
ਨਵੀਂ ਦਿੱਲੀ : ਬੁੱਧਵਾਰ ਨੂੰ ਇਕ ਵਿਅਕਤੀ ਨੂੰ ਅਗਵਾ ਕਰਕੇ ਲੁੱਟਣ ਦੇ ਦੋਸ਼ 'ਚ ਉਬੇਰ ਡਰਾਈਵਰ ਤੇ ਡੀਯੂ ਦੇ ਇਕ ਵਿਦਿਆਰਥੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ 20 ਜਨਵਰੀ ਨੂੰ ਵਾਪਰੀ ਸੀ। ਪੁਲਸ ਨੇ ਇਸ ਸਬੰਧ 'ਚ ਮੁਲਜ਼ਮਾਂ ਤੋਂ ਇਕ ਚਾਕੂ, ਟੈਕਸੀ, 2 ਮੋਟਰਸਾਈਕਲ ਤੇ ਪੀੜਤ ਦਾ ਮੋਬਾਇਲ ਫੋਨ, ਲੈਪਟਾਪ ਤੇ ਨਗਦੀ ਜ਼ਬਤ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਰਿਹਾਨ (23), ਰੰਜਨ ਸਿੰਘ (21) ਤੇ ਰਵੀ ਸ਼ੰਕਰ ਸ਼ਰਮਾ (18) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਿਹਾਨ ਨੇ 1 ਜਨਵਰੀ 2018 ਤੋਂ ਉਬੇਰ ਕੈਬ ਚਲਾਉਣਾ ਸ਼ੁਰੂ ਕੀਤਾ ਸੀ, ਜਦੋਂ ਕਿ ਬਾਕੀ ਦੋਵੇਂ ਦੋਸ਼ੀ ਨੋਇਡਾ ਦੀ ਇਕ ਕੱਪੜੇ ਕੰਪਨੀ ਵਿਚ ਕੰਮ ਕਰਦੇ ਹਨ। ਰਿਹਾਨ ਤੇ ਰਵੀ ਸਕੂਲ 'ਚੋਂ ਡ੍ਰੋਪਆਊਟ ਹਨ ਤੇ ਰੰਜਨ ਦਿੱਲੀ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਦੀ ਪੜਾਈ ਕਰ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਕੁਸ਼ਾਲ ਸ਼ਰਮਾ, ਜੋ ਕਿ ਪੇਸ਼ੇ ਤੋਂ ਅਕਾਉਂਟੈਂਟ ਹੈ, 20 ਫਰਵਰੀ ਨੂੰ ਸ਼ਾਮ 8:15 ਵਜੇ ਓਖਲਾ ਫੇਸ 1 ਦੇ ਬੱਸ ਸਟਾਪ 'ਤੇ ਬੱਸ ਦੀ ਉਡੀਕ ਕਰ ਰਿਹਾ ਸੀ। ਇੰਨੇ 'ਚ ਇਕ ਕਾਰ ਉਸ ਦੇ ਸਾਹਮਣੇ ਆ ਕੇ ਰੁਕੀ। ਕਾਰ 'ਚ ਤਿੰਨ ਲੋਕ ਸਵਾਰ ਸਨ। ਕਾਰ ਡਰਾਈਵਰ ਨੇ ਸ਼ਰਮਾ ਨੂੰ ਪੁੱਛਿਆ ਕਿ ਉਹ ਕਿੱਥੇ ਜਾਣਾ ਚਾਹੁੰਦਾ ਹੈ ਤਾਂ ਸ਼ਰਮਾ ਨੇ ਕਿਹਾ ਕਿ ਉਹ ਬਦਰਪੁਰ ਵੱਲ ਜਾ ਰਿਹਾ ਹੈ ਤਾਂ ਡਰਾਈਵਰ ਨੇ ਕਿਹਾ ਕਿ ਉਹ ਵੀ ਉਸੇ ਪਾਸੇ ਜਾ ਰਹੇ ਹਨ। ਇਸ ਤੋਂ ਬਾਅਦ ਸ਼ਰਮਾ ਕਾਰ ਵਿਚ ਬੈਠ ਗਿਆ। ਕੁਝ ਹੀ ਦੂਰੀ 'ਤੇ ਜਾਣ ਤੋਂ ਬਾਅਦ ਕਾਰ 'ਚ ਡਰਾਈਵਰ ਦੇ ਨਾਲ ਵਾਲੇ ਦੋਵਾਂ ਵਿਅਕਤੀਆਂ ਨੇ ਸ਼ਰਮਾ 'ਤੇ ਚਾਕੂ ਤਾਨ ਦਿੱਤਾ ਤੇ ਉਸ ਤੋਂ ਲੈਪਟਾਪ, ਮੋਬਾਇਲ ਫੋਨ ਅਤੇ ਨਕਦੀ ਲੈ ਲਈ ਤੇ ਉਸ ਨੂੰ ਏ.ਟੀ.ਐੱਮ. ਤੋਂ ਹੋਰ ਨਕਦੀ ਕੱਢਵਾਉਣ ਲਈ ਕਿਹਾ।
ਡੀ.ਸੀ.ਪੀ. ਦੱਖਣ-ਪੂਰਬ ਚਿਨਮੋਏ ਬਿਸਵਾਲ ਨੇ ਕਿਹਾ ਕਿ ਪੀੜਤ ਨੇ ਇਸ ਮੌਕੇ ਸਿਆਣਪ ਵਰਤੀ ਤੇ ਪੈਸੇ ਕੱਢਵਾਉ ਸਮੇਂ ਗਲਤ ਪਿਨ ਦਾਖਲ ਕੀਤਾ, ਜਿਸ ਕਾਰਨ ਪੈਸੇ ਨਾ ਨਿਕਲੇ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਜੀ-ਬਲਾਕ, ਸਾਕੇਟ ਛੱਡ ਦਿੱਤਾ ਤੇ ਉਥੋਂ ਫਰਾਰ ਹੋ ਗਏ। ਸ਼ਰਮਾ ਨੇ ਇਸ ਤੋਂ ਬਾਅਦ ਪੁਲਸ ਨਾਲ ਸੰਪਰਕ ਕੀਤਾ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕਾਰ ਬਦਰਪੁਰ ਦੇ ਨਵੀਨ ਝਾਅ ਦੀ ਹੈ। ਉਸ ਨੇ ਦੱਸਿਆ ਕਿ ਕਾਰ ਉਸ ਦੀ ਹੈ ਤੇ ਉਸ ਨੇ ਇਹ ਕਿਸੇ ਨੂੰ ਕਿਰਾਏ 'ਤੇ ਦਿੱਤੀ ਹੈ। ਵੀਡੀਓ ਸਰਵੇਲੈਂਸ ਦੀ ਮਦਦ ਨਾਲ ਡਰਾਈਵਰ ਰਿਹਾਨ ਨੂੰ ਓਖਲਾ ਮੰਡੀ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਦੋ ਸਾਥੀਆਂ ਸਣੇ ਸ਼ਰਮਾ ਨੂੰ ਅਗਵਾ ਕਰਕੇ ਲੁੱਟਿਆ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਦੋਵਾਂ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਾਰੇ ਇਕੋ ਇਲਾਕੇ 'ਚ ਰਹਿੰਦੇ ਹਨ ਤੇ ਉਨ੍ਹਾਂ ਨੇ ਦੇਰ ਸ਼ਾਮ ਆਟੋ ਤੇ ਬੱਸ ਦੀ ਉਡੀਕ ਕਰਨ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਯੋਜਨਾ ਬਣਾਈ ਸੀ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਇਸ ਤਰ੍ਹਾਂ ਦੇ ਹੋਰ ਕਿੰਨੇ ਮਾਮਲਿਆਂ 'ਚ ਸ਼ਾਮਲ ਹਨ।ਉਬੇਰ ਦੇ ਇਕ ਬੁਲਾਰੇ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਣ 'ਤੇ ਤੁਰੰਤ ਉਸ ਨੂੰ ਹਟਾ ਦਿੱਤਾ ਗਿਆ ਸੀ ਤੇ ਉਬੇਰ ਇਸ ਮਾਮਲੇ 'ਚ ਹਰ ਤਰ੍ਹਾਂ ਨਾਲ ਪੁਲਸ ਦੀ ਮਦਦ ਕਰਨ ਲਈ ਤਿਆਰ ਹੈ।