
UAE 'ਚ ਕੀਤਾ ਗਿਆ ਸਨਮਾਨਿਤ
ਦੁਬਈ: ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਯੂਏਈ 'ਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕਿੰਗ ਖਾਨ ਨੂੰ ਇਹ ਪੁਰਸਕਾਰ ਸਿਨੇਮਾ ਵਿਚ ਉਹਨਾਂ ਦੇ ਯੋਗਦਾਨ ਅਤੇ ਇਕ ਗਲੋਬਲ ਆਈਕਨ ਵਜੋਂ ਦਿੱਤਾ ਗਿਆ ਹੈ।
ਦਰਅਸਲ 11 ਨਵੰਬਰ ਨੂੰ ਸ਼ਾਹਰੁਖ ਨੇ ਯੂਏਈ ਦੇ ਐਕਸਪੋ ਸੈਂਟਰ ਵਿਚ ਸ਼ਿਰਕਤ ਕੀਤੀ, ਜਿੱਥੇ ਉਹਨਾਂ ਨੂੰ ਸ਼ਾਰਜਾਹ ਇੰਟਰਨੈਸ਼ਨਲ ਬੁੱਕ ਫੇਅਰ 2022 ਦੇ 41ਵੇਂ ਐਡੀਸ਼ਨ ਵਿਚ ਹਿੱਸਾ ਲੈਣ ਲਈ ਗਲੋਬਲ ਆਈਕਨ ਆਫ ਸਿਨੇਮਾ ਐਂਡ ਕਲਚਰਲ ਨੈਰੇਟਿਵ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਈਵੈਂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹਨ।
ਇਸ ਮੌਕੇ ਆਪਣੇ ਭਾਸ਼ਣ 'ਚ ਸ਼ਾਹਰੁਖ ਨੇ ਕਿਹਾ, 'ਅਸੀਂ ਜਿੱਥੇ ਵੀ ਰਹਿੰਦੇ ਹਾਂ, ਅਸੀਂ ਕਿਸ ਰੰਗ ਦੇ ਹਾਂ। ਅਸੀਂ ਕਿਸ ਧਰਮ ਨਾਲ ਸਬੰਧਤ ਹਾਂ ਜਾਂ ਅਸੀਂ ਕਿਸ ਗੀਤ 'ਤੇ ਨੱਚਦੇ ਹਾਂ। ਹਰ ਸੰਸਕ੍ਰਿਤੀ ਵਿਚ ਪਿਆਰ, ਸ਼ਾਂਤੀ ਅਤੇ ਹਮਦਰਦੀ ਹੁੰਦੀ ਹੈ’।
ਸ਼ਾਹਰੁਖ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਪ੍ਰਾਪਤੀ 'ਤੇ ਮੇਰੇ ਮਾਤਾ-ਪਿਤਾ ਬਹੁਤ ਖੁਸ਼ ਹੁੰਦੇ। ਜੇ ਮੈਂ ਇਸ ਨੂੰ ਸੱਚਮੁੱਚ ਇਕ ਪ੍ਰਾਪਤੀ ਕਹਾਂ, ਤਾਂ ਮੈਂ ਸੋਚਦਾ ਹਾਂ ਕਿ ਇਹ ਉਹ ਚੀਜ਼ਾਂ ਹਨ ਜੋ ਸਾਨੂੰ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਹਨ ਅਤੇ ਜਿਉਣੀਆਂ ਚਾਹੀਦੀਆਂ ਹਨ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਮਾਣ ਹੁੰਦਾ, ਜਿਸ ਤਰ੍ਹਾਂ ਅਸੀਂ ਆਪਣੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਮੇਰੇ ਮਾਤਾ-ਪਿਤਾ ਇਹ ਦੇਖ ਕੇ ਬਹੁਤ ਖੁਸ਼ ਹੁੰਦੇ’।