
ਵਾਲ-ਵਾਲ ਬਚੀ ਗਾਇਤਰੀ ਜੋਸ਼ੀ ਅਤੇ ਪਤੀ ਵਿਕਾਸ ਓਬਰਾਏ ਦੀ ਜਾਨ
ਮੁੰਬਈ: ਸ਼ਾਹਰੁਖ ਖਾਨ ਨਾਲ ਫ਼ਿਲਮ 'ਸਵਦੇਸ਼' 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਗਾਇਤਰੀ ਜੋਸ਼ੀ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਅਭਿਨੇਤਰੀ ਨੂੰ ਅਪਣੇ ਪਤੀ ਵਿਕਾਸ ਓਬਰਾਏ ਨਾਲ ਇਟਲੀ ਦੀ ਯਾਤਰਾ ਦੌਰਾਨ ਇਕ ਦਰਦਨਾਕ ਹਾਦਸੇ ਦਾ ਸਾਹਮਣਾ ਕਰਨਾ ਪਿਆ। ਗਾਇਤਰੀ ਦੀ ਕਾਰ ਹੋਰ ਵਾਹਨਾਂ ਅਤੇ ਇਕ ਕੈਂਪਰ ਵੈਨ ਨਾਲ ਟਕਰਾ ਗਈ।
ਰਿਪੋਰਟਾਂ ਦੇ ਅਨੁਸਾਰ, ਇਹ ਟੱਕਰ ਉਦੋਂ ਹੋਈ ਜਦੋਂ ਲੈਂਬੋਰਗਿਨੀ ਅਤੇ ਫੇਰਾਰੀ ਸਮੇਤ ਕਈ ਵਾਹਨਾਂ ਨੇ ਇਕੋ ਸਮੇਂ ਕੈਂਪਰ ਵੈਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਕ ਕਾਰ ਸਾਰਡੀਨੀਆ ਵਿਚ ਇਕ ਪੇਂਡੂ ਸੜਕ 'ਤੇ ਪਲਟ ਗਈ।
ਰਿਪੋਰਟਾਂ ਅਨੁਸਾਰ ਫਰਾਰੀ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਅੰਦਰ ਬੈਠੇ ਜੋੜੇ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸਵਿਟਜ਼ਰਲੈਂਡ ਦੇ 63 ਸਾਲਾ ਮੇਲਿਸਾ ਕ੍ਰੌਟਲੀ ਅਤੇ 67 ਸਾਲਾ ਮਾਰਕਸ ਕ੍ਰੌਟਲੀ ਵਜੋਂ ਹੋਈ ਹੈ। ਗਾਇਤਰੀ ਨੇ ਖੁਦ ਇਸ ਕਾਰ ਹਾਦਸੇ ਬਾਰੇ ਇਕ ਮੀਡੀਆ ਚੈਨਲ ਨੂੰ ਦਸਿਆ ਸੀ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਬਿਲਕੁਲ ਠੀਕ ਹਨ।
ਦੱਸ ਦੇਈਏ ਕਿ 'ਸਵਦੇਸ਼' ਤੋਂ ਬਾਅਦ ਗਾਇਤਰੀ ਨੇ ਅਦਾਕਾਰੀ ਤੋਂ ਦੂਰ ਹੋ ਕੇ ਅਪਣੀ ਨਿੱਜੀ ਜ਼ਿੰਦਗੀ 'ਤੇ ਧਿਆਨ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਵਿਆਹ ਵਿਕਾਸ ਓਬਰਾਏ, ਓਬਰਾਏ ਕੰਸਟਰਕਸ਼ਨ ਦੇ ਪ੍ਰਬੰਧ ਨਿਰਦੇਸ਼ਕ ਨਾਲ ਹੋਇਆ ਹੈ।