
ਜਲੰਧਰ/ਜਗਰਾਉਂ, 31 ਜਨਵਰੀ (ਸੁਦੇਸ਼/ਪਰਮਜੀਤ ਸਿੰਘ ਗਰੇਵਾਲ) : ਬੀਤੇ ਦਿਨੀਂ ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਮੁਕਾਬਲੇ 'ਚ ਮਾਰ ਮੁਕਾਇਆ ਸੀ, ਜਿਸ ਦਾ ਬਦਲਾ ਲੈਣ ਲਈ ਉਸ ਦੇ ਸਾਥੀਆਂ ਨੇ ਫੇਸਬੁੱਕ 'ਤੇ ਪੁਲਿਸ ਨੂੰ ਧਮਕੀ ਦਿਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਉਕਤ ਫੇਸਬੁੱਕ 'ਤੇ ਧਮਕੀ ਦੇਣ ਵਾਲੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਇਸ ਸਬੰਧੀ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਅਤੇ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਕੁੱਝ ਦਿਨ ਪਹਿਲਾਂ ਵਿੱਕੀ ਗੌਡਰ ਦੀ ਪੁਲਿਸ ਮੁਕਾਬਲੇ ਵਿਚ ਹੋਈ ਮੌਤ ਸਬੰਧੀ ਉਸ ਦੇ ਸਾਥੀਆਂ ਵਲੋਂ ਫੇਸਬੁੱਕ 'ਤੇ ਪੋਸਟ ਪਾਈ ਗਈ, ਜਿਸ ਵਿਚ ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਤੁਸੀਂ ਦੋ ਮਾਰੋਗੇ ਤਾਂ ਅਸੀਂ ਪੁਲਿਸ ਦੇ ਚਾਰ ਮਾਰਾਂਗੇ।ਧਮਕੀ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਡੀ. ਜੀ. ਪੀ. ਪੰਜਾਬ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਕ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਜੋ ਟੀਮ ਨੇ ਫੇਸਬੁੱਕ ਦੇਅਕਾਉਟਸ ਤੋਂ ਕੁਝ ਵਿਅਕਤੀਆਂ ਦਾ ਪਤਾ ਲਗਾਇਆ ਹੈ, ਜਿੰਨ੍ਹਾ ਨੂੰ ਕਾਬੂ ਕਰਨ ਲਈ ਐਸ. ਐਸ. ਪੀ. ਸੁਰਜੀਤ ਸਿੰਘ ਅਤੇ ਐਸ. ਪੀ. (ਡੀ) ਰੁਪਿੰਦਰ ਕੁਮਾਰ ਭਾਰਦਵਾਜ ਨੂੰ ਵਿਸ਼ੇਸ ਹਦਾਇਤਾਂ ਕੀਤੀਆਂ ਗਈਆਂ ਹਨ।ਜਿਲ੍ਹਾ ਲੁਧਿਆਣਾ ਦਿਹਾਤੀ ਦੀ ਟੀਮ ਨੂੰ ਮੁਖ਼ਬਰੀ ਦੇ ਆਧਾਰ 'ਤੇ ਦੌਰਾਨੇ ਨਾਕਾਬੰਦੀ ਟੀ-ਪੁਆਇੰਟ ਗਾਲਿਬ ਕਲਾਂ ਤੋਂ ਇੱਕ ਇਨੋਵਾ ਗੱਡੀ ਪੀ.ਬੀ.13-1717 ਨੂੰ ਕਾਬੂ ਕਰ ਕੇ ਦੋਸ਼ੀ ਕਾਰਜ ਸਿੰਘ , ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪਾਸੋਂ 500 ਗ੍ਰਾਮ ਹੈਰੋਇਨ, 4 ਪਿਸਟਲ 12 ਬੋਰ ਅਤੇ 2 ਪਿਸਟਲ 32 ਬੋਰ ਬਰਾਮਦ ਕੀਤੇ।
ਪੁੱਛਗਿੱਛ ਦੌਰਨ ਸਾਹਮਣੇ ਆਇਆ ਕਿ ਕਾਰਜਪਾਲ ਸਿੰਘ ਗੈਂਗਸਟਰ ਪ੍ਰੇਮਾ ਲਹੋਰੀਆ ਦਾ ਕਰੀਬੀ ਰਿਸ਼ਤੇਦਾਰ ਹੈ, ਇਸੇ ਤਰ੍ਹਾਂ ਹੀ ਗੁਰਿੰਦਰ ਸਿੰਘ ਰਾਮੂਵਾਲੀਆ, ਨਿਸ਼ਾਨ ਸਿੰਘ ਰੁਕਣਾਬੇਗੂ ਵਾਸੀ ਫ਼ਿਰੋਜ਼ਪੁਰ ਜਿਸ ਨੇ ਡੱਬਵਾਲ਼ੀ ਵਿਖੇ ਪੰਜਾਬ ਪੁਲਿਸ ਵਲੋਂ ਘੇਰਾ ਪੈਣ 'ਤੇ ਅਪਣੇ ਦੋ ਸਾਥੀਆਂ ਸਮੇਤ ਤਿੰਨਾਂ ਨੇ ਖ਼ੁਦ ਨੂੰ ਗੋਲੀ ਮਾਰ ਲਈ ਸੀ, ਦੇ ਚਾਚੇ ਦਾ ਲੜਕਾ ਹੈ ਅਤੇ ਗੁਰਪ੍ਰੀਤ ਸਿੰਘ ਨੇ 10 ਜਮਾਤਾਂ ਪਾਸ ਕਰਨ ਉਪਰੰਤ ਬਾਇਉ ਮੈਡੀਕਲ ਵੇਸਟ ਮੈਨੇਜਮੈਂਟ ਵਿਚ ਕਰੀਬ ਦੋ-ਤਿੰਨ ਸਾਲ ਨੌਕਰੀ ਕਰਨ ਤੋਂ ਬਾਅਦ ਦੁਬਈ ਚਲਾ ਗਿਆ ਸੀ, ਨੀਟਾ ਦਿਉਲ ਰਾਹੀਂ ਉਹ ਗੁਰਪ੍ਰੀਤ ਸਿੰਘ ਸੇਖੋਂ ਅਤੇ ਵਿੱਕੀ ਗੌਂਡਰ ਗਰੋਹ ਦੇ ਹੋਰ ਗੈਂਗਸਟਰਾਂ ਦੇ ਸੰਪਰਕ ਵਿਚ ਆ ਗਿਆ। ਦੁਬਈ ਤੋਂ ਵਾਪਸ ਆਉਣ ਉਪਰੰਤ ਇਸ ਨੇ ਜੇਲ 'ਚ ਬੈਠੇ ਗੈਂਗਸਟਰਾਂ ਦੀਆਂ ਮੁਲਾਕਾਤਾਂ, ਮਾਲੀ ਮਦਦ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਟਾਈਗਰ, ਦਿਲਪ੍ਰੀਤ, ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ ਆਦਿ ਦੀ ਪੈਰਵਾਈ ਕਰਦਾ ਰਿਹਾ ਅਤੇ ਸ਼ੇਰਾ ਖੁੰਮਣ ਗਰੁੱਪ ਦੀ ਫੇਸਬੁੱਕ ਆਈਡੀ ਅਪਡੇਟ ਕਰਦਾ ਰਿਹਾ ਹਾਂ। ਇਸ ਨੇ ਫੇਸਬੁੱਕ 'ਤੇ ਪੋਸਟ ਕੀਤਾ ਕਿ 'ਬਾਕੀ ਤੁਹਾਨੂੰ ਕਿਹਾ ਸੀ ਜੇਕਰ ਤੁਸੀ ਇੱੱਕ ਮਾਰੋਗੇ ਤਾਂ ਅਸੀ ਦੋ ਮਾਰਾਂਗੇ' ਤੇ ਹੁਣ ਅਸੀਂ ਤੁਹਾਡੇ 6 ਮਾਰਾਂਗੇ, ਬਸ ਤਕੜੇ ਹੋ ਕੇ ਰਿਹੋ, ਤੁਹਾਨੂੰ ਵੀ ਦੱਸਾਂਗਾ ਮੈਡਲ ਪਵਾਉਣ ਵਾਲਿਓ, ਕਿਸੇ ਦਾ ਪੁੱਤਰ ਕਿਵੇਂ ਮਾਰੀ ਦਾ.... ਬਦਲਾ ਜ਼ਰੂਰ ਲਵਾਂਗੇ'। ਵਿੱਕੀ ਗੌਂਡਰ ਦੀ ਮੌਤ ਉਪਰੰਤ ਇਹ ਗਰੋਹ ਉਸ ਦੀ ਮੌਤ ਦਾ ਬਦਲਾ ਲੈਣ ਲਈ ਵਿਉਂਤਬੰਦੀ ਕਰ ਕੇ ਹਥਿਆਰ ਅਤੇ ਅਪਣੇ ਸਾਥੀਆਂ ਨੂੰ ਇਕੱਠੇ ਕਰ ਰਿਹਾ ਸੀ ਅਤੇ ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਸਨ। ਉਕਤ ਨੌਜਵਾਨਾਂ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ ਤੋਂ ਇਸ ਨੇ ਧਮਕੀ ਭਰੀ ਪੋਸਟ ਫੇਸਬੁੱਕ ਪਰ ਪਾਈ ਸੀ।