
ਇਸ ਸ਼੍ਰੇਣੀ ’ਚ 88 ਦੇਸ਼ਾਂ ਦੀਆਂ ਫਿਲਮਾਂ ਪੇਸ਼ ਕੀਤੀਆਂ ਗਈਆਂ ਸਨ।
Oscars Awards: ਮਲਿਆਲਮ ਫਿਲਮ ‘2018: ਐਵਰੀਵਰੀਵਨ ਇਜ਼ ਏ ਹੀਰੋ’ ਜੋ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ’ਚ ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ, ਹੁਣ ਵੱਕਾਰੀ ਅਕੈਡਮੀ ਪੁਰਸਕਾਰਾਂ ਦੀ ਦੌੜ ਤੋਂ ਬਾਹਰ ਹੋ ਗਈ ਹੈ।
ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ (ਏ.ਐੱਮ.ਪੀ.ਏ.ਐੱਸ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਜੂਡ ਐਂਥਨੀ ਜੋਸਫ ਨਿਰਦੇਸ਼ਿਤ ਇਹ ਫਿਲਮ ਇਸ ਸ਼੍ਰੇਣੀ ਵਿਚ ਚੋਟੀ ਦੀਆਂ 15 ਫ਼ਿਲਮਾਂ ’ਚ ਥਾਂ ਬਣਾਉਣ ਵਿਚ ਅਸਫਲ ਰਹੀ। ਇਸ ਸ਼੍ਰੇਣੀ ’ਚ 88 ਦੇਸ਼ਾਂ ਦੀਆਂ ਫਿਲਮਾਂ ਪੇਸ਼ ਕੀਤੀਆਂ ਗਈਆਂ ਸਨ।
ਚੁਣੀਆਂ ਗਈਆਂ ਫਿਲਮਾਂ ਨੂੰ ਵੋਟਿੰਗ ਦੇ ਅਗਲੇ ਗੇੜ ਲਈ ਭੇਜਿਆ ਜਾਵੇਗਾ। ਟੋਵੀਨੋ ਥਾਮਸ ਦੀ ਮੁੱਖ ਭੂਮਿਕਾ ਵਾਲੀ ਫਿਲਮ ‘2018’ ਨੂੰ ਇਸ ਸਾਲ ਸਤੰਬਰ ’ਚ 96ਵੇਂ ਅਕੈਡਮੀ ਅਵਾਰਡ ਲਈ ਭਾਰਤ ਦੀ ਅਧਿਕਾਰਤ ਐਂਟਰੀ ਦੇ ਤੌਰ ’ਤੇ ਭੇਜਿਆ ਗਿਆ ਸੀ। ਇਹ ਫਿਲਮ 2018 ’ਚ ਕੇਰਲ ’ਚ ਆਏ ਤਬਾਹਕੁੰਨ ਹੜ੍ਹਾਂ ’ਤੇ ਅਧਾਰਤ ਹੈ। ਫਿਲਮ ਦੇ ਨਿਰਮਾਤਾਵਾਂ ਅਨੁਸਾਰ, ਇਸ ਨੇ ਬਾਕਸ ਆਫਿਸ ’ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ, ਜਿਸ ਨਾਲ ਇਹ ਮਲਿਆਲਮ ਸਿਨੇਮਾ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਏ.ਐਮ.ਪੀ.ਏ.ਐੱਸ. ਨੇ 9 ਹੋਰ ਸ਼੍ਰੇਣੀਆਂ ਲਈ ਚੁਣੀਆਂ ਗਈਆਂ ਫਿਲਮਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ।
ਪਿਛਲੇ ਸਾਲ ਦੋ ਭਾਰਤੀ ਫਿਲਮਾਂ ‘ਆਰ.ਆਰ.ਆਰ.’ ਅਤੇ ‘ਦਿ ਐਲੀਫੈਂਟ ਵਿਸਪਰਜ਼’ ਨੇ ਕ੍ਰਮਵਾਰ ਸਰਬੋਤਮ ਮੂਲ ਗੀਤ ਅਤੇ ਸਰਬੋਤਮ ਸ਼ਾਰਟ ਡਾਕੂਮੈਂਟਰੀ ਸ਼੍ਰੇਣੀਆਂ ਵਿਚ ਆਸਕਰ ਜਿੱਤਿਆ ਸੀ। ਹਾਲਾਂਕਿ ਇਨ੍ਹਾਂ ਨੂੰ ਫਿਲਮ ਨਿਰਮਾਤਾਵਾਂ ਦੁਆਰਾ ਸਿੱਧੇ ਆਸਕਰ ਲਈ ਭੇਜਿਆ ਗਿਆ ਸੀ, ਗੁਜਰਾਤੀ ਫਿਲਮ ਛੇਲੋ ਸ਼ੋਅ, ਜੋ ਅੰਤਰਰਾਸ਼ਟਰੀ ਫਿਲਮ ਸ਼੍ਰੇਣੀ ’ਚ ਭਾਰਤ ਦੀ ਅਧਿਕਾਰਤ ਐਂਟਰੀ ਹੈ, ਆਖਰੀ ਪੰਜ ਨਾਮਜ਼ਦਗੀਆਂ ’ਚ ਵੀ ਜਗ੍ਹਾ ਨਹੀਂ ਬਣਾ ਸਕੀ। ਆਸਕਰ ’ਚ ਆਖਰੀ ਪੰਜ ਨਾਮਜ਼ਦਗੀਆਂ ’ਚ ਜਗ੍ਹਾ ਬਣਾਉਣ ਵਾਲੀ ਆਖਰੀ ਭਾਰਤੀ ਫਿਲਮ 2001 ’ਚ ਆਮਿਰ ਖਾਨ ਦੀ ‘ਲਗਾਨ’ ਸੀ। 96ਵਾਂ ਅਕੈਡਮੀ ਅਵਾਰਡ ਸਮਾਰੋਹ 10 ਮਾਰਚ, 2024 ਨੂੰ ਲਾਸ ਏਂਜਲਸ ’ਚ ਕੀਤਾ ਜਾਵੇਗਾ।
(For more news apart from 'Bad parenting fee' at Georgia restaurant, stay tuned to Rozana Spokesman)