
ਜਾਨ੍ਹਵੀ ਨੇ ਦਸਿਆ ਕਿ ਉਹ ਪਹਿਲੀ ਵਾਰ ਅਸ਼ਲੀਲ ਵੈੱਬਸਾਈਟਾਂ 'ਤੇ ਅਪਣੀਆਂ ਮੋਰਫਡ ਫੋਟੋਆਂ ਦੇਖ ਕੇ ਹੈਰਾਨ ਰਹਿ ਗਈ
ਮੁੰਬਈ: ਜਾਨ੍ਹਵੀ ਕਪੂਰ ਨੇ ਹਾਲ ਹੀ 'ਚ ਦਸਿਆ ਕਿ ਜਦੋਂ ਉਹ 10 ਸਾਲ ਦੀ ਸੀ ਤਾਂ ਉਸ ਨੇ ਪਹਿਲੀ ਵਾਰ ਅਪਣੀ ਮੋਰਫਡ ਤਸਵੀਰ ਦੇਖੀ ਸੀ। ਅਦਾਕਾਰਾ ਨੇ ਕਿਹਾ ਕਿ ਉਸ ਦੀ ਫੋਟੋ ਪਾਪਰਾਜ਼ੀ ਨੇ ਕਲਿੱਕ ਕੀਤੀ ਸੀ। ਹਾਲਾਂਕਿ ਬਾਅਦ 'ਚ ਕਿਸੇ ਨੇ ਉਸ ਫੋਟੋ ਨਾਲ ਛੇੜਛਾੜ ਕਰਕੇ ਉਸ ਨੂੰ ਬਦਲ ਦਿਤਾ। ਜਾਨ੍ਹਵੀ ਨੇ ਦਸਿਆ ਕਿ ਉਸ ਨੇ ਇਹ ਫੋਟੋ ਯਾਹੂ ਦੇ ਹੋਮਪੇਜ 'ਤੇ ਦੇਖੀ ਸੀ। ਇਕ ਇੰਟਰਵਿਊ ਦੌਰਾਨ ਜਾਨ੍ਹਵੀ ਨੇ ਦਸਿਆ ਕਿ ਉਹ ਪਹਿਲੀ ਵਾਰ ਅਸ਼ਲੀਲ ਵੈੱਬਸਾਈਟਾਂ 'ਤੇ ਅਪਣੀਆਂ ਮੋਰਫਡ ਫੋਟੋਆਂ ਦੇਖ ਕੇ ਹੈਰਾਨ ਰਹਿ ਗਈ। ਇਸ ਫੋਟੋ ਨੂੰ ਲੈ ਕੇ ਸਕੂਲ 'ਚ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਜਾਨ੍ਹਵੀ ਨੇ ਕਿਹਾ- 'ਕੈਮਰਾ ਹਮੇਸ਼ਾ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਬਚਪਨ ਵਿਚ ਜਦੋਂ ਵੀ ਅਸੀਂ ਬਾਹਰ ਜਾਂਦੇ ਸੀ ਤਾਂ ਲੋਕ ਸਾਡੀ ਇਜਾਜ਼ਤ ਤੋਂ ਬਿਨਾਂ ਸਾਡੀਆਂ ਫੋਟੋਆਂ ਖਿੱਚਣ ਲੱਗ ਜਾਂਦੇ ਸਨ। ਮੈਂ 10 ਸਾਲ ਦੀ ਸੀ ਜਦੋਂ ਮੇਰੀ ਇਕ ਫੋਟੋ ਪਹਿਲੀ ਵਾਰ ਵਾਇਰਲ ਹੋਈ ਸੀ। ਜਦੋਂ ਮੈਂ ਅਪਣੇ ਸਕੂਲ ਦੀ ਲੈਬ ਵਿਚ ਪਹੁੰਚੀ, ਤਾਂ ਮੈਂ ਦੇਖਿਆ ਕਿ ਮੇਰੇ ਜਮਾਤੀ ਦੇ ਕੰਪਿਊਟਰ ਸਕ੍ਰੀਨ 'ਤੇ ਮੇਰੀਆਂ ਪਾਪਰਾਜ਼ੀ ਫੋਟੋਆਂ ਦਿਖਾਈ ਦੇ ਰਹੀਆਂ ਸਨ”।
ਜਾਨ੍ਹਵੀ ਨੇ ਦਸਿਆ ਕਿ ਉਹ ਫੋਟੋਆਂ ਬਹੁਤ ਅਜੀਬ ਸਨ। ਬਿਨਾਂ ਮੇਕਅੱਪ ਦੀਆਂ ਤਸਵੀਰਾਂ ਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਜਾਨ੍ਹਵੀ ਨੂੰ ਫਿਲਮ ਇੰਡਸਟਰੀ 'ਚ ਲਾਂਚ ਕੀਤਾ ਜਾ ਰਿਹਾ ਹੈ। ਅਦਾਕਾਰਾ ਨੇ ਕਿਹਾ- 'ਉਨ੍ਹਾਂ ਫੋਟੋਆਂ ਨੇ ਮੈਨੂੰ ਹਰਮਨ ਪਿਆਰਾ ਤਾਂ ਨਹੀਂ ਬਣਾਇਆ ਪਰ ਸਕੂਲ ਦੇ ਸਾਰੇ ਬੱਚਿਆਂ ਨੇ ਮੇਰਾ ਮਜ਼ਾਕ ਜ਼ਰੂਰ ਉਡਾਇਆ। ਉਹ ਮੈਨੂੰ ਨਾਪਸੰਦ ਕਰਨ ਲੱਗੇ। ਉਸ ਸਮੇਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਮੇਰੇ ਦੋਸਤਾਂ ਨੇ ਮੈਨੂੰ ਵੱਖਰੇ ਤਰੀਕੇ ਨਾਲ ਦੇਖਿਆ।
ਉਨ੍ਹਾਂ ਕਿਹਾ- 'ਅੱਜ ਦੇ ਟੈਕਨਾਲੋਜੀ ਅਤੇ ਏਆਈ ਦੇ ਯੁੱਗ ਵਿਚ ਤਸਵੀਰਾਂ ਨਾਲ ਛੇੜਛਾੜ ਹੋਰ ਵਧ ਗਈ ਹੈ। ਜਦੋਂ ਲੋਕ ਇਨ੍ਹਾਂ ਮੋਰਫਡ ਤਸਵੀਰਾਂ ਨੂੰ ਦੇਖਦੇ ਹਨ, ਤਾਂ ਉਹ ਇਨ੍ਹਾਂ ਨੂੰ ਸੱਚ ਮੰਨ ਲੈਂਦੇ ਹਨ। ਮੈਂ ਇਸ ਮਾਮਲੇ ਨੂੰ ਲੈ ਕੇ ਬਹੁਤ ਚਿੰਤਤ ਹਾਂ’। ਜਾਨ੍ਹਵੀ ਨੇ ਅੱਗੇ ਕਿਹਾ, 'ਮੈਨੂੰ ਛੋਟੀ ਉਮਰ ਤੋਂ ਹੀ ਕਈ ਲੋਕਾਂ ਦੇ ਤਾਅਨੇ ਅਤੇ ਗੱਲਾਂ ਸੁਣਨੀਆਂ ਪਈਆਂ। ਜਦੋਂ ਮੈਂ ਬਹੁਤ ਛੋਟੀ ਉਮਰ ਵਿਚ ਆਪਣੀ ਮਰਜ਼ੀ ਨਾਲ ਫਿਲਮ ਇੰਡਸਟਰੀ ਵਿਚ ਦਾਖਲ ਹੋਈ ਸੀ ਤਾਂ ਲੋਕਾਂ ਨੇ ਇਸ ਉਤੇ ਵੀ ਸਵਾਲ ਉਠਾਏ ਸਨ’।