
ਮੇਰਠ - ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਲਾਲ ਕੁੜਤੀ ਇਲਾਕੇ 'ਚ ਬੁੱਧਵਾਰ ਸਵੇਰੇ ਮੋਟਰਸਾਈਕਲ 'ਤੇ ਸਵਾਰ ਇਕ ਮੁਟਿਆਰ ਅਤੇ ਉਸ ਦੇ 2 ਸਾਥੀ ਨੌਜਵਾਨਾਂ ਨੇ 2 ਮਹਿਲਾ ਖਿਡਾਰਨਾਂ 'ਤੇ ਤੇਜ਼ਾਬ ਸੁੱਟਿਆ। ਪੁਲਿਸ ਨੇ ਇਸ ਸਬੰਧੀ ਮੋਟਰਸਾਈਕਲ 'ਤੇ ਸਵਾਰ ਉਕਤ ਮੁਟਿਆਰ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਦਕਿ ਉਸ ਦੇ ਸਾਥੀ 2 ਨੌਜਵਾਨ ਫਰਾਰ ਹੋ ਗਏ। ਦੋਹਾਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।
ਪੁਲਿਸ ਸੂਤਰਾਂ ਮੁਤਾਬਕ ਬਾਕਸਿੰਗ ਦੀ ਖਿਡਾਰਨ ਗਰਿਮਾ ਸਿੰਘ ਅਤੇ ਕੁਸ਼ਤੀ ਦੀ ਖਿਡਾਰਨ ਸ਼ਾਲੂ ਸਵੇਰ ਲੱਗਭਗ ਸਾਢੇ 5 ਵਜੇ ਅਭਿਆਸ ਕਰ ਰਹੀਆਂ ਸਨ ਕਿ ਇਕ ਮੋਟਰਸਾਈਕਲ 'ਤੇ ਸਵਾਰ ਉਕਤ ਮੁਟਿਆਰ ਅਤੇ 2 ਨੌਜਵਾਨ ਆਏ ਅਤੇ ਤੇਜ਼ਾਬ ਸੁੱਟ ਕੇ ਫਰਾਰ ਹੋ ਗਏ। ਇਸ ਕਾਰਨ ਗਰਿਮਾ ਦਾ ਮੋਢਾ ਤੇ ਸ਼ਾਲੂ ਦੀ ਕਮਰ ਝੁਲਸ ਗਈ।
ਦੋਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਗ੍ਰਿਫਤਾਰ ਮੁਟਿਆਰ ਦੀ ਪਛਾਣ ਸੋਨੀ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸੋਨੀ ਦਾ ਪਿਤਾ ਕਿਸੇ ਮਾਮਲੇ 'ਚ ਜੇਲ ਵਿਚ ਬੰਦ ਹੈ। ਸੋਨੀ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਜੇਲ 'ਚ ਮਿਲਣ ਗਈ ਸੀ। ਉਥੇ ਸ਼ਾਲੂ ਵੀ ਕਿਸੇ ਨੂੰ ਮਿਲਣ ਲਈ ਆਈ ਹੋਈ ਸੀ।