
ਗੰਭੀਰ ਦੋਸ਼ਾਂ ਵਿਚ ਅਦਾਲਤ ਵਲੋਂ ਜੇਲ ਵਿਚ ਭੇਜੇ ਗਏ ਸੌਦਾ ਸਾਧ ਵਾਸਤੇ ਜੇਲ ਦੇ ਦਰਵਾਜ਼ੇ ਸਿਆਸਤਦਾਨ ਖੋਲ੍ਹ ਸਕਦੇ ਹਨ ਪਰ ਪ੍ਰੋ. ਭੁੱਲਰ ਵੇਲੇ ਸਰਕਾਰਾਂ ਘੇਸਲ ਵੱਟ ਲੈਂਦੀਆਂ
ਪੰਜਾਬ ਦੀਆਂ ਚੋਣਾਂ ਵਿਚ ਜਿਥੇ ਵਿਕਾਸ ਦੇ ਦਾਅਵੇ ਤੇ ਵਾਅਦਿਆਂ ਦੀਆਂ ਗੱਲਾਂ ਚਲ ਰਹੀਆਂ ਹਨ, ਇਕ ਧਿਰ ਪੰਜਾਬ ਨੂੰ ਅਸੁਰੱਖਿਅਤ ਵੀ ਦਸ ਰਹੀ ਹੈ। ਭਾਜਪਾ ਵਾਰ ਵਾਰ ਆਖਦੀ ਹੈ ਕਿ ਪੰਜਾਬ ਨੂੰ ਬਚਾਉਣ ਵਾਸਤੇ ਸਿਰਫ਼ ਭਾਜਪਾ ਹੀ ਕਾਰਗਰ ਪਾਰਟੀ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਸੁਰੱਖਿਅਤ ਰੱਖਣ ਵਾਸਤੇ 81 ਸਾਲ ਦੀ ਉਮਰ ਵਿਚ ਭਾਜਪਾ ਦੇ ਸਿਪਾਹੀ ਬਣ ਗਏ ਹਨ। ਇਸ ਪਾਰਟੀ ਨੂੰ ਇਮਰਾਨ ਖ਼ਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ ਤੋਂ ਖ਼ਤਰਾ ਜਾਪਦਾ ਹੈ ਪਰ ਇਹ ਭੁੱਲ ਜਾਂਦੇ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੇ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਿਚ ਇਕ ਵੱਡਾ ਰੋਲ ਨਿਭਾਇਆ ਸੀ।
ਨਵਾਜ਼ ਸ਼ਰੀਫ਼ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਜੱਫੀ ਦੋਹਾਂ ਦੇਸ਼ਾਂ ਵਿਚ ਰਿਸ਼ਤੇ ਨਾ ਸੁਧਾਰ ਸਕੀ। ਨਵਜੋਤ ਸਿੰਘ ਸਿੱਧੂ ਦੀ ਜੱਫੀ ਨੇ ਰਿਸ਼ਤੇ ਖ਼ਰਾਬ ਨਹੀਂ ਕੀਤੇ। ਰਿਸ਼ਤੇ ਖ਼ਰਾਬ ਹੋਣ ਵਿਚ ਭਾਰਤ ਤੇ ਪਾਕਿਸਤਾਨ ਦੀ ਖਹਿਬਾਜ਼ੀ ਹੀ ਵੱਡਾ ਕਾਰਨ ਹੈ। ਕਸ਼ਮੀਰ ਵਿਚ ਪਹਿਲਾਂ ਤੋਂ ਹੀ ਚਲ ਰਹੇ ਤਣਾਅ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹਰ ਗੱਲ ਤੇ ਆਪੇ ਹੀ ਵਧ ਸਕਦਾ ਹੈ। ਪੰਜਾਬ ਦੇ ਲੋਕਾਂ ਨੇ ਰਿਸ਼ਤੇ ਵਾਰ ਵਾਰ ਬਣਾਏ ਹਨ ਜਿਸ ਕਾਰਨ ਆਈ.ਐਸ.ਆਈ ਤੇ ਹੁਣ ਅਫ਼ਗ਼ਾਨਿਸਤਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਦੇ ਕਸ਼ਮੀਰ ਨਹੀਂ ਬਣ ਸਕਿਆ। ਪੰਜਾਬ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਖ਼ਤਰਾ ਅੱਜ ਨਹੀਂ ਸਗੋਂ ਵੰਡ ਦੇ ਵੇਲੇ ਤੋਂ ਹੀ ਹੈ ਪਰ ਇਹ ਵਾਰ ਵਾਰ ਸ਼ਾਂਤੀ ਵਲ ਵਾਪਸ ਮੁੜਿਆ ਤੇ ਇਹ ਸਰਹੱਦ ਕਦੇ ਦੇਸ਼ ਵਾਸਤੇ ਖ਼ਤਰਾ ਨਹੀਂ ਬਣੀ।
‘ਆਪ’ ਦੇ ਭਗਵੰਤ ਮਾਨ ਨੇ ਵੀ ਬਿਆਨ ਦਿਤਾ ਕਿ ਉਹ ਵਾਧੂ ਸੁਰੱਖਿਆ ਨਹੀਂ ਲੈਣਗੇ ਜਦ ਤਕ ਉਨ੍ਹਾਂ ਦੇ ਪੰਜਾਬ ਵਿਚ ਵਸਦੇ ਬਜ਼ੁਰਗ ਤੇ ਧਾਰਮਕ ਸਥਾਨ ਸੁਰੱਖਿਅਤ ਨਹੀਂ। ਇਹ ਵੀ ਇਕ ਭਾਵੁਕ ਟਿਪਣੀ ਹੈ ਜੋ ਤੱਥਾਂ ਤੇ ਆਧਾਰਤ ਨਹੀਂ। ਪੰਜਾਬ ਵਿਚ ਆਮ ਇਨਸਾਨ ਜਾਂ ਧਾਰਮਕ ਸਥਾਨਾਂ ਨੂੰ ਅਸੁਰੱਖਿਅਤ ਕਹਿਣ ਤੋਂ ਪਹਿਲਾਂ ਬਾਕੀ ਸੂਬਿਆਂ ਵਲ ਧਿਆਨ ਦੇਣਾ ਚਾਹੀਦਾ ਹੈ। ਦਿੱਲੀ ਵਿਚ ਹਾਲ ਵਿਚ ਹੀ ਇਕ ਸਿੱਖ ਬੱਚੀ ਦੇ ਧਰਮ ਦਾ ਵੀ ਅਪਮਾਨ ਕੀਤਾ ਗਿਆ ਅਤੇ ਉਸ ਦਾ ਬਲਾਤਕਾਰ ਵੀ ਹੋਇਆ। ਨਸ਼ੇ ਦਿੱਲੀ ਵਿਚ ਵੀ ਹਨ ਤੇ ਪੰਜਾਬ ਵਿਚ ਵੀ। ਅਪਰਾਧ ਪੰਜਾਬ ਵਿਚ ਵੀ ਹੁੰਦੇ ਹਨ ਤੇ ਬਾਕੀ ਰਾਜਾਂ ਵਿਚ ਵੀ। ਗੁਜਰਾਤ ਵਿਚ ਬੇਹਿਸਾਬ ਅਫ਼ੀਮ ਆਉਂਦੀ ਹੈ ਪਰ ਪੰਜਾਬ ਵਿਚ ਸਿਰਫ਼ ਕਿਲੋ ਦੇ ਹਿਸਾਬ ਨਾਲ ਅਫ਼ੀਮ ਆਉਂਦੀ ਹੈ।
ਪਿਛਲੀਆਂ ਚੋਣਾਂ ਵਿਚ ਨਸ਼ੇ ਦਾ ਮੁੱਦਾ ਸੱਭ ਪਾਰਟੀਆਂ ਨੇ ਚੁਕਿਆ ਤੇ ਮੁੱਦਾ ਸਹੀ ਵੀ ਸੀ ਕਿਉਂਕਿ ਦਿੱਲੀ ਜਾਂ ਮਹਾਰਾਸ਼ਟਰ ਵਿਚ ਨਸ਼ਾ ਚਲਦਾ ਹੈ। ਪੰਜਾਬੀਆਂ ਦਾ ਨਸ਼ੇ ਦੇ ਚਕਰਵਿਊ ਵਿਚ ਫਸਣਾ ਇਕ ਸਿਆਸੀ ਕਮਜ਼ੋਰੀ ਸੀ ਜਿਸ ਨਾਲ ਨਿਪਟਣਾ ਜ਼ਰੂਰੀ ਸੀ। ਇਥੇ ਭਾਵੇਂ ਮੁੱਖ ਮੰਤਰੀ ਕਮਜ਼ੋਰ ਪੈ ਗਏ, ਆਈਜੀ ਹਰਪ੍ਰੀਤ ਸਿੱਧੂ ਨੇ ਵਧੀਆ ਕੰਮ ਕੀਤਾ ਤੇ ਪੰਜਾਬ ਨੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਤੇ ਸਰਕਾਰੀ ਨਸ਼ਾਖੋਰੀ ਕੇਂਦਰ ਬਣਾਏ। ਨਸ਼ਈਆਂ ਨੂੰ ਰੋਜ਼ਗਾਰ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਮਾਜ ਦਾ ਹਿੱਸਾ ਬਣਾਉਣ ਦਾ ਯਤਨ ਕੀਤਾ ਗਿਆ। ਕਮਜ਼ੋਰੀ ਇਸ ਮੁਹਿੰਮ ਨੂੰ ਸਿਆਸੀ ਸਮਰਥਨ ਦੀ ਰਹੀ ਹੈ ਜੋ 111 ਦਿਨਾਂ ਵਿਚ 4.5 ਸਾਲ ਦਾ ਕੰਮ ਨਹੀਂ ਕਰ ਸਕਦੀ ਸੀ। ਪਰ ਅਸੀ ਪੰਜਾਬ ਦੀ ਸਿਫ਼ਤ ਨਹੀਂ ਕਰਦੇ ਕਿਉਂਕਿ ਉਸ ਸਿਆਸਤਦਾਨਾਂ ਨੂੰ ਜਚਦੀ ਨਹੀਂ। ਪਰ ਪੰਜਾਬ ਨੂੰ ਬਦਨਾਮ ਕਰਨ ਲਗਿਆਂ ਸਾਰੇ ਅੱਗੇ ਹੋ ਕੇ ਪੈ ਜਾਂਦੇ ਹਨ।
ਅੱਜ ਪੰਜਾਬ ਨੂੰ ਨਸ਼ੇ ਦਾ ਠੱਪਾ ਲੱਗਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਤੇ ਇਸ ਵਾਰ ਸਿਆਸਤਦਾਨਾਂ ਨੇ ਨਵਾਂ ਪ੍ਰਚਾਰ ਸ਼ੁਰੂ ਕਰ ਲਿਆ ਹੈ। ਪੰਜਾਬ ਵਿਚ ਬੇਅਦਬੀਆਂ ਬਾਰੇ ਮਿਲੀ ਜਾਣਕਾਰੀ ਸੌਦਾ ਸਾਧ ਨਾਲ ਜਾ ਜੁੜਦੀ ਹੈ ਤੇ ਪੰਜਾਬ ਦੀਆਂ ਚੋਣਾਂ ਮੌਕੇ ਉਸ ਨੂੰ 21 ਦਿਨ ਦੀ ਪੈਰੋਲ ਦਿਤੀ ਗਈ ਹੈ। ਇਕ ਪਾਸੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਹਨ ਜਿਨ੍ਹਾਂ ਅਪਣੀ ਸਜ਼ਾ ਕੱਟ ਲਈ, ਇਕੱਲੇ ਰਹਿਣ ਕਾਰਨ ਅਪਣਾ ਮਾਨਸਕ ਸੰਤੁਲਨ ਗਵਾ ਚੁਕੇ ਹਨ ਅਤੇ ਕਾਨੂੰਨੀ ਤੌਰ ’ਤੇ ਮਨੁੱਖੀ ਅਧਿਕਾਰਾਂ ਕਾਰਨ ਵੀ ਛੁੱਟੀ ਦੇ ਹੱਕਦਾਰ ਹਨ।
ਗੰਭੀਰ ਦੋਸ਼ਾਂ ਵਿਚ ਅਦਾਲਤ ਵਲੋਂ ਜੇਲ ਵਿਚ ਭੇਜੇ ਗਏ ਸੌਦਾ ਸਾਧ ਵਾਸਤੇ ਜੇਲ ਦੇ ਦਰਵਾਜ਼ੇ ਸਾਡੇ ਸਿਆਸਤਦਾਨ ਖੋਲ੍ਹ ਸਕਦੇ ਹਨ ਪਰ ਪ੍ਰੋ. ਭੁੱਲਰ ਵੇਲੇ ਸਰਕਾਰਾਂ ਘੇਸਲ ਵੱਟ ਲੈਂਦੀਆਂ ਹਨ। ਸੌਦਾ ਸਾਧ ਹੀ ਪੰਜਾਬ ਦੇ ਮਾਹੌਲ ਵਾਸਤੇ ਖ਼ਤਰਾ ਸਾਬਤ ਹੋ ਸਕਦਾ ਹੈ ਪਰ ਸਿਆਸਤਦਾਨ ਅਪਣੀ ਵੋਟ ਜ਼ਿਆਦਾ ਜ਼ਰੂਰੀ ਸਮਝਦੇ ਹਨ। ਭਾਜਪਾ ਜੇ ਸਚਮੁਚ ਪੰਜਾਬ ਵਾਸਤੇ ਚਿੰਤਿਤ ਹੁੰਦੀ ਤਾਂ ਸੌਦਾ ਸਾਧ ਚੋਣਾਂ ਤੋਂ ਬਾਅਦ ਹੀ ਬਾਹਰ ਆਉਂਦਾ। ਭਗਵੰਤ ਮਾਨ ਅਸਲ ਵਿਚ ਪੰਜਾਬ ਦੇ ਲੋਕਾਂ ਦਾ ਦਰਦ ਮਹਿਸੂਸ ਕਰਦੇ ਤਾਂ ਅਪਣੀ ਪਾਰਟੀ ਨੂੰ ਪ੍ਰੋ. ਭੁੱਲਰ ਦੀ ਰਿਹਾਈ ਵਾਸਤੇ ਆਖਦੇ। ਸਿਆਸਤਦਾਨ ਹਨ, ਵੋਟਾਂ ਵਾਸਤੇ ਮਜਬੂਰ ਹਨ ਪਰ ਯਾਦ ਰੱਖਣ ਕਿ ਇਹ ਧਰਤੀ ਉਨ੍ਹਾਂ ਦੀ ਅਸਲ ਮਾਂ ਹੈ। ਵੋਟਾਂ ਵਾਸਤੇ ਇਸ ਦਾ ਦੁਰਉਪਯੋਗ ਠੀਕ ਨਹੀਂ। -ਨਿਮਰਤ ਕੌਰ