
ਸ਼ਵੇਤਾ ਨੇ ਮਿਸ ਯੂਨੀਵਰਸ ਦੇ ਕਾਸਟਿਊਮ ਰਾਊਂਡ ਲਈ ਗੋਲਡਨ ਫਿਸ਼ ਕੱਟ ਲਹਿੰਗਾ ਪਾਇਆ ਸੀ।
Miss Universe 2023: ਚੰਡੀਗੜ੍ਹ ਦੀ ਸ਼ਵੇਤਾ ਸ਼ਾਰਦਾ ਇਨ੍ਹੀਂ ਦਿਨੀਂ ਐਲ ਸੈਲਵਾਡੋਰ ਵਿਚ 72ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਇਸ ਦੌਰਾਨ ਮੁਕਾਬਲੇ ਦੀਆਂ ਕਈ ਵੀਡੀਉਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਸ਼ਵੇਤਾ ਸ਼ਾਰਦਾ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿਚ ਸਾਹਮਣੇ ਆਈਆਂ ਵੀਡੀਉਜ਼ ਵਿਚ ਦੇਖਿਆ ਗਿਆ ਕਿ ਸ਼ਵੇਤਾ ਨੇ ਮਿਸ ਯੂਨੀਵਰਸ ਦੇ ਕਾਸਟਿਊਮ ਰਾਊਂਡ ਲਈ ਗੋਲਡਨ ਫਿਸ਼ ਕੱਟ ਲਹਿੰਗਾ ਪਾਇਆ ਸੀ।
ਸ਼ਵੇਤਾ ਨੇ ਰਾਣੀ ਵਾਂਗ ਅਪਣੇ ਸਿਰ 'ਤੇ ਕਮਲ ਦੇ ਫੁੱਲਾਂ ਦਾ ਤਾਜ ਪਹਿਨਿਆ ਹੋਇਆ ਸੀ। ਇਸ ਦਿੱਖ ਦੇ ਪਿੱਛੇ ਭਾਰਤੀ ਔਰਤ ਦੀ ਤਾਕਤ ਅਤੇ ਅਖੰਡਤਾ ਨੂੰ ਦਰਸਾਇਆ ਗਿਆ ਸੀ। ਭਾਰਤੀਆਂ ਨੂੰ ਸ਼ਵੇਤਾ ਸ਼ਾਰਦਾ ਦਾ ਇਹ ਲੁੱਕ ਬੇਹੱਦ ਪਸੰਦ ਆ ਰਿਹਾ ਹੈ। ਦੱਸ ਦੇਈਏ ਕਿ ਮਿਸ ਯੂਨੀਵਰਸ 2023 ਦਾ ਫਾਈਨਲ ਭਲਕੇ 18 ਨਵੰਬਰ ਨੂੰ ਹੋਣ ਜਾ ਰਿਹਾ ਹੈ।
ਕੌਣ ਹੈ ਸ਼ਵੇਤਾ ਸ਼ਾਰਦਾ
ਸ਼ਵੇਤਾ ਸ਼ਾਰਦਾ ਚੰਡੀਗੜ੍ਹ ਦੀ ਵਸਨੀਕ ਹੈ। ਜਦੋਂ ਸ਼ਵੇਤਾ ਸ਼ਾਰਦਾ 16 ਸਾਲ ਦੀ ਸੀ ਤਾਂ ਉਹ ਅਪਣਾ ਘਰ ਛੱਡ ਕੇ ਸੁਪਨਿਆਂ ਦੇ ਸ਼ਹਿਰ ਮੁੰਬਈ ਆ ਗਈ। 22 ਸਾਲ ਦੀ ਸ਼ਵੇਤਾ ਨੂੰ ਉਸ ਦੀ ਮਾਂ ਨੇ ਹੀ ਪਾਲਿਆ ਸੀ। ਇਸ ਈਵੈਂਟ 'ਚ ਜਦੋਂ ਸ਼ਵੇਤਾ ਤੋਂ ਪੁਛਿਆ ਗਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਸੱਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਕੌਣ ਹੈ ਤਾਂ ਉਨ੍ਹਾਂ ਨੇ ਅਪਣੀ ਮਾਂ ਦਾ ਨਾਂ ਲਿਆ ਸੀ।
ਦੱਸ ਦੇਈਏ ਕਿ ਸ਼ਵੇਤਾ ਡੀਆਈਡੀ, ਡਾਂਸ ਦੀਵਾਨੇ ਅਤੇ ਡਾਂਸ + ਵਰਗੇ ਸ਼ੋਅਜ਼ ਵਿਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ‘ਝਲਕ ਦਿਖਲਾਜਾ’ ਵਿਚ ਕੋਰੀਓਗ੍ਰਾਫਰ ਵਜੋਂ ਵੀ ਨਜ਼ਰ ਆ ਚੁੱਕੀ ਹੈ। ਫੇਮਿਨਾ ਬਿਊਟੀ ਪੇਜੈਂਟਸ ਅਨੁਸਾਰ, ਸ਼ਵੇਤਾ ਨੇ ਸੀਬੀਐਸਈ ਬੋਰਡ ਦੇ ਅਧੀਨ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਕਰ ਰਹੀ ਹੈ।
ਸੁਸ਼ਮਿਤਾ ਸੇਨ ਨੂੰ ਅਪਣਾ ਆਦਰਸ਼ ਮੰਨਣ ਵਾਲੀ ਸ਼ਵੇਦਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਫੋਲੋਅਰਜ਼ ਹਨ। ਉਸ ਨੂੰ ਹਾਲ ਹੀ ਵਿਚ ਜੁਬਿਨ ਨੌਟਿਆਲ ਅਤੇ ਤੁਲਸੀ ਕੁਮਾਰ ਦੁਆਰਾ ਗਾਏ ਗੀਤ ‘ਮਸਤ ਆਂਖੇ’ ਦੇ ਸੰਗੀਤ ਵੀਡੀਉ ਵਿਚ ਬਾਲੀਵੁੱਡ ਅਭਿਨੇਤਾ ਸ਼ਾਂਤਨੂ ਮਹੇਸ਼ਵਰੀ ਨਾਲ ਦੇਖਿਆ ਗਿਆ ਸੀ।
ਚੰਡੀਗੜ੍ਹ ਦੀ ਸ਼ਵੇਤਾ ਸ਼ਾਰਦਾ ਨੇ ਇਸ ਸਾਲ ਸੁੰਦਰਤਾ ਮੁਕਾਬਲੇ ਮਿਸ ਦੀਵਾ 2023 ਦਾ ਖਿਤਾਬ ਜਿੱਤਿਆ। ਸ਼ਵੇਤਾ ਤੋਂ ਇਲਾਵਾ ਦਿੱਲੀ ਦੀ ਸੋਨਲ ਕੁਕਰੇਜਾ ਮਿਸ ਦੀਵਾ ਸੁਪਰ ਨੈਸ਼ਨਲ 2023 ਅਤੇ ਕਰਨਾਟਕ ਦੀ ਤ੍ਰਿਸ਼ਾ ਸ਼ੈਟੀ ਮਿਸ ਦੀਵਾ 2023 ਦੀ ਰਨਰ ਅੱਪ ਰਹੀ। ਕਰੀਬ ਦੋ ਮਹੀਨੇ ਪਹਿਲਾਂ ਮੁੰਬਈ 'ਚ ਇਸ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।