
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਬਾਕਸ ਆਫਿਸ ‘ਤੇ ਧਮਾਕੇਦਾਰ ਕਮਾਈ ਹਾਲੇ ਵੀ ਜਾਰੀ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਬਾਕਸ ਆਫਿਸ ‘ਤੇ ਧਮਾਕੇਦਾਰ ਕਮਾਈ ਹਾਲੇ ਵੀ ਜਾਰੀ ਹੈ। ‘ਭਾਰਤ’ ਦੀ ਇਸ ਵੱਡੀ ਸਫ਼ਲਤਾ ਨੂੰ ਲੈ ਕੇ ਸਲਮਾਨ ਖ਼ਾਨ ਕਾਫ਼ੀ ਖੁਸ਼ ਹਨ। ਡਾਇਰੈਕਟਰ ਅਲੀ ਅੱਬਾਸ ਵੱਲੋਂ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਭਾਰਤ’ ਦੀ ਕਾਮਯਾਬੀ ਤੋਂ ਬਾਅਦ ਸਲਮਾਨ ਖ਼ਾਨ ਨੇ ਬੇਹੱਦ ਹੀ ਖ਼ਾਸ ਸਕਰੀਨਿੰਗ ਰੱਖੀ ਸੀ। ਜਿਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਦੇ ਜ਼ਰੀਏ ਦਿੱਤੀ।
ਸਲਮਾਨ ਖ਼ਾਨ ਨੇ ਇਹ ਸਕਰੀਨਿੰਗ ਉਹਨਾਂ ਖ਼ਾਸ ਲੋਕਾਂ ਲਈ ਰੱਖੀ, ਜਿਨ੍ਹਾਂ ਨੇ ਦੇਸ਼ ਦੀ ਵੰਡ ਦੇਖੀ ਹੈ। ਸਲਮਾਨ ਖ਼ਾਨ ਨੇ ਇਕ ਫੋਟੋ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਫ਼ਿਲਮ ‘ਭਾਰਤ’ ਦੀ ਉਹਨਾਂ ਪਰਿਵਾਰਾਂ ਲਈ ਖ਼ਾਸ ਸਕਰੀਨਿੰਗ, ਜਿਨ੍ਹਾਂ ਨੇ ਅਸਲ ਵਿਚ 1947 ਦੀ ਵੰਡ ਨੂੰ ਦੇਖਿਆ ਹੈ। ਇਹਨਾਂ ਸਾਰਿਆਂ ਨੂੰ ਮਿਲ ਕੇ ਮਾਣ ਮਹਿਸੂਸ ਹੋ ਰਿਹਾ ਹੈ। ਅਸਲੀ ‘ਭਾਰਤ’ ਪਰਿਵਾਰਾਂ ਨੂੰ ਸਲਾਮ’। ਸਲਮਾਨ ਖ਼ਾਨ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਇਹ ਫ਼ਿਲਮ 200 ਕਰੋੜ ਦੇ ਅੰਕੜੇ ਨੇੜੇ ਪਹੁੰਚ ਚੁਕੀ ਹੈ।