
ਬਲਾਤਕਾਰੀਆਂ ਲਈ ਫ਼ਾਂਸੀ ਤੈਅ ਕਰਨ 'ਤੇ ਇੰਨਾ ਸੋਚ ਵਿਚਾਰ ਕਿਉਂ ਕਰ ਰਹੀ ਹੈ ਸਰਕਾਰ?
ਦੇਸ਼ ਵਿਚ ਮਾਸੂਮ ਬੱਚੀਆਂ ਨਾਲ ਬਲਾਤਕਾਰ ਹੋਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਕੁਝ ਦਿਨਾਂ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਇਕ ਵਾਰ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਕਰ ਦਿਤਾ ਏ......ਪਹਿਲਾਂ ਯੂਪੀ ਦੇ ਉਨਾਵ, ਫਿਰ ਜੰਮੂ ਕਸ਼ਮੀਰ ਦੇ ਕਠੂਆ... ਫਿਰ ਰਾਜਸਥਾਨ ਅਤੇ ਹੁਣ ਗੁਜਰਾਤ ਦੇ ਸੂਰਤ ਵਿਚ ਮਾਸੂਮ ਬੱਚੀਆਂ ਨਾਲ ਦਰਿੰਦਗੀ ਕੀਤੇ ਜਾਣ ਦੇ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਏ ਨੇ।
ਭਾਵੇਂ ਕਿ ਕੁੱਝ ਸਾਲ ਪਹਿਲਾਂ ਦਿੱਲੀ ਵਿਚ ਹੋਏ ਨਿਰਭਯਾ ਗੈਂਗਰੇਪ ਦੀ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਸੀ ਅਤੇ ਸਰਕਾਰਾਂ ਨੇ ਸਬੰਧਤ ਕਾਨੂੰਨ ਵਿਚ ਮਹਿਜ਼ ਰਸਮੀ ਜਿਹੀ ਸੋਧ ਕਰ ਕੇ ਗਲੋਂ ਮੁੱਦਾ ਲਾਹ ਲਿਆ ਸੀ.... ਪਰ ਜੇਕਰ ਉਸ ਸਮੇਂ ਹੀ ਬਲਤਾਕਾਰੀਆਂ ਲਈ ਫ਼ਾਂਸੀ ਜਾਂ ਹੋਰ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਂਦੀ ਤਾਂ ਸ਼ਾਇਦ ਅੱਜ ਇਹ ਮਾਸੂਮ ਬੱਚੀਆਂ ਹਵਸ ਦੇ ਭੁੱਖੇ ਦਰਿੰਦਿਆਂ ਦਾ ਸ਼ਿਕਾਰ ਹੋਣੋਂ ਬਚ ਜਾਂਦੀਆਂ।
ਭਾਵੇਂ ਕਿ ਸਾਡੇ ਦੇਸ਼ ਵਿਚ ਨਿੱਤ ਦਿਨ ਪਤਾ ਨਹੀਂ ਕਿੰਨੀਆਂ ਮਾਸੂਮ ਬੱਚੀਆਂ ਅਜਿਹੀ ਦਰਿੰਦਗੀ ਦਾ ਸ਼ਿਕਾਰ ਹੁੰਦੀਆਂ ਹਨ....ਪਰ ਬੀਤੇ ਦਿਨੀਂ ਵਾਪਰੀਆਂ ਕੁੱਝ ਘਟਨਾਵਾਂ ਨੇ ਪੂਰੇ ਦੇਸ਼ ਦਾ ਧਿਆਨ ਅਪਣੇ ਵੱਲ ਖਿੱਚਿਆ ਹੈ। ਕਠੂਆ ਵਿਚ ਆਸਿਫ਼ ਨਾਂਅ ਦੀ ਬੱਚੀ ਨਾਲ ਹੋਈ ਦਰਿੰਦਗੀ ਦੀ ਦੇਸ਼ ਹੀ ਨਹੀਂ ਸਗੋਂ ਵਿਸ਼ਵ ਭਰ ਵਿਚ ਨਿੰਦਾ ਕੀਤੀ ਜਾ ਰਹੀ ਹੈ..... ਜਿੱਥੇ ਇਨ੍ਹਾਂ ਘਟਨਾਵਾਂ ਨਾਲ ਆਮ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਸਿਆਸੀ ਪਾਰਟੀਆਂ ਇਨ੍ਹਾਂ ਘਟਨਾਵਾਂ 'ਤੇ ਅਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਲੱਗੀਆਂ ਹੋਈਆਂ ਹਨ। ਇੰਨਾ ਕੁੱਝ ਹੋਣ ਤੋਂ ਬਾਅਦ ਵੀ ਬਲਾਤਕਾਰੀਆਂ ਨੂੰ ਫ਼ਾਂਸੀ ਦੀ ਸਜ਼ਾ ਤੈਅ ਕਰਨ ਬਾਰੇ ਹਾਲੇ ਵਿਚਾਰਾਂ ਹੀ ਕੀਤੀਆਂ ਜਾ ਰਹੀਆਂ ਹਨ।
ਜੇਕਰ ਉਨਾਵ ਗੈਂਗਰੇਪ ਦੀ ਗੱਲ ਕਰੀਏ ਤਾਂ ਉਸ ਵਿਚ ਭਾਜਪਾ ਵਿਧਾਇਕ ਦਾ ਨਾਂਅ ਸਾਹਮਣੇ ਆਇਆ ਹੈ ਜੋ ਕਿ ਯੂਪੀ ਦੀ ਯੋਗੀ ਸਰਕਾਰ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ ਜੋ ਯੂਪੀ ਵਿਚੋਂ ਅਪਰਾਧ ਨੂੰ ਖ਼ਤਮ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ। ਇਸੇ ਤਰ੍ਹਾਂ ਕਠੂਆ ਗੈਂਗਰੇਪ ਵਿਚ ਵੀ ਵੱਡੇ ਪੱਧਰ 'ਤੇ ਕਥਿਤ ਤੌਰ 'ਤੇ ਰਾਜਨੀਤੀ ਖੇਡੇ ਜਾਣ ਦੀ ਸਾਹਮਣੇ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਭਾਜਪਾ ਦੇ ਦੋ ਵਿਧਾਇਕ ਪੀੜਤਾ ਦੇ ਪਰਿਵਾਰਕ ਮੈਂਬਰਾਂ ਦਾ ਪੱਖ ਪੂਰਨ ਦੀ ਬਜਾਏ ਮੁਲਜ਼ਮਾਂ ਦੇ ਪੱਖ ਵਿਚ ਜਾ ਖੜ੍ਹੇ ਹੋਏ.....ਪਰ ਜਦੋਂ ਵਿਰੋਧ ਹੋਇਆ ਤਾਂ ਭਾਜਪਾ ਨੇ ਦੋਵੇਂ ਵਿਧਾਇਕਾਂ ਨੂੰ ਅਹੁਦਿਓਂ ਲਾਂਭੇ ਕਰ ਦਿਤਾ।
ਕਹਿਣ ਤੋਂ ਭਾਵ ਹੈ ਕਿ ਮਾਸੂਮ ਬੱਚੀਆਂ ਦੇ ਰੇਪ 'ਤੇ ਵੀ ਵੱਡੇ ਪੱਧਰ 'ਤੇ ਸਿਆਸਤ ਖੇਡੀ ਜਾ ਰਹੀ ਹੈ....ਉਂਝ ਭਾਵੇਂ ਭਾਜਪਾ ਦੇਸ਼ ਵਿਚੋਂ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧ ਨੂੰ ਖ਼ਤਮ ਕਰ ਕੇ ਰਾਮਰਾਜ ਸਥਾਪਿਤ ਕਰਨ ਦੇ ਦਾਅਵੇ ਕਰਦੀ ਹੈ ਪਰ ਉਸ ਦੇ ਅਪਣੇ ਕੁੱਝ ਨੇਤਾ ਹੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਭਾਜਪਾ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿਤੀ ਹੈ। ਜੇਕਰ ਬਲਾਤਕਾਰ ਦੇ ਮਾਮਲਿਆਂ 'ਤੇ ਭਾਜਪਾ ਨੇ ਕੋਈ ਸਖ਼ਤ ਕਦਮ ਨਾ ਉਠਾਇਆ ਤਾਂ ਭਾਜਪਾ ਨੂੰ 2019 ਦਾ ਮਿਸ਼ਨ 'ਸਰ' ਕਰਨਾ ਔਖਾ ਹੋ ਜਾਵੇਗਾ।