
ਚੰਡੀਗੜ੍ਹ੍ਹ, 11 ਨਵੰਬਰ (ਸਰਬਜੀਤ ਢਿਲੋਂ): ਸਰਦ ਰੁਤ ਦੀ ਆਮਦ ਨਾਲ ਸੁਖਨਾ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸੈਲਾਨੀਆਂ ਦੀ ਖਿੱਚ ਦੇ ਕੇਂਦਰ ਪ੍ਰਵਾਸੀ ਪੰਛੀਆਂ ਦੀਆਂ ਡਾਰਾਂ ਹਰ ਰੋਜ਼ ਹੁਣ ਸੁਖਨਾ ਝੀਲ ਦੇ ਆਲੇ-ਦੁਆਲੇ ਉਤਰਦੀਆਂ ਵੇਖੀਆਂ ਜਾ ਸਕਦੀਆਂ ਹੈ। ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰ ਕੇ ਪ੍ਰਵਾਸੀ ਪੰਛੀ ਵੱਡੀ ਤਾਦਾਦ ਵਿਚ ਸੁਖਨਾ ਝੀਲ 'ਤੇ ਹਰ ਸਾਲ ਸਰਦੀਆਂ ਸਮੇਂ ਆਉਂਦੇ ਹਨ ਅਤੇ ਗਰਮੀ ਦੇ ਸ਼ੁਰੂ ਹੋਣ ਨਾਲ ਹੀ ਵਾਪਸ ਅਪਣੇ ਟਿਕਾਣਿਆਂ 'ਤੇ ਪਰਤ ਜਾਂਦੇ ਹਨ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਪ੍ਰਵਾਸੀ ਪੰਛੀਆਂ ਨਾਲ ਬਰਡ ਫ਼ਲੂ ਬੀਮਾਰੀ ਦਾ ਨਾਂ ਵੀ ਜੁੜ ਗਿਆ ਹੈ। ਇਸ ਕਰ ਕੇ ਪ੍ਰਵਾਸੀ ਪੰਛੀਆਂ ਦੀ ਆਮਦ ਦੇ ਨਾਲ-ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਹੁਣ ਇਥੇ ਚੌਕਸੀ ਵਰਤਣੀ ਸ਼ੁਰੂ ਕਰ ਦਿਤੀ ਹੈ। ਪ੍ਰਸ਼ਾਸਨ ਦੇ ਪਸ਼ੂ ਅਤੇ ਮੱਛੀ ਪਾਲਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਵਲੋਂ ਪ੍ਰਵਾਸੀ ਪੰਛੀਆਂ ਦੇ ਖ਼ੂਨ ਦੇ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿਤੇ ਹਨ। ਇਕ ਅਧਿਕਾਰੀ ਨੇ ਦਸਿਆ ਕਿ ਹੁਣ ਤਕ 50 ਪੰਛੀਆਂ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ ਜਿਨ੍ਹਾਂ ਨੂੰ ਜਲੰਧਰ ਵਿਖੇ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਜਾਵੇਗਾ। ਜੇ ਜਾਂਚ ਦੌਰਾਨ ਕੋਈ ਵੀ ਨਮੂਨਾ ਸ਼ੱਕੀ ਨਿਕਲਿਆ ਤਾਂ ਇਸ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਦਸੰਬਰ 2014 ਵਿਚ ਸੁਖਨਾ ਝੀਲ 'ਤੇ ਆਏ ਪ੍ਰਵਾਸੀ ਪੰਛੀਆਂ ਕਾਰਨ ਬਰਡ ਫ਼ਲੂ ਦੀ ਬੀਮਾਰੀ ਫੈਲ ਗਈ ਸੀ, ਜਿਸ ਕਾਰਨ ਬਹੁਤ ਸਾਰੀਆਂ ਦੇਸੀ ਬਤਖ਼ਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਬਾਕੀ ਬਚੀਆਂ ਜਿੰਦਾ ਬਤਖ਼ਾਂ ਨੂੰ ਵੀ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਵਰਤਾਰੇ ਕਰ ਕੇ ਜਿਥੇ ਮੁਰਗੀ ਪਾਲਕਾਂ ਵਿਚ ਡਰ ਦੀ ਲਹਿਰ ਫੈਲ ਗਈ ਸੀ, ਉਸ ਦੇ ਨਾਲ-ਨਾਲ ਮਾਹੌਲ ਵੀ ਕਾਫ਼ੀ ਗਮਗੀਨ ਬਣ ਗਿਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਸੁਖਨਾ ਝੀਲ ਵਿਚ ਬਰਡ ਫ਼ਲੂ ਨੂੰ ਕਾਬੂ ਕਰਨ ਲਈ ਵੱਡੇ ਪੱਧਰ 'ਤੇ ਦਵਾਈਆਂ ਦੀ ਸਪਰੇਅ ਵੀ ਕੀਤੀ ਸੀ ਅਤੇ ਉਥੇ ਰੋਜ਼ਾਨਾ ਜਾਣ ਵਾਲੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਦੇ ਦਾਖ਼ਲੇ 'ਤੇ ਵੀ ਲਗਭਗ ਇਕ ਮਹੀਨੇ ਲਈ ਰੋਕ ਲਗਾ ਦਿਤੀ ਸੀ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਾਲੇ ਤਕ ਕੋਈ 50-60 ਕਰੀਬ ਪ੍ਰਵਾਸੀ ਪੰਛੀ, ਜਿਨ੍ਹਾਂ ਵਿਚ ਜ਼ਿਆਦਾ ਛੋਟੀਆਂ ਬਤਖ਼ਾਂ ਹਨ, ਸੁਖਨਾ ਝੀਲ ਦੀ ਰੌਣਕ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਪ੍ਰਵਾਸੀ ਪੰਛੀ ਚੰਡੀਗੜ੍ਹ ਦੇ ਖ਼ਾਸ ਮਹਿਮਾਨ ਹਨ, ਜਿਨ੍ਹਾਂ ਨੂੰ ਦੇਖਣ ਵਿਚ ਲੋਕ ਬਹੁਤ ਦਿਲਚਸਪੀ ਲੈਂਦੇ ਹਨ, ਇਸ ਲਈ ਪਸ਼ੂ ਪਾਲਣ ਵਿਭਾਗ ਇਨ੍ਹਾਂ ਦੀ ਦੇਖ-ਭਾਲ ਕਰਨ ਲਈ ਵਿਸ਼ੇਸ਼ ਕਦਮ ਚੁਕ ਰਿਹਾ ਹੈ। ਜ਼ਿਆਦਾਤਰ ਪ੍ਰਵਾਸੀ ਪੰਛੀ- ਸਾਈਬੇਰੀਆ, ਆਸਟਰੀਆ ਬਗੈਰਾ ਮੁਲਕਾਂ ਤੋਂ ਆਉਂਦੇ ਹਨ।