
ਭਾਰਤੀ ਦਲ ਨੇ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ 'ਚ ਚੱਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ 'ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ.............
ਜਕਾਰਤਾ: ਭਾਰਤੀ ਦਲ ਨੇ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ 'ਚ ਚੱਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ 'ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੁਲ ਮਿਲਾ ਕੇ 29 ਤਮਗ਼ਿਆਂ ਨਾਲ ਭਾਰਤ ਤਮਗ਼ਾ ਸੂਚੀ 'ਚ ਅੱਠਵੇਂ ਸਥਾਨ 'ਤੇ ਹੈ। ਇਨ੍ਹਾਂ 'ਚ ਭਾਰਤ ਕੋਲ ਸੱਤ ਸੋਨ ਤਮਗ਼ੇ, ਪੰਜ ਚਾਂਦੀ ਅਤੇ 17 ਕਾਂਸੀ ਦੇ ਤਮਗ਼ੇ ਹਨ। ਏਸ਼ੀਅਨ ਖੇਡਾਂ ਦੇ ਸੱਤਵੇਂ ਦਿਨ ਤੇਜਿੰਦਰ ਪਾਲ ਸਿੰਘ ਨੇ ਭਾਰਤ ਨੂੰ ਸੱਤਵਾਂ ਸੋਨ ਤਮਗ਼ਾ ਦਿਵਾਇਆ। ਗੋਲਾ ਸੁੱਟਣ ਦੇ ਹੋਏ ਫ਼ਾਈਨਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਇਸ ਐਥਲੀਟ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਪਣੀ ਪੰਜਵੀਂ ਕੋਸ਼ਿਸ਼ 'ਚ ਤੇਜਿੰਦਰ ਪਾਲ ਸਿੰਘ ਨੇ ਇਤਿਹਾਸ ਰਚ ਦਿਤਾ।
20.75 ਮੀਟਰ ਦੀ ਕੋਸ਼ਿਸ਼ ਨਾਲ ਉਨ੍ਹਾਂ ਨੇ ਕੌਮੀ ਰੀਕਾਰਡ ਵੀ ਕਾਇਮ ਕੀਤਾ। ਤੇਜਿੰਦਰ ਪਾਲ ਸਿੰਘ ਤੂਰ ਨੇ 20.75 ਮੀਟਰ ਤਕ ਗੋਲਾ ਸੁੱਟ ਕੇ ਨਵਾਂ ਏਸ਼ੀਆਈ ਖੇਡਾਂ ਦਾ ਰੀਕਾਰਡ ਵੀ ਬਣਾ ਦਿਤਾ ਹੈ। ਪਿਛਲਾ ਰੀਕਾਰਡ 20.57 ਮੀਟਰ ਦਾ ਹੈ, ਜੋ 2010 ਦੀਆਂ ਏਸ਼ੀਆਈ ਖੇਡਾਂ 'ਚ ਸਾਊਦੀ ਅਰਬ ਦੇ ਸੁਲਤਾਨ ਅਬਦੁਲ ਮਜੀਦ ਨੇ ਬਣਾਇਆ ਸੀ।
ਇਸ ਤੋਂ ਇਲਾਵਾ ਸਕੁਐਸ਼ 'ਚ ਜੋਸ਼ਨਾ ਵਿਨੱਪਾ ਨੂੰ ਕਾਂਸੀ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ। ਮਲੇਸ਼ੀਆਈ ਖਿਡਾਰਨ ਸਿਵਾਸਾਂਗਰੀ ਤੋਂ ਸੈਮੀਫ਼ਾਈਨਲ 'ਚ 1-3 ਨਾਲ ਹਾਰਨ ਤੋਂ ਬਾਅਦ ਉਹ ਸਿਲਵਰ ਜਾਂ ਗੋਲਡ ਦਾ ਸੁਪਨਾ ਪੂਰਾ ਕਰਨ ਤੋਂ ਖੁੰਝ ਗਈ। ਜੇਕਰ ਉਹ ਫ਼ਾਈਨਲ ਤਕ ਪਹੁੰਚਦੀ ਤਾਂ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੁੰਦੀ। (ਏਜੰਸੀ)