
ਚੰਡੀਗੜ੍ਹ, 20 ਨਵੰਬਰ (ਬਠਲਾਣਾ) : ਡਾ. ਮਨਮੋਹਨ ਸਿੰਘ ਅਤੇ ਇੰਦਰ ਕੁਮਾਰ ਗੁਜਰਾਲ ਵਰਗੇ ਕਾਬਿਲ ਪ੍ਰਧਾਨ ਮੰਤਰੀ ਦੇਸ਼ ਨੂੰ ਦੇਣ ਵਾਲੀ ਪੰਜਾਬ ਯੂਨੀਵਰਸਟੀ ਬੁਰੀ ਤਰ੍ਹਾਂ ਵਿੱਤੀ ਸੰਕਟ ਵਿਚ ਘਿਰੀ ਲਗਦੀ ਹੈ। ਦੇਸ਼ ਦੀ ਵਿਰਾਸਤੀ ਦਰਜੇ ਵਾਲੀ ਇਸ ਯੂਨੀਵਰਸਟੀ ਨੇ ਦਰਜਨ ਤੋਂ ਉਪਰ ਅਜਿਹੇ ਸਿਆਸੀ ਨੇਤਾ ਦੇਸ਼ ਲਈ ਪੈਦਾ ਕੀਤੇ ਹਨ ਜੋ ਦੁਨੀਆਂ ਭਰ 'ਚ ਮਸ਼ਹੂਰ ਹਨ। ਇਸ ਵੇਲੇ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਜੀਵ ਪ੍ਰਤਾਪ ਰੂਡੀ ਕੇਂਦਰੀ ਵਜ਼ਾਰਤ ਵਿਚ ਸ਼ਾਮਲ ਹਨ। ਪਿਛਲੀਆਂ ਸਰਕਾਰਾਂ ਵਿਚ ਰਹੇ ਕੇਂਦਰੀ ਮੰਤਰੀ ਪਵਨ ਬਾਂਸਲ, ਕਪਿਲ ਸਿੱਬਲ, ਸੱਤਿਆਪਾਲ ਜੈਨ ਤੋਂ ਇਲਾਵਾ ਨੋਬਲ ਪੁਰਸਕਾਰ ਜੇਤੂ ਹਰਗੋਬਿੰਦ ਖੋਰਾਨਾ, ਫ਼ਿਲਮੀ ਅਦਾਕਾਰ ਅਨੁਪਮ ਖੇਰ, ਕਿਰਨ ਖੇਰ ਅਤੇ ਹੋਰ ਹਜ਼ਾਰਾਂ ਨਾਮਵਰ ਸ਼ਖ਼ਸੀਅਤਾਂ ਇਸ ਯੂਨੀਵਰਸਟੀ ਦੀ ਪੈਦਾਇਸ਼ ਹਨ। ਵਿਦਿਅਕ ਪੱਖੋਂ ਦੇਸ਼ ਨੂੰ ਅਮੀਰੀ ਦੇਣ ਵਾਲੀ ਇਹ ਯੂਨੀਵਰਸਟੀ ਅੱਜ-ਕਲ ਸਿਰਫ਼ ਅਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਬਾਕੀ ਦੇ ਪ੍ਰਾਜੈਕਟਾਂ ਲਈ ਯੂਨੀਵਰਸਟੀ ਕੋਲ ਪੈਸਾ ਹੀ ਨਹੀਂ। ਇਸ ਸੰਕਟ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਯੂਨੀਵਰਸਟੀ ਨੂੰ ਅਪਣੇ ਹਿੱਸੇ ਦੀ ਗਰਾਂਟ ਲੈਣ ਲਈ ਵੀ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਦਾਲਤ ਦੀ ਟਿੱਪਣੀ ਵੀ ਇਸ ਸੰਕਟ ਦਾ ਇਸ਼ਾਰਾ ਕਰਦੀ ਹੈ ਕਿ ਯੂਨੀਵਰਸਟੀ ਕਿਤੇ ਬੰਦ ਹੀ ਨਾ ਹੋ ਜਾਵੇ। ਖ਼ੁਦ ਵੀ.ਸੀ. ਪ੍ਰੋ. ਗਰੋਵਰ ਕਈ ਵਾਰ ਅਜਿਹਾ ਹੀ ਬਿਆਨ ਦੇ ਚੁਕੇ ਹਨ। ਅਲੂਮਨੀ ਨੂੰ ਅਪੀਲ : ਸੈਨੇਟ ਮੀਟਿੰਗਾਂ 'ਚ ਵਿੱਤੀ ਸੰਕਟ ਤੋਂ ਬਚਣ ਲਈ ਕਈ ਵਾਰ ਚਰਚਾ ਹੋਈ ਹੈ ਅਤੇ ਇਸ ਲਈ ਕੁੱਝ ਸੁਝਾਅ ਵੀ ਆਏ ਹਨ। ਕਈ ਮੈਂਬਰਾਂ ਨੇ ਟੀ.ਏ./ਡੀ.ਏ. ਬੰਦ ਕਰਨ ਤੋਂ ਲੈ ਕੇ ਪੇਪਰ ਚੈੱਕ ਕਰਨ ਦਾ ਕੰਮ ਬਿਨਾਂ ਪੈਸੇ ਤੋਂ ਕਰਨ ਬਾਰੇ ਸੁਝਾਅ ਦਿਤੇ ਹਨ। ਕੁੱਝ ਮੈਂਬਰਾਂ ਨੇ ਅਪਣੇ ਵਲੋਂ ਕੁੱਝ ਰਾਸ਼ੀ ਦਾਨ ਦੇਣ ਦਾ ਸੁਝਾਅ ਵੀ ਰਖਿਆ ਹੈ, ਜਿਵੇਂ ਪਵਨ ਬਾਂਸਲ ਉਨ੍ਹਾਂ 'ਚੋਂ ਇਕ ਹਨ। ਪੂਟਾ ਪ੍ਰਧਾਨ ਪ੍ਰੋ. ਰਜੇਸ਼ ਗਿੱਲ ਦਾ ਮੰਨਣਾ ਹੈ ਕਿ ਯੂਨੀਵਰਸਟੀ ਵਿਚ ਹੋ ਰਹੇ ਵਿੱਤੀ ਘੁਟਾਲੇ ਵੀ ਵਿੱਤੀ ਸੰਕਟ ਦਾ ਕਾਰਨ ਹਨ। ਫ਼ਜ਼ੂਲ ਖ਼ਰਚੀ ਰੋਕਣਾ ਇਕ ਤਰੀਕਾ ਹੋ ਸਕਦਾ ਹੈ। ਵਿਦੇਸ਼ਾਂ ਵਿਚ ਵੱਸੇ ਪੁਰਾਣੇ ਵਿਦਿਆਰਥੀਆਂ ਤੋਂ ਵੀ ਫ਼ੰਡ ਲੈਣ ਦੀ ਗੱਲ ਕਹੀ ਗਈ ਹੈ।
ਸੱਤਾ ਤਬਦੀਲੀ ਵੀ ਕਾਰਨ : ਯੂਨੀਵਰਸਟੀ ਦੇ ਸੈਨੇਟ ਮੈਂਬਰ ਸਮੇਤ ਵਿਦਿਅਕ ਹਲਕੇ ਇਹ ਵੀ ਮੰਨਦੇ ਹਨ ਕਿ ਕੇਂਦਰ 'ਚ ਸੱਤਾ ਤਬਦੀਲੀ ਕਾਰਨ ਵੀ ਵਿੱਤੀ ਸੰਕਟ ਗਹਿਰਾਇਆ ਹੈ। ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਯੂਨੀਵਰਸਟੀ ਲਈ ਕਾਫ਼ੀ ਪੈਸਾ ਆਇਆ ਹੈ, ਪੰਜਾਬ ਸਰਕਾਰ ਵੀ ਅਪਣੇ ਹਿੱਸੇ ਦੀ ਗਰਾਂਟ ਦੇਣ ਤੋਂ ਇਨਕਾਰੀ ਲਗਦੀ ਹੈ।
ਬਾਕੀ ਸਫ਼ਾ 4 'ਤੇਦੋ-ਦੋ ਪ੍ਰਧਾਨ ਮੰਤਰੀ ਸਮੇਤ ਦਰਜਨ ਭਰ ਦੇ ਅੱਵਲ ਸਿਆਸਤਦਾਨ ਪੈਦਾ ਕਰਨ ਵਾਲੀ ਯੂਨੀਵਰਸਟੀ ਖ਼ੁਦ ਵਿੱਤੀ ਸੰਕਟ 'ਚਨਵੇਂ ਸਿਰਿਉਂ ਪਹਿਲ : ਇਕ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਇਸ ਸੰਕਟ ਦੇ ਹੱਲ ਲਈ ਯੂਨੀਵਰਸਟੀ ਚਾਂਸਲਰ ਐਮ ਵੈਂਕਟ ਨਾਇਡੂ ਤਕ ਪਹੁੰਚ ਕੀਤੀ ਜਾ ਰਹੀ ਹੈ ਤਾਕਿ ਕੇਂਦਰ ਸਰਕਾਰ ਤੋਂ ਵਧੇਰੇ ਫ਼ੰਡ ਲਏ ਜਾਣ। ਕੌਣ-ਕੌਣ ਸਹਾਈ ਹੋ ਸਕਦੇ ਹਨ: ਭਾਜਪਾ ਨੇਤਾ ਜੋ ਇਸ ਵੇਲੇ ਸੈਨੇਟ ਦੇ ਮੈਂਬਰ ਹਨ, ਇਸ ਮਸਲੇ ਵਿਚ ਸਹਾਈ ਹੋ ਸਕਦੇ ਹਨ, ਜਿਵੇਂ ਕਿਰਨ ਖੇਰ, ਭਾਜਪਾ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ, ਸੱਤਿਆਪਾਲ ਜੈਨ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਯੂਨੀਵਰਸਟੀ ਸੈਨੇਟ ਦੇ ਮੈਂਬਰ ਹਨ, ਪੰਜਾਬ ਸਰਕਾਰ ਵਲੋਂ ਵਧੇਰੇ ਫ਼ੰਡ ਦੇ ਸਕਦੇ ਹਨ। ਦਿੱਲੀ 'ਚ ਹੋਈ ਉੱਚ ਪਧਰੀ ਮੀਟਿੰਗ : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਪਹਿਲ ਕਾਰਨ ਵਿੱਤੀ ਸੰਕਟ ਨੂੰ ਲੈ ਕੇ ਦਿੱਲੀ ਵਿਚ ਉੱਚ ਪਧਰੀ ਮੀਟਿੰਗ ਹੋਈ, ਜਿਸ ਵਿਚ ਖ਼ੁਦ ਰਾਜਪਾਲ, ਯੂਨੀਵਰਸਟੀ ਚਾਂਸਲਰ ਐਮ ਵੈਂਕਟ ਨਾਇਡੂ ਉਪ ਰਾਸ਼ਟਰਪਤੀ, ਵੀ.ਸੀ. ਪ੍ਰੋ. ਗਰੋਵਰ ਅਤੇ ਉਸਦਾ ਅਮਲਾ ਵੀ ਸ਼ਾਮਲ ਹੋਇਆ। ਚਾਂਸਲਰ ਨੇ ਪੰਜਾਬ ਯੂਨੀਵਰਸਟੀ ਨੂੰ ਕੌਮੀ ਪੱਧਰ ਦੀ ਮਹਾਨ ਸੰਸਥਾ ਦਸਦਿਆਂ ਅਪਣੇ ਦਫ਼ਤਰ ਵਲੋਂ ਹਰ ਮਦਦ ਦਾ ਭਰੋਸਾ ਦਿਤਾ। ਉਨ੍ਹਾਂ ਯੂਨੀਵਰਸਟੀ ਦੀ 67ਵੀਂ ਸਾਲਾਨਾ ਕਨਵੋਕੇਸ਼ਨ 'ਚ ਸ਼ਾਮਲ ਹੋਣ ਦਾ ਸੱਦਾ ਵੀ ਪ੍ਰਵਾਨ ਕਰ ਲਿਆ।