
ਭਾਰਤੀ ਸੰਵਿਧਾਨ ਦੇ ‘ਆਰਟੀਕਲ 15’ ‘ਤੇ ਅਧਾਰਤ ਆਯੁਸ਼ਮਾਨ ਖੁਰਾਨਾ ਦੀ ਇਹ ਫ਼ਿਲਮ ਜਾਤ ਦੇ ਅਧਾਰ ‘ਤੇ ਭੇਦਭਾਵ ਦੀ ਪ੍ਰਥਾ ‘ਤੇ ਇਕ ਸਾਫ਼ ਅਤੇ ਸਿੱਧੀ ਟਿੱਪਣੀ ਹੈ।
ਨਵੀਂ ਦਿੱਲੀ: ਭਾਰਤੀ ਸੰਵਿਧਾਨ ਦੇ ‘ਆਰਟੀਕਲ 15’ ‘ਤੇ ਅਧਾਰਤ ਆਯੁਸ਼ਮਾਨ ਖੁਰਾਨਾ ਦੀ ਇਹ ਫ਼ਿਲਮ ਜਾਤ ਦੇ ਅਧਾਰ ‘ਤੇ ਭੇਦਭਾਵ ਦੀ ਪ੍ਰਥਾ ‘ਤੇ ਇਕ ਸਾਫ਼ ਅਤੇ ਸਿੱਧੀ ਟਿੱਪਣੀ ਹੈ। ਇਸ ਫ਼ਿਲਮ ਵਿਚ ਉੱਚੀ ਜਾਤ ਵੱਲੋਂ ਕੀਤੇ ਜਾਣ ਵਾਲੇ ਭੇਦਭਾਵ ਨੂੰ ਬਿਨਾਂ ਕਿਸੇ ਡਰ ਤੋਂ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਅਨੁਸਾਰ ਆਈਪੀਐਸ ਆਯਾਨ ਰੰਜਨ (ਆਯੁਸ਼ਮਾਨ ਖੁਰਾਨਾ) ਨੇ ਸੈਂਟ ਸਟੀਫ਼ਨ ਤੋਂ ਪੜਾਈ ਕੀਤੀ ਹੈ ਅਤੇ ਹਾਲ ਹੀ ਵਿਚ ਵਿਦੇਸ਼ ਤੋਂ ਪਰਤੇ ਹਨ।
Article 15
ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਹ ਅਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਦੇਖ ਕੇ ਕਾਫ਼ੀ ਪਰੇਸ਼ਾਨ ਹੋ ਜਾਂਦੇ ਹਨ। ਇਸ ਫ਼ਿਲਮ ਵਿਚ ਇਕ ਸੀਨ ਵੀ ਹੈ, ਜਿਸ ਵਿਚ ਪੁਲਿਸ ਵਾਲੇ ਉਸ ਕੋਲੋਂ ਉਸ ਦੀ ਜਾਤ ਪੁੱਛਦੇ ਹਨ ਅਤੇ ਉਹ ਅਸਾਨੀ ਨਾਲ ਅਪਣੀ ਜਾਤ ਦੱਸ ਦਿੰਦੇ ਹਨ। ਇਹ ਫ਼ਿਲਮ 2014 ਵਿਚ ਹੋਏ ਬਦਾਯੂੰ ਗੈਂਗਰੇਪ ਅਤੇ ਦੋ ਲੜਕੀਆਂ ਦੀ ਹੱਤਿਆ ਦੀਆਂ ਘਟਨਾਵਾਂ ਨੂੰ ਯਾਦ ਕਰਵਾਉਂਦੀ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਈ ਤਾਕਤਾਂ ਅਪਰਾਧੀਆਂ ਨੂੰ ਬਚਾ ਕੇ ਪੀੜਤਾਂ ਨੂੰ ਪਰੇਸ਼ਾਨ ਕਰਦੀਆਂ ਹਨ।
ਇਸ ਫ਼ਿਲਮ ਵਿਚ ਡਾਇਰੈਕਟਰ ਅਨੁਭਵ ਸਿਨਹਾ ਅਤੇ ਉਹਨਾਂ ਦੇ ਸਹਿਯੋਗੀ ਲੇਖਕ ਗੌਰਵ ਸੌਲਾਂਕੀ ਦਾ ਸਕਰੀਨ ਪਲੇਅ ਕਹਾਣੀ ਨੂੰ ਗੰਭੀਰ ਬਣਾਉਂਦਾ ਹੈ। ਇਸ ਫ਼ਿਲਮ ਵਿਚ ਕਾਸਟਿੰਗ ਕਾਫ਼ੀ ਸ਼ਾਨਦਾਰ ਕੀਤੀ ਗਈ ਹੈ। ਇਕ ਸੱਚੇ ਅਤੇ ਇਮਾਨਦਾਰ ਪੁਲਿਸ ਅਫ਼ਸਰ ਦੀ ਭੂਮਿਕਾ ਵਿਚ ਆਯੁਸ਼ਮਾਨ ਖੁਰਾਨਾ, ਸ਼ਹਿਰ ਦੇ ਲੜਕੇ ਦੇ ਰੋਲ ਵਿਚ ਜੀਸ਼ਾਨ ਆਯੂਬ, ਸ਼ਾਓਨੀ ਗੁਪਤਾ, ਕੁਮੂਦ ਮਿਸ਼ਰਾ, ਮਨੋਜ ਪਾਹਵਾ, ਈਸ਼ਾ ਤਲਵਾਰ, ਆਸ਼ੀਸ਼ ਵਰਮਾ ਆਦਿ ਅਪਣੀਆਂ ਭੂਮਿਕਾਵਾਂ ਵਿਚ ਸ਼ਾਨਦਾਰ ਹਨ।
‘ਆਰਟੀਕਲ 15’ ਹਾਸ਼ੀਏ ਦੇ ਲੋਕਾਂ ਨੂੰ ਧਿਆਨ ਵਿਚ ਲੈਣ ਅਤੇ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਇਹ ਫ਼ਿਲਮ ਕਈ ਸਵਾਲ ਪੁੱਛਣ ਅਤੇ ਸੋਚਣ ਲਈ ਮਜਬੂਰ ਕਰਦੀ ਹੈ। ਦੱਸ ਦਈਏ ਕਿ ‘ਆਰਟੀਕਲ 15’ ਸੂਬੇ ਨੂੰ ਧਰਮ, ਜਾਤ, ਲਿੰਗ, ਨਸਲ, ਜਨਮ ਸਥਾਨ ਦੇ ਅਧਾਰ ‘ਤੇ ਕਿਸੇ ਨਾਗਰਿਕ ਨਾਲ ਭੇਦਭਾਵ ਕਰਨ ਤੋਂ ਰੋਕਦਾ ਹੈ। ਆਯੁਸ਼ਮਾਨ ਦੀ ਇਹ ਫ਼ਿਲਮ 28 ਜੂਨ ਨੂੰ ਰੀਲੀਜ਼ ਹੋਵੇਗੀ।