
ਸਵਾਮੀ ਰਾਮਦੇਵ ਨੇ ਦੀਪਿਕਾ ਪਾਦੂਕੋਣ ਬਾਰੇ ਕਿਹਾ ਕਿ ਉਹਨਾਂ ਨੂੰ ਹਾਲੇ ਸਮਾਜਿਕ, ਸਭਿਆਚਾਰਕ ਅਤੇ ਸਿਆਸੀ ਸਮਝ ਵਧਾਉਣ ਦੀ ਲੋੜ ਹੈ।
ਨਵੀਂ ਦਿੱਲੀ: ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ‘ਤੇ ਹੋਈ ਹਿੰਸਾ ਖਿਲਾਫ ਵਿਰੋਧ ਜਤਾਇਆ ਸੀ। ਅਪਣੀ ਫਿਲਮ ਛਪਾਕ ਦੀ ਰੀਲੀਜ਼ ਤੋਂ ਪਹਿਲਾਂ ਦੀਪਿਕਾ ਨੇ ਨਹਿਰੂ ਯੂਨੀਵਰਸਿਟੀ ਜਾ ਕੇ ਵਿਦਿਆਰਥੀਆਂ ਨੂੰ ਸਮਰਥਨ ਦਿੱਤਾ ਸੀ। ਉਹ ਯੂਨੀਵਰਸਿਟੀ ਵਿਚ 10 ਮਿੰਟ ਤੱਕ ਰੁਕੀ ਸੀ।
Photo
ਦੀਪਿਕਾ ਦੇ ਜੇਐਨਯੂ ਜਾਣ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਤਾਂ ਕਈਆਂ ਨੇ ਅਦਾਕਾਰਾ ਦੀ ਹਿੰਮਤ ਦੀ ਸ਼ਲਾਘਾ ਕੀਤੀ। ਹੁਣ ਯੋਗ ਗੁਰੂ ਰਾਮਦੇਵ ਨੇ ਦੀਪਿਕਾ ਦੇ ਨਹਿਰੂ ਯੂਨੀਵਰਸਿਟੀ ਜਾਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇੰਦੋਰ ਵਿਚ ਪ੍ਰੈੱਸ ਕਾਨਫਰੰਸ ਵਿਚ ਸਵਾਮੀ ਰਾਮਦੇਵ ਨੇ ਦੀਪਿਕਾ ਪਾਦੂਕੋਣ ਬਾਰੇ ਕਿਹਾ ਕਿ ਉਹਨਾਂ ਨੂੰ ਹਾਲੇ ਸਮਾਜਿਕ, ਸਭਿਆਚਾਰਕ ਅਤੇ ਸਿਆਸੀ ਸਮਝ ਵਧਾਉਣ ਦੀ ਲੋੜ ਹੈ।
Photo
ਉਹਨਾਂ ਇਹ ਵੀ ਕਿਹਾ ਕਿ ਦੀਪਿਕਾ ਨੂੰ ਉਹਨਾਂ ਵਰਗਾ ਸਮਝਦਾਰ ਸਲਾਹਕਾਰ ਚਾਹੀਦਾ ਹੈ। ਰਾਮਦੇਵ ਨੇ ਕਿਹਾ, ‘ਦੀਪਿਕਾ ਪਾਦੁਕੋਣ ਅਦਾਕਾਰੀ ਵਿਚ ਕੁਸ਼ਲ ਹੈ। ਪਰ ਸਮਾਜਕ, ਸਿਆਸੀ ਨਜ਼ਰੀਏ ਨਾਲ ਉਸ ਨੂੰ ਕਾਫੀ ਸਮਝਣਾ ਹੋਵੇਗਾ। ਦੀਪਿਕਾ ਨੂੰ ਦੇਸ਼ ਬਾਰੇ ਪੜ੍ਹਨਾ ਹੋਵੇਗਾ। ਇਹ ਸਭ ਸਮਝਣ ਤੋਂ ਬਾਅਦ ਹੀ ਅਦਾਕਾਰ ਨੂੰ ਵੱਡੇ ਫੈਸਲੇ ਲੈਣੇ ਚਾਹੀਦੇ ਹਨ। ਦੀਪਿਕਾ ਕੋਲ ਮੇਰੇ ਜਿਹਾ ਸਲਾਹਕਾਰ ਹੋਣਾ ਚਾਹੀਦਾ ਹੈ’।
Photo
ਦੱਸ ਦਈਏ ਕਿ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਵਿਰੋਧ ਅਤੇ ਵਿਵਾਦਾਂ ਦੇ ਵਿਚ ਰੀਲੀਜ਼ ਹੋ ਗਈ ਹੈ। ਉੱਥੇ ਹੀ ਦੀਪਿਕਾ ਦੇ ਸਮਰਥਨ ਵਿਚ ਲੋਕਾਂ ਦੇ ਬਿਆਨ ਲਗਾਤਾਰ ਜਾਰੀ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਵੀ ਦੀਪਿਕਾ ਸਮਰਥਨ ਵਿਚ ਬਿਆਨ ਦਿੱਤਾ ਸੀ।
Photo
ਸਾਬਕਾ ਗਵਰਨਰ ਨੇ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਖਿਲਾਫ ਅਦਾਕਾਰਾ ਦਾ ਖੜ੍ਹਾ ਹੋਣਾ ਇਹ ਦਿਖਾਉਂਦਾ ਹੈ ਕਿ ਕੁਝ ਲੋਕਾਂ ਲਈ ਸੱਚਾਈ, ਸੁਤੰਤਰਤਾ ਅਤੇ ਇਨਸਾਫ ਸਿਰਫ ਸ਼ਬਦ ਹੀ ਨਹੀਂ ਬਲਕਿ ਅਜਿਹੇ ਆਦਰਸ਼ ਹਨ ਜਿਨ੍ਹਾਂ ਲਈ ਬਲੀਦਾਨ ਦਿੱਤਾ ਜਾ ਸਕਦਾ ਹੈ।
Photo
ਜ਼ਿਕਰਯੋਗ ਹੈ ਕਿ ਪੰਜ ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਤੋਂ ਬਾਅਦ ਅਦਾਕਾਰਾ ਦੀਪਿਕਾ ਪਾਦੂਕੋਣ ਮੰਗਲਵਾਰ ਨੂੰ ਵਿਦਿਆਰਥੀਆਂ ਨੂੰ ਮਿਲਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪਹੁੰਚੀ ਸੀ। ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਫਿਲਮ ਦਾ ਵਿਰੋਧ ਹੋ ਰਿਹਾ ਹੈ। ਹਾਲਾਂਕਿ ਫਿਲਮ ਛਪਾਕ ਪਰਦੇ ‘ਤੇ ਰੀਲੀਜ਼ ਹੋ ਗਈ ਹੈ।