
ਬਾਲੀਵੁਡ ਅਦਾਕਾਰ ਅਨੁਪਮ ਖੇਰ ਨੇ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਫ਼ਿਲਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ.........
ਮੁੰਬਈ : ਬਾਲੀਵੁਡ ਅਦਾਕਾਰ ਅਨੁਪਮ ਖੇਰ ਨੇ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਫ਼ਿਲਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਨੂੰ ਹੁਣ ਤਕ ਦੀ ਅਪਣੀ ਸੱਭ ਤੋਂ ਸ਼ਾਨਦਾਰ ਭੂਮਿਕਾ ਦਸਦਿਆਂ ਕਿਹਾ ਕਿ ਅਸਲ ਅਤੇ ਨਕਲ ਵਿਚਾਲੇ ਮਾਮੂਲੀ ਫ਼ਰਕ ਹੁੰਦਾ ਹੈ। ਖੇਰ ਨੇ ਕਿਹਾ ਕਿ ਫ਼ਿਲਮ ਰੀਲੀਜ਼ ਹੋਣ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੇ ਲੋਕਾਂ ਦੇ ਦਿਲਾਂ ਵਿਚ ਅਪਣੇ ਲਈ ਜਗ੍ਹਾ ਬਣਾ ਲੈਣਗੇ। ਇਹ ਫ਼ਿਲਮ ਡਾ. ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ 2014 ਵਿਚ ਇਸੇ ਨਾਮ ਨਾਲ ਆਈ ਕਿਤਾਬ 'ਤੇ ਆਧਾਰਤ ਹੈ। ਫ਼ਿਲਮ ਰਾਜਨੀਤਕ ਵਿਵਾਦ ਵਿਚ ਫਸ ਗਈ ਹੈ।
ਭਾਜਪਾ ਨੇ ਟਵਿਟਰ 'ਤੇ ਫ਼ਿਲਮ ਦਾ ਟ੍ਰੇਲਰ ਸਾਂਝਾ ਕਰਦਿਆਂ ਕਿਹਾ ਕਿ ਇਕ ਪਰਵਾਰ ਨੇ 10 ਸਾਲ ਤਕ ਦੇਸ਼ ਨੂੰ ਜਿਸ ਤਰ੍ਹਾਂ ਬੰਧਕ ਬਣਾ ਕੇ ਰਖਿਆ, ਇਹ ਉਸ ਦੀ ਦਿਲਚਸਪ ਕਹਾਣੀ ਹੈ। ਕਾਂਗਰਸ ਨੇ ਕਿਹਾ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਇਹ ਭਾਜਪਾ ਦਾ ਪ੍ਰਾਪੇਗੰਡਾ ਹੈ। ਫ਼ਿਲਮ ਦੇ ਟ੍ਰੇਲਰ ਤੋਂ ਲਗਦਾ ਹੈ ਕਿ ਡਾ. ਮਨਮੋਹਨ ਸਿੰਘ ਨੂੰ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਦੇ ਪੀੜਤ ਵਜੋਂ ਵਿਖਾਇਆ ਗਿਆ ਹੈ
ਪਰ ਖੇਰ ਨੇ ਕਿਹਾ ਕਿ ਫ਼ਿਲਮਕਾਰਾਂ ਨੇ ਯੂਪੀਏ ਸਰਕਾਰ ਦੇ 10 ਸਾਲਾਂ ਨੂੰ ਬਹੁਤ ਪ੍ਰਮਾਣਿਕਤਾ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ, 'ਕਾਂਗਰਸ ਦੇ ਕੁੱਝ ਵਰਗ ਮੰਨਦੇ ਹਨ ਕਿ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਪਰ ਮੇਰਾ ਮੰਨਣਾ ਹੈ ਕਿ ਫ਼ਿਲਮ ਮਗਰੋਂ ਡਾ. ਮਨਮੋਹਨ ਸਿੰਘ ਭਾਰਤ ਦੇ ਹਰ ਘਰ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਗੇ।' (ਏਜੰਸੀ)