
ਸੁਸ਼ਾਂਤ ਸਿੰਘ ਰਾਜਪੂਤ ਨੂੰ ਦੁਨੀਆ ਨੂੰ ਅਲਵਿਦਾ ਕਹੇ ਕਈ ਦਿਨ ਹੋ ਚੁੱਕੇ ਹਨ।
ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਨੂੰ ਦੁਨੀਆ ਨੂੰ ਅਲਵਿਦਾ ਕਹੇ ਕਈ ਦਿਨ ਹੋ ਚੁੱਕੇ ਹਨ। ਸੁਸ਼ਾਂਤ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਫੈਨਜ਼ ਨੂੰ ਉਹਨਾਂ ਦੀ ਮੌਤ ਨਾਲ ਗਹਿਰਾ ਸਦਮਾ ਲੱਗਿਆ ਹੈ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਫੈਨਜ਼ ਲਈ ਇਕ ਬਿਆਨ ਜਾਰੀ ਕੀਤਾ ਹੈ। ਇਸ ਜ਼ਰੀਏ ਉਹਨਾਂ ਨੇ ਗੁਲਸ਼ਨ ਯਾਨੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਲਵਿਦਾ ਕਹਿੰਦੇ ਹੋਏ ਕੁਝ ਐਲਾਨ ਵੀ ਕੀਤੇ ਹਨ। ਦੱਸ ਦਈਏ ਕਿ ਸੁਸ਼ਾਂਤ ਦਾ ਘਰ ਦਾ ਨਾਮ ਗੁਲਸ਼ਨ ਸੀ।
Sushant Singh Rajput
ਉਹਨਾਂ ਦੇ ਪਰਿਵਾਰ ਨੇ ਲਿਖਿਆ ਹੈ, ‘ਅਲਵਿਦਾ ਸੁਸ਼ਾਂਤ, ਦੁਨੀਆ ਲਈ ਜੋ ਸੁਸ਼ਾਂਤ ਸਿੰਘ ਰਾਜਪੂਤ ਸੀ, ਉਹ ਸਾਡੇ ਲਈ ਸਾਡਾ ਪਿਆਰਾ ਗੁਲਸ਼ਨ ਸੀ। ਉਹ ਅਜ਼ਾਦ ਖਿਆਲਾਂ ਵਾਲਾ, ਗੱਲਾਂ ਕਰਨ ਵਾਲਾ ਅਤੇ ਬਹੁਤ ਸੂਝਵਾਨ ਲੜਕਾ ਸੀ। ਉਹ ਹਰ ਚੀਜ਼ ਵਿਚ ਰੁਚੀ ਰੱਖਦਾ ਸੀ। ਉਸ ਦੇ ਸੁਪਨੇ ਕਦੇ ਵੀ ਕਿਸੇ ਚੀਜ਼ ਨਾਲ ਨਹੀਂ ਰੁਕੇ ਅਤੇ ਉਸ ਨੇ ਉਹਨਾਂ ਸੁਪਨਿਆਂ ਨੂੰ ਸ਼ੇਰ ਦਿਲ ਨਾਲ ਅੱਗੇ ਵਧਾਇਆ। ਉਹ ਖੁੱਲ੍ਹ ਕੇ ਹੱਸਦਾ ਸੀ’।
Instagram Post
‘ਉਹ ਸਾਡੇ ਪਰਿਵਾਰ ਦਾ ਮਾਣ ਅਤੇ ਪ੍ਰੇਰਣਾ ਸੀ। ਉਸ ਦਾ ਟੈਲੀਸਕਾਪ ਉਸ ਦੀ ਸਭ ਤੋਂ ਪਸੰਦੀਦਾ ਚੀਜ਼ ਸੀ, ਜਿਸ ਦੇ ਜ਼ਰੀਏ ਉਹ ਸਿਤਾਰਿਆਂ ਨੂੰ ਦੇਖਿਆ ਕਰਦਾ ਸੀ। ਅਸੀਂ ਹਾਲੇ ਵੀ ਇਸ ਗੱਲ ‘ਤੇ ਯਕੀਨ ਨਹੀਂ ਕਰ ਪਾ ਰਹੇ ਹਾਂ ਕਿ ਅਸੀਂ ਹੁਣ ਦੁਬਾਰਾ ਕਦੀ ਵੀ ਉਸ ਦਾ ਹਾਸਾ ਨਹੀਂ ਸੁਣ ਸਕਾਂਗੇ। ਉਹ ਅਪਣੇ ਹਰੇਕ ਫੈਨ ਨੂੰ ਪਿਆਰ ਕਰਦਾ ਸੀ’।
Sushant Singh Rajput
ਸੁਸ਼ਾਂਤ ਦੇ ਪਰਿਵਾਰ ਨੇ ਬਿਆਨ ਵਿਚ ਦੱਸਿਆ ਕਿ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਇਕ ਫਾਂਊਡੇਸ਼ਨ ਬਣਾਈ ਜਾ ਰਹੀ ਹੈ। ਉਹਨਾਂ ਨੇ ਸੁਸ਼ਾਂਤ ਸਿੰਘ ਨੂੰ ਪਿਆਰ ਦੇਣ ਲਈ ਫੈਨਜ਼ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੁਸ਼ਾਂਤ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਦਾ ਪਰਿਵਾਰ ਸੁਸ਼ਾਂਤ ਸਿੰਘ ਰਾਜਪੂਰ ਫਾਂਊਡੇਸ਼ਨ ਦਾ ਨਿਰਮਾਣ ਕਰ ਰਿਹਾ ਹੈ। ਇਸ ਨਾਲ ਸੁਸ਼ਾਂਤ ਦੀ ਪਸੰਦ ਦੇ ਏਰੀਆ ਯਾਨੀ ਸਾਇੰਸ, ਸਿਨੇਮਾ ਅਤੇ ਖੇਡਾਂ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਸਪੋਰਟ ਕੀਤਾ ਜਾਵੇਗਾ।
Sushant Singh Rajput
ਇਸ ਦੇ ਨਾਲ ਹੀ ਪਟਨਾ ਦੇ ਰਾਜੀਵ ਨਗਰ ਸਥਿਤ ਉਹਨਾਂ ਦੇ ਘਰ ਨੂੰ ਮੈਮੋਰੀਅਲ ਵਿਚ ਤਬਦੀਲ ਕੀਤਾ ਜਾਵੇਗਾ। ਜਿੱਥੇ ਉਹਨਾਂ ਦੀ ਵਸਤਾਂ ਨੂੰ ਰੱਖਿਆ ਜਾਵੇਗਾ, ਜਿਸ ਵਿਚ ਹਜ਼ਾਰਾਂ ਕਿਤਾਬਾਂ, ਟੈਲੀਸਕਾਪ ਅਤੇ ਹੋਰ ਖ਼ਾਸ ਚੀਜ਼ਾਂ ਨੂੰ ਰੱਖਿਆ ਜਾਵੇਗਾ। ਇਸ ਨਾਲ ਫੈਨਜ਼ ਅਤੇ ਸ਼ੁੱਭਚਿੰਤਕ ਸੁਸ਼ਾਂਤ ਨਾਲ ਜੁੜੇ ਰਹਿਣਗੇ। ਬਿਆਨ ਦੇ ਅਖੀਰ ਵਿਚ ਪਰਿਵਾਰ ਨੇ ਦੱਸਿਆ ਕਿ ਸੁਸ਼ਾਂਤ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਉਹਨਾਂ ਦਾ ਪਰਿਵਾਰ ਹੀ ਸੰਭਾਲੇਗਾ।