
ਇੰਡੀਅਨ ਆਇਡਲ 10 ਦਾ ਖਿਤਾਬ ਮੇਵਾਤ ਦੇ ਸਲਮਾਨ ਅਲੀ ਨੇ ਜਿੱਤ ਲਿਆ। ਅਲੀ ਨੂੰ 25 ਲੱਖ ਦਾ ਨਕਦ ਇਨਾਮ ਅਤੇ ਇੱਕ ਗੱਡੀ ਇਨਾਮ ਵਿਚ...
ਮੁੰਬਈ (ਭਾਸ਼ਾ) : ਇੰਡੀਅਨ ਆਇਡਲ 10 ਦਾ ਖਿਤਾਬ ਮੇਵਾਤ ਦੇ ਸਲਮਾਨ ਅਲੀ ਨੇ ਜਿੱਤ ਲਿਆ। ਅਲੀ ਨੂੰ 25 ਲੱਖ ਦਾ ਨਕਦ ਇਨਾਮ ਅਤੇ ਇੱਕ ਗੱਡੀ ਇਨਾਮ ਵਿਚ ਮਿਲੀ। ਉਨ੍ਹਾਂ ਨੇ ਬਾਕੀ ਚਾਰ ਮੁਕਾਬਲੇਕਾਰਾਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਅਪਣੇ ਨਾਂ ਕੀਤਾ ਹੈ। ਉਨ੍ਹਾਂ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ। ਇੰਡੀਅਨ ਆਇਡਲ ਦੀ ਜੱਜ ਨੇਹਾ ਕੱਕੜ ਨੇ ਸਲਮਾਨ ਅਲੀ ਨਾਲ ਸ਼ਾਨਦਾਰ ਡਾਂਸ ਪਰਫਾਰਮ ਕੀਤਾ। ਇਸ ਆਖਰੀ ਐਪੀਸੋਡ ਦੌਰਾਨ ਹੋਸਟ ਮਨੀਸ਼ ਪਾਲ ਵੀ ਇਮੋਸ਼ਨਲ ਹੋ ਗਏ।
ਇੰਡੀਅਨ ਆਇਡਲ ਵਿਚ ਨੂੰਹ ਦੇ ਪੁੰਹਾਨਾ ਨਿਵਾਸੀ ਮੇਵਾਤ ਦੇ ਮਲੰਗ ਨਾਂ ਤੋਂ ਮਸ਼ਹੂਰ ਸਲਮਾਨ ਅਲੀ ਦੇ ਵਿਨਰ ਬਣਦੇ ਹੀ ਜ਼ਿਲ੍ਹੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਲਮਾਨ ਗਰੀਬ ਪਰਿਵਾਰ ਨਾਲ ਸਬੰਧ ਰਖਦਾ ਹੈ। ਉਨ੍ਹਾਂ ਦਾ ਪਰਿਵਾਰ ਮਿਰਾਸੀ ਸਮਾਜ ਤੋਂ ਹੈ। ਜੋ ਗਾਣੇ ਵਜਾਉਣੇ ਦਾ ਕੰਮ ਕਰਦਾ ਹੈ। ਅਜਿਹੇ ਵਿਚ ਸਲਮਾਨ ਵਿਚ ਗਾਇਕੀ ਦਾ ਜਨੂੰਨ ਬਚਪਨ ਤੋਂ ਹੀ ਸੀ। ਛੋਟੀ ਜਿਹੀ ਉਮਰ ਵਿਚ ਹੀ ਸਲਮਾਨ ਜਗਰਾਤਿਆਂ ਵਿਚ ਗਾਉਣ ਲੱਗਾ ਸੀ। 2010-11 ਵਿਚ ਜ਼ੀ ਟੀਵੀ ਦੇ ਮਸ਼ਹੂਰ ਪ੍ਰੋਗਰਾਮ ਲਿਟਿਲ ਚੈਂਪੀਅਨ ਵਿਚ ਰਨਰਅਪ ਰਹਿ ਕੇ ਉਸ ਨੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।
ਚਾਰ ਪੀੜ੍ਹੀਆਂ ਤੋਂ ਵਿਆਹਾਂ ਵਿਚ ਗਾਣਾ ਵਜਾਉਣਾ ਕਰਕੇ ਅਪਣਾ ਪੇਟ ਪਾਲਣ ਵਾਲੇ ਸਲਮਾਨ ਦੇ ਘਰ ਵਾਲਿਆਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਬੇਟਾ ਇੱਕ ਦਿਨ ਉਨ੍ਹਾਂ ਦਾ ਹੀ ਨਹੀਂ ਪੂਰੇ ਸੂਬੇ ਦਾ ਨਾਂ ਰੌਸ਼ਨ ਕਰੇਗਾ। ਪਿਤਾ ਕਾਸਿਮ ਅਲੀ ਨੇ ਕਿਹਾ ਕਿ ਪੰਜ ਭੈਣ ਭਰਾਵਾਂ ਵਿਚ ਸਲਮਾਨ ਸਭ ਤੋਂ ਛੋਟਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਘਰ ਟੀਵੀ ਵੀ ਨਹੀਂ ਸੀ। ਅਜਿਹੇ ਵਿਚ ਪ੍ਰੋਗਰਾਮ ਦੇਖਣ ਦੇ ਲਈ ਗੁਆਂਢੀਆਂ ਦੇ ਘਰ ਜਾਂਦੇ ਸਨ। ਸਲਮਾਨ ਪੰਜ ਸਾਲ ਦੀ ਉਮਰ ਵਿਚ ਅਪਣੇ ਪਿਤਾ ਦੇ ਨਾਲ ਗਾਉਣ ਲੱਗਿਆ ਸੀ।