
4 ਫ਼ਿਲਮਾਂ ਦੇ ਦਮ ’ਤੇ ਬੀਤੇ ਵੀਕਐਂਡ ਦੌਰਾਨ ਫ਼ਿਲਮ ਉਦਯੋਗ ਨੂੰ 110 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਕਮਾਈ ਹੋਈ
ਮੁੰਬਈ: ਜਦੋਂ ਚਾਰ ਚਿਰਉਡੀਕਵੀਂਆਂ ਫ਼ਿਲਮਾਂ - ਗਦਰ-2, ਓ.ਐਮ.ਜੀ.-2, ਜੇਲਰ ਅਤੇ ਭੋਲਾ ਸ਼ੰਕਰ- ਇਕੱਠੀਆਂ ਰਿਲੀਜ਼ ਹੋਈਆਂ ਤਾਂ ਫ਼ਿਲਮ ਉਦਯੋਗ ਨੂੰ ਬਹੁਤ ਫ਼ਿਕਰ ਸੀ, ਪਰ ਸੋਮਵਾਰ ਨੂੰ ਇਹ ਫ਼ਿਕਰ ਬੇਬੁਨਿਆਦ ਹੋ ਗਿਆ ਜਦੋਂ ਚਾਰੇ ਫ਼ਿਲਮਾਂ ਨੇ ਬਾਕਸ ਆਫ਼ਿਸ ਨੂੰ ਬਹਾਰ ਲਾ ਦਿਤੀ। ਇਨ੍ਹਾਂ ਚਾਰੇ ਫ਼ਿਲਮਾਂ ਦੀ ਬਦੌਲਤ 11-13 ਅਗੱਸਤ ਦਾ ਵੀਕਐਂਡ (ਸ਼ੁਕਰਵਾਰ ਤੋਂ ਐਤਵਾਰ ਤਕ ਦੇ ਦਿਨ) ਫ਼ਿਲਮ ਉਦਯੋਗ ਦੇ 110 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਵੀਕਐਂਡ ਬਣ ਗਿਆ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ
ਪ੍ਰੋਡਿਊਸਰਜ਼ ਗਿਲਡ ਆਫ਼ ਇੰਡੀਆ (ਪੀ.ਜੀ.ਆਈ.) ਅਤੇ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ (ਐਮ.ਏ.ਆਈ.) ਨੇ ਮਾਣ ਨਾਲ ਐਲਾਨ ਕੀਤਾ ਹੈ ਕਿ ਇਸ ਵੀਕਐਂਡ ’ਤੇ ਦੇਸ਼ ਭਰ ਦੇ ਸਿਨੇਮਾ ਘਰਾਂ ’ਚ ਹੋਈ ਕੁੱਲ ਕਮਾਈ 390 ਕਰੋੜ ਰੁਪਏ ਤੋਂ ਵੱਧ ਸੀ। ਬੀਤੇ ਸ਼ੁਕਰਵਾਰ ਨੂੰ ਰਿਲੀਜ਼ ਹੋਈਆਂ ਉਕਤ ਚਾਰ ਫ਼ਿਲਮਾਂ ’ਚੋਂ ਕਿਸੇ ਨਾ ਕਿਸੇ ਨੂੰ ਵੇਖਣ ਲਈ ਪੂਰੇ ਦੇਸ਼ ’ਚ 2.10 ਕਰੋੜ ਤੋਂ ਵੱਧ ਲੋਕ ਸਿਨੇਮਾ ਘਰਾਂ ’ਚ ਗਏ ਜੋ ਕਿ ਪਿਛਲੇ ਇਕ ਦਹਾਕੇ ’ਚ ਸਭ ਤੋਂ ਵੱਧ ਹੈ। ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਲੱਗੇ ਲਾਕਡਾਊਨ ਮਗਰੋਂ ਪਹਿਲੀ ਵਾਰੀ ਸਿਨੇਮਾ ਘਰਾਂ ’ਚ ਏਨੇ ਟਿਕਟਾਂ ਦੀ ਵਿਕਰੀ ਨਾਲ ਉਦਯੋਗ ਨੂੰ ਵੱਡੀ ਹੱਲਾਸ਼ੇਰੀ ਮਿਲੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ NRI ਔਰਤ ਨਾਲ ਬਲਾਤਕਾਰ, ਮੁਲਜ਼ਮ ਨੇ ਵਿਆਹ ਦੇ ਬਹਾਨੇ ਬਣਾਏ ਸਬੰਧ
ਐਮ.ਏ.ਆਈ. ਦੇ ਮੁਖੀ ਕਮਲ ਗਿਆਨਚੰਦਾਨੀ ਨੇ ਕਿਹਾ, ‘‘ਇਹ ਇਤਿਹਾਸਕ ਵੀਕਐਂਡ ਹੈ। ਇਸ ਤੋਂ ਇਕ ਵਾਰੀ ਫਿਰ ਸਾਬਤ ਹੋ ਗਿਆ ਹੈ ਕਿ ਭਾਰਤ ਸਿਨੇਮਾ ਘਰਾਂ ’ਚ ਜਾ ਕੇ ਵਧੀਆ ਫ਼ਿਲਮਾਂ ਵੇਖਣਾ ਪਸੰਦ ਕਰਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਫ਼ਿਲਮਾਂ ਅਤੇ ਸਿਨੇਮਾ ਦੀ ਵੱਡੇ ਪੱਧਰ ’ਤੇ ਵਾਪਸੀ ਹੋਈ ਹੈ।’’
ਜਦਕਿ, ਪੀ.ਜੀ.ਆਈ. ਦੇ ਪ੍ਰਧਾਨ ਸ਼ਿਬਾਸ਼ੀਸ਼ ਸਰਕਾਰ ਨੇ ਕਿਹਾ, “ਮੁੱਖ ਧਾਰਾ ਦੀ ਕਹਾਣੀ ਨੂੰ ਸਹੀ ਤਰੀਕੇ ਨਾਲ ਦਸਣ ਦੇ ਨਤੀਜੇ ਵਜੋਂ ਬਾਕਸ ਆਫਿਸ ਦੇ ਰੀਕਾਰਡਾਂ ਨੂੰ ਤੋੜ ਦਿਤਾ ਗਿਆ ਹੈ। ਅਜਿਹੀ ਵੱਡੀ ਪ੍ਰਾਪਤੀ ਇਕ ਅਦੁੱਤੀ ਫਿਲਮ ਮੇਕਿੰਗ ਟੀਮ ਦਾ ਨਤੀਜਾ ਹੈ।’’
ਐਮ.ਏ.ਆਈ. ਦੇ ਇਕ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਨੂੰ ਤਰਜੀਹ ਦਿੰਦੇ ਹੋਏ ਕਿਹਾ ਕਿ ਬਾਕਸ-ਆਫਿਸ ਦੀਆਂ ਟਿਕਟਾਂ ਦੀ ਵਿਕਰੀ ਤੋਂ ਇਲਾਵਾ ਭੋਜਨ ਅਤੇ ਪੀਣਯੋਗ ਪਦਾਰਥਾਂ ਦੇ ਖੇਤਰ ਨੇ ਵੀ ਵੀਕੈਂਡ ਦੌਰਾਨ 250 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਦਰਜ ਕੀਤੀ। ਇਕ ਸ਼ਿਪਰ, ਸੁਰੇਸ਼ ਭਾਸਕਰਨ, ਜੋ ਠਾਣੇ ’ਚ ਛੁੱਟੀਆਂ ਮਨਾਉਣ ਆਏ ਹਨ, ਨੇ ਕਿਹਾ, ‘‘ਲਗਭਗ ਚਾਰ ਸਾਲਾਂ ਬਾਅਦ, ਮੈਂ ਅਪਣੇ ਪਰਿਵਾਰ ਨਾਲ ‘OMG-2’ ਵੇਖਣ ਲਈ ਲਈ ਗਿਆ ਕਿਉਂਕਿ ਸਨਿਚਰਵਾਰ ਸ਼ਾਮ ਨੂੰ ਠਾਣੇ ’ਚ ਸਾਡੇ ਮਲਟੀਪਲੈਕਸ ’ਚ ‘ਗਦਰ-2’ ਹਾਊਸਫੁੱਲ ਸੀ। ਬਾਅਦ ’ਚ, ਅਸੀਂ ਅਗਲੇ ਵੀਕੈਂਡ ਲਈ ‘ਗਦਰ-2’ ਲਈ ਬੁੱਕ ਕਰ ਲਿਆ ਹੈ ਅਤੇ ਅਸੀਂ ਇਸ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ।’’
ਸਰਕਾਰ ਨੇ ਅੱਗੇ ਕਿਹਾ ਕਿ ਸਿਨੇਮਾਘਰਾਂ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਆਮਦ ਨੇ ਫਿਲਮ ਉਦਯੋਗ ਵਿਚ ਇਕ ਨਵੀਂ ਊਰਜਾ ਭਰੀ ਹੈ ਅਤੇ ਇਥੋਂ ਤਕ ਕਿ ਸਵੇਰ ਦੇ ਸ਼ੋਅ ਵੀ ਵਿਕ ਰਹੇ ਹਨ। ਗਿਆਨਚੰਦਾਨੀ ਨੇ ਨੋਟ ਕੀਤਾ ਕਿ ਰੀਕਾਰਡ ਦਰਸ਼ਕ ਸਾਬਤ ਕਰਦੇ ਹਨ ਕਿ ਕਿਵੇਂ ਸਿਨੇਮਾ ਇਕ ਸਾਂਝੇ ਤਜਰਬੇ ਦਾ ਹਿੱਸਾ ਬਣਨ ਲਈ ਅੰਤਮ ਸਥਾਨ ਹੈ ਅਤੇ ਉਨ੍ਹਾਂ ਨੇ ‘ਅਭੁੱਲ ਕਹਾਣੀ ਸੁਣਾਉਣ ਲਈ ਸੀਮਾਵਾਂ ਨੂੰ ਅੱਗੇ ਵਧਾਉਣ’ ਲਈ ਸਟੂਡੀਓਜ਼ ਅਤੇ ਫਿਲਮ ਨਿਰਮਾਤਾਵਾਂ ਦਾ ਧੰਨਵਾਦ ਕੀਤਾ।
‘ਗਦਰ-2’, ‘ਓ.ਐਮ.ਜੀ.-2’, ‘ਜੇਲਰ’ ਅਤੇ ‘ਭੋਲਾ ਸ਼ੰਕਰ’ ਦੀ ਚੌਕੜੀ ਨੇ ਸਿਨੇਮਾਘਰਾਂ ਨੂੰ ਲੱਗਭਗ ਅੱਗ ਲਗਾ ਦਿਤੀ ਹੈ, ਜਿਨ੍ਹਾਂ ਨੇ ਫ਼ਿਲਮ ਉਦਯੋਗ ਨਾਲ ਜੁੜੇ ਸਾਰੇ ਹਿੱਤਧਾਰਕਾਂ ਲਈ ਬਹੁਤ ਕਮਾਈ ਕੀਤੀ ਹੈ। ਉਹ ਪ੍ਰਾਰਥਨਾ ਕਰਦੇ ਹਨ ਕਿ ਇਹ ਰੁਝਾਨ ਬਾਕੀ 2023 ਅਤੇ ਆਉਣ ਵਾਲੇ 2024 ਲਈ ਜਾਰੀ ਰਹੇਗਾ।