
ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਲਈ ਐਕਟਿੰਗ ਨਹੀਂ ਕਰਨਗੇ ਅਤੇ ਆਪਣੀ ਨਿੱਜੀ ਜ਼ਿੰਦਗੀ 'ਤੇ ਧਿਆਨ ਦੇਣਗੇ।
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਲਈ ਐਕਟਿੰਗ ਨਹੀਂ ਕਰਨਗੇ ਅਤੇ ਆਪਣੀ ਨਿੱਜੀ ਜ਼ਿੰਦਗੀ 'ਤੇ ਧਿਆਨ ਦੇਣਗੇ। ਉਹਨਾਂ ਕਿਹਾ, "ਜਦੋਂ ਮੈਂ ਕੋਈ ਫਿਲਮ ਕਰਦਾ ਹਾਂ ਤਾਂ ਮੈਂ ਇਕ ਅਭਿਨੇਤਾ ਦੇ ਰੂਪ ਵਿਚ ਵਿਚ ਗੁਆਚ ਜਾਂਦਾ ਹਾਂ। ਇਸ ਤੋਂ ਇਲਾਵਾ ਮੇਰੀ ਜ਼ਿੰਦਗੀ ਵਿਚ ਹੋਰ ਕੁਝ ਨਹੀਂ ਹੁੰਦਾ। ਇਸ ਲਈ ਮੈਂ ਕੁਝ ਦਿਨਾਂ ਲਈ ਇਸ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।''
ਉਹਨਾਂ ਕਿਹਾ, ''ਮੈਂ 'ਲਾਲ ਸਿੰਘ ਚੱਢਾ' ਤੋਂ ਬਾਅਦ ਫਿਲਮ 'ਚੈਂਪੀਅਨ' 'ਤੇ ਕੰਮ ਸ਼ੁਰੂ ਕਰਨ ਵਾਲਾ ਸੀ... ਇਸ ਦੀ ਕਹਾਣੀ ਅਤੇ ਪਟਕਥਾ ਸ਼ਾਨਦਾਰ ਹੈ। ਇਹ ਦਿਲ ਨੂੰ ਛੂਹ ਲੈਣ ਵਾਲੀ ਫਿਲਮ ਹੈ, ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਥੋੜ੍ਹਾ ਆਰਾਮ ਕਰਨਾ ਚਾਹੀਦਾ ਹੈ। ਮੈਂ ਆਪਣੇ ਪਰਿਵਾਰ ਨਾਲ, ਆਪਣੀ ਮਾਂ ਅਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ..."।
ਦਿੱਲੀ ਵਿਚ ਆਪਣੇ ਬਚਪਨ ਦੇ ਦੋਸਤ ਵੱਲੋਂ ਆਯੋਜਿਤ ਇਕ ਸੈਸ਼ਨ ਵਿਚ ਕਿਹਾ, "ਮੈਨੂੰ ਲੱਗਦਾ ਹੈ ਕਿ ਪਿਛਲੇ 35 ਸਾਲਾਂ ਤੋਂ ਮੈਂ ਸਿਰਫ ਕੰਮ ਕਰ ਰਿਹਾ ਹਾਂ ਅਤੇ ਸਿਰਫ ਕੰਮ 'ਤੇ ਧਿਆਨ ਕੇਂਦਰਤ ਕਰ ਰਿਹਾ ਹਾਂ... ਮੈਨੂੰ ਲੱਗਦਾ ਹੈ ਕਿ ਮੇਰੇ ਕਰੀਬੀ ਲੋਕਾਂ ਲਈ ਚੰਗਾ ਨਹੀਂ ਹੈ। ਇਹ ਮੇਰੇ ਲਈ ਜ਼ਿੰਦਗੀ ਨੂੰ ਵੱਖਰੇ ਤਰੀਕੇ ਨਾਲ ਆਨੰਦ ਲੈਣ ਦਾ ਸਮਾਂ ਹੈ...''। ਉਹਨਾਂ ਅੱਗੇ ਕਿਹਾ, ''ਮੈਂ ਅਗਲੇ ਸਾਲ ਦੀ ਉਡੀਕ ਕਰ ਰਿਹਾ ਹਾਂ... ਅਗਲੇ ਡੇਢ ਸਾਲ ਤੱਕ ਮੈਂ ਪਹਿਲੀ ਵਾਰ ਅਦਾਕਾਰ ਵਜੋਂ ਕੋਈ ਕੰਮ ਨਹੀਂ ਕਰਾਂਗਾ”। ਆਮਿਰ ਖ਼ਾਨ ਨੇ ਦੱਸਿਆ ਕਿ ਉਹ ਫ਼ਿਲਮ ਚੈਂਪੀਅਨ ਦੇ ਨਾਲ ਬਤੌਰ ਨਿਰਮਾਤਾ ਜੁੜੇ ਰਹਿਣਗੇ ਪਰ ਇਸ ਦੇ ਲਈ ਹੋਰ ਅਦਾਕਾਰਾਂ ਨਾਲ ਸੰਪਰਕ ਕੀਤਾ ਜਾਵੇਗਾ।