ ਬੈਠ ਗਿਆ ਸੀ ਕਿ ਹੁਣ ਉਸ ਦਾ ਮਕਾਨ ਵੀ ਉਸ ਦੇ ਪੱਲੇ ਨਹੀਂ ਰਹਿਣਾ। ਇਸੇ ਪ੍ਰੇਸ਼ਾਨੀ ਤੋਂ ਤੰਗ ਆ ਕੇ ਅਪਣੇ ਹੀ ਘਰ ਵਿਚ ਪੱਖੇ ਨਾਲ ਗਲ ਫ਼ਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮੂਨਕ ਦੇ ਏ ਐਸ ਆਈ ਮਾਹੀਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਭਰਾ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਕੇਸ ਦਰਜ ਕਰ ਲਿਆ ਹੈ।
ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਅਪਣੇ ਪਿੱਛੇ ਅਪਣੀ ਪਤਨੀ ਅਤੇ ਦੋ ਬੱਚੇ ਵੀ ਛੱਡ ਗਿਆ।
ਬਠਿੰਡਾ (ਦਿਹਾਤੀ) ਤੋਂ ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ ਅਨੁਸਾਰ : ਜ਼ਿਲ੍ਹੇ ਦੇ ਪਿੰਡ ਪਿੱਥੋ ਦੇ ਇਕ ਕਰਜ਼ਈ ਕਿਸਾਨ ਨੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੱਤਰਕਾਰਾਂ ਨੂੰ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਦਿਨੀਂ ਸਰਕਾਰ ਵਲੋਂ ਕਰਜ਼ ਮਾਫ਼ੀ ਸਬੰਧੀ ਕੀਤੇ ਐਲਾਣ ਤੋਂ ਬਾਅਦ ਸਹਿਕਾਰੀ ਸਭਾ ਵਿਚ ਲੱਗੀ ਸੂਚੀ ਵਿਚ ਸਾਡੇ ਪਰਵਾਰ ਦਾ ਨਾਂਅ ਮਾਫ਼ੀ ਵਿਚ ਨਾ ਆਉਣ ਕਾਰਨ ਮੇਰਾ ਭਰਾ ਬੂਟਾ ਸਿੰਘ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦਿਆਂ ਮਾਨਸਕ ਪ੍ਰੇਸ਼ਾਨੀ ਕਾਰਨ ਮੇਰੇ ਭਰਾ ਕਿਸਾਨ ਬੂਟਾ ਸਿੰਘ (55) ਨੇ ਅਪਣੇ ਘਰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਪੀੜਤ ਪਰਵਾਰ ਨੇ ਇਹ ਵੀ ਦਸਿਆ ਕਿ ਮ੍ਰਿਤਕ ਸਿਰ ਢਾਈ ਲੱਖ ਕਾਰਪੋਰੇਸ਼ਨ ਬੈਂਕ ਦਾ ਕਰਜ਼, 90 ਹਜ਼ਾਰ ਨਿਜੀ ਬੈਂਕ ਅਤੇ 25 ਹਜ਼ਾਰ ਸਹਿਕਾਰੀ ਸਭਾ ਦਾ ਕਰਜ਼ਾ ਬਕਾਇਆ ਸੀ। ਉਧਰ ਭਾਕਿਯੂ ਦੇ ਆਗੂ ਬਲਵਿੰਦਰ ਸਿੰਘ ਫ਼ੌਜੀ ਸਣੇ ਪਿੰਡ ਦੇ ਲੋਕਾਂ ਨੇ ਪੀੜਤ ਪਰਵਾਰ ਦਾ ਕਰਜ਼ ਮਾਫ਼ ਅਤੇ ਪਰਵਾਰ ਦੀ ਆਰਥਕ ਮਦਦ ਦੀ ਗੁਹਾਰ ਲਗਾਈ ਹੈ।