
ਥੱਕ ਹਾਰ ਕੇ ਪਰਤੀਆਂ ਆਪੋ-ਅਪਣੇ ਘਰ
ਚੇਨਈ: ਤਾਮਿਲਨਾਡੂ ਦੇ ਕਰੂਰ ਜ਼ਿਲ੍ਹੇ ਦੇ ਇਕ ਪਿੰਡ ਦੀਆਂ ਤਿੰਨ ਸਕੂਲੀ ਵਿਦਿਆਰਥਣਾਂ ਨੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਕਿ ਸੰਗੀਤ ਅਤੇ ਡਾਂਸ ਦਾ ਜਨੂੰਨ ਉਨ੍ਹਾਂ ਨੂੰ ਇਕ ਦਿਨ ਘੱਟ ਪੈਸੇ ਅਤੇ ਬਗ਼ੈਰ ਪਾਸਪੋਰਟ ਤੋਂ ਦੂਜੇ ਦੇਸ਼ ਜਾਣ ਲਈ ਮਜਬੂਰ ਕਰ ਦੇਵੇਗਾ।
ਮੋਬਾਈਲ ਫ਼ੋਨ ’ਤੇ ਪ੍ਰਸਿੱਧ ਕੋਰੀਆਈ ਪੌਪ ਬੈਂਡ BTS ਦੇ ਗਾਣੇ ਸੁਣ-ਸੁਣ ਕੇ ਤਿੰਨ ਵਿਦਿਆਰਥਣਾਂ ਏਨੀਆਂ ਸ਼ੁਦਾਈ ਹੋ ਗਈਆਂ ਕਿ ਅਪਣੇ ਪਿਆਰੇ ਸਿਤਾਰਿਆਂ ਨੂੰ ਮਿਲਣ ਲਈ ਘਰੋਂ ਭੱਜ ਕੇ ਦਖਣੀ ਕੋਰੀਆ ਦੀ ਰਾਜਧਾਨੀ ਸਿਓਲ ਜਾਣ ਦਾ ਫੈਸਲਾ ਕਰ ਲਿਆ। ਇਹੀ ਨਹੀਂ ਇਨ੍ਹਾਂ ਨੇ ਦਖਣੀ ਕੋਰੀਆ ਜਾਣ ਲਈ 14 ਹਜ਼ਾਰ ਰੁਪਏ ਵੀ ਜਮ੍ਹਾਂ ਕਰ ਲਏ ਸਨ। ਇਹ ਸਾਰੀਆਂ ਸਰਕਾਰੀ ਸਕੂਲ ਦੀਆਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ 13 ਸਾਲ ਦੀਆਂ ਹਨ।
ਬਾਲ ਭਲਾਈ ਕਮੇਟੀ ਦੇ ਇਕ ਅਧਿਕਾਰੀ ਨੇ ਦਸਿਆ ਕਿ 4 ਜਨਵਰੀ ਨੂੰ ਕੁੜੀਆਂ ਚੁਪਚਾਪ ਘਰੋਂ ਚਲੀ ਗਈਆਂ। ਜਦੋਂ ਕੁੜੀਆਂ ਘਰ ਨਹੀਂ ਪਰਤੀਆਂ ਤਾਂ ਉਨ੍ਹਾਂ ਦੇ ਮਾਪਿਆਂ ਨੇ ਕਰੂਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਨੇ ਪੂਰੇ ਸੂਬੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਭਾਲ ਸ਼ੁਰੂ ਕੀਤੀ ਗਈ।
ਇੰਜ ਬਣਾਈ ਯੋਜਨਾ
ਹਾਲਾਂਕਿ ਕੁੜੀਆਂ ਕੋਲ ਸਿਰ਼ਫ 14,000 ਰੁਪਏ ਸਨ, ਪਰ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਅਜੇ ਵੀ ਦਖਣੀ ਕੋਰੀਆ ਜਾ ਸਕਦੀਆਂ ਹਨ। ਕਾਫੀ ਜੱਦੋਜਹਿਦ ਤੋਂ ਬਾਅਦ ਵੀਰਵਾਰ ਰਾਤ ਨੂੰ ਉਨ੍ਹਾਂ ਨੂੰ ਚੇਨਈ ਦੇ ਇਕ ਹੋਟਲ ’ਚ ਕਮਰਾ ਮਿਲਿਆ ਅਤੇ ਉਨ੍ਹਾਂ ਨੇ ਸੋਚਿਆ ਕਿ ਅਗਲੇ ਦਿਨ ਉਹ ਬਗ਼ੈਰ ਪਾਸਪੋਰਟ ਤੋਂ ਸਮੁੰਦਰੀ ਜਹਾਜ਼ ਰਾਹੀਂ ਸਿਓਲ ਜਾ ਸਕਦੀਆਂ ਹਨ। ਪਰ ਸ਼ੁਕਰਵਾਰ ਨੂੰ ਇੱਧਰ-ਉੱਧਰ ਭਟਕਦੀਆਂ ਰਹੀਆਂ ਅਤੇ ਉਨ੍ਹਾਂ ਦੀ ਯੋਜਨਾ ਕਾਮਯਾਬ ਨਾ ਹੋ ਸਕੀ। ਥੱਕ-ਟੁੱਟ ਜਾਣ ਕਾਰਨ ਉਨ੍ਹਾਂ ਦੀ ਸਾਰੀ ਊਰਜਾ ਖਤਮ ਹੋ ਗਈ। ਕੋਈ ਬਦਲ ਨਾ ਹੋਣ ਕਾਰਨ, ਉਹ ਘਰ ਪਰਤਣ ਲਈ ਚੇਨਈ ’ਚ ਇਕ ਰੇਲ ਗੱਡੀ ’ਚ ਸਵਾਰ ਹੋ ਗਈਆਂ। ਵੇਲੋਰ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਮੁਖੀ ਪੀ. ਵੇਦਨਾਯਾਗਮ ਨੇ ਕਿਹਾ, ‘‘ਕਟਪਾਡੀ ਰੇਲਵੇ ਸਟੇਸ਼ਨ ’ਤੇ ਜਦੋਂ ਉਹ ਅੱਧੀ ਰਾਤ ਨੂੰ ਖਾਣਾ ਖਰੀਦਣ ਲਈ ਉਤਰੀਆਂ ਤਾਂ ਉਨ੍ਹਾਂ ਦੀ ਰੇਲ ਗੱਡੀ ਵੀ ਨਿਕਲ ਗਈ। ਪੁਲਿਸ ਮੁਲਾਜ਼ਮਾਂ ਨੇ ਬੱਚਿਆਂ ਅਤੇ ਚਾਈਲਡਲਾਈਨ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਸਾਨੂੰ ਸੂਚਿਤ ਕੀਤਾ ਗਿਆ।’’
ਉਨ੍ਹਾਂ ਨੂੰ ਵੇਲੋਰ ਜ਼ਿਲ੍ਹੇ ਦੇ ਇਕ ਸਰਕਾਰੀ ਕੇਂਦਰ ’ਚ ਰੱਖਿਆ ਗਿਆ ਸੀ, ਉਨ੍ਹਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸਲਾਹ-ਮਸ਼ਵਰਾ ਸੈਸ਼ਨ ਕੀਤੇ ਗਏ ਸਨ। ਵੇਦਨਾਇਗਮ ਨੇ ਕਿਹਾ, ‘‘ਸਾਨੂੰ ਪਤਾ ਲਗਿਆ ਕਿ ਕੁੜੀਆਂ ਕੋਲ BTS ਬੈਂਡ ਅਤੇ ਸਿਤਾਰਿਆਂ ਬਾਰੇ ਬਾਰੀਕ ਤੋਂ ਬਾਰੀਕ ਜਾਣਕਾਰੀ ਸੀ, ਉਨ੍ਹਾਂ ਦੇ ਕਪੜੇ ਪਹਿਨਣ ਦੇ ਤਰੀਕੇ ਅਤੇ ਹੋਰ ਬਹੁਤ ਕੁੱਝ। ਉਨ੍ਹਾਂ ਨੇ ਪੌਪ ਬੈਂਡ ਨੇ ਸਿਤਾਰਿਆਂ ਵਲੋਂ ਵਰਤੀਆਂ ਜਾਂਦੀਆਂ ਜੁੱਤੀਆਂ ਵਰਗੀਆਂ ਜੁੱਤੀਆਂ ਵੀ ਖ਼ਰੀਦੀਆਂ ਸਨ।’’
ਸਮਾਰਟਫ਼ੋਨ ’ਤੇ ਸੰਗੀਤ ਸੁਣ ਕੇ ਪੈਦਾ ਹੋਈ ਸੀ ਦਿਲਚਸਪੀ
ਉਹ BTS ਬੈਂਡ ਦੀਆਂ ਦੀਵਾਨੀਆਂ ਹਨ ਅਤੇ ਸਮਾਰਟਫੋਨ ਦੀ ਵਰਤੋਂ ਨੇ ਬੈਂਡ ਲਈ ਉਨ੍ਹਾਂ ਦਾ ਜਨੂੰਨ ਪੈਦਾ ਕੀਤਾ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਬੱਚਿਆਂ ਨੂੰ ਸਿਰਫ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਤ ਕੀਤਾ, ਜਿਸ ਨਾਲ ਉਨ੍ਹਾਂ ਨੂੰ ਅਪਣੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ, ‘‘ਅਸੀਂ ਬੱਚਿਆਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਮੁੱਲ ਬਾਰੇ ਸਿਖਾਇਆ ਅਤੇ ਮਾਪਿਆਂ ਨੂੰ ਸਲਾਹ ਦਿਤੀ ਕਿ ਉਹ ਇਸ ਗੱਲ ’ਤੇ ਨਜ਼ਰ ਰੱਖਣ ਕਿ ਉਨ੍ਹਾਂ ਦੇ ਬੱਚੇ ਕੀ ਕਰਦੇ ਹਨ।’’
ਅਧਿਕਾਰੀ ਨੇ ਕਿਹਾ, ‘‘ਬੱਚਿਆਂ ਦੇ ਪਰਵਾਰਕ ਪਿਛੋਕੜ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਕ ਕੁੜੀ ਅਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। ਇਕ ਹੋਰ ਕੁੜੀ ਦਾ ਪਿਤਾ ਮਾਨਸਿਕ ਤੌਰ ’ਤੇ ਕਮਜ਼ੋਰ ਹੈ। ਕੁੜੀਆਂ ਦੀਆਂ ਮਾਵਾਂ ਖੇਤਾਂ ’ਚ ਕੰਮ ਕਰਦੀਆਂ ਹਨ।’’ ਅਧਿਕਾਰੀਆਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਅਪਣੇ ਬੱਚਿਆਂ ਦੀ ਦੇਖਭਾਲ ਲਈ ਉਚਿਤ ਪ੍ਰਬੰਧ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਮਿਲੇ। ਕਾਊਂਸਲਿੰਗ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਸਮੇਤ ਉਨ੍ਹਾਂ ਦੇ ਘਰ ਭੇਜ ਦਿਤਾ ਗਿਆ। ਉਹ 6 ਜਨਵਰੀ ਨੂੰ ਘਰ ਲਈ ਚਲੇ ਗਏ ਸਨ।