
ਪੁਲਿਸ ਨੇ ਸੁਰੱਖਿਆ ਵਧਾਈ, ਬੰਬ ਸਕੁਐਡ ਟੀਮ ਨੇ ਘਰ ਦੀ ਲਈ ਤਲਾਸ਼ੀ, ਨਹੀਂ ਮਿਲਿਆ ਕੋਈ ਬੰਬ
Actor Vijay news : ਅਦਾਕਾਰ ਵਿਜੇ ਦੇ ਨੀਲੰਕਾਰਾਈ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਚੇਨਈ ਪੁਲਿਸ ਨੂੰ ਐਤਵਾਰ ਰਾਤ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਘਰ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਤੁਰੰਤ ਅਦਾਕਾਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਅਤੇ ਬੰਬ ਸਕੁਐਡ ਟੀਮ ਨੇ ਤਲਾਸ਼ੀ ਲਈ। ਹਾਲਾਂਕਿ ਹੁਣ ਤੱਕ ਕੋਈ ਵਿਸਫੋਟਕ ਨਹੀਂ ਮਿਲਿਆ ਹੈ।
ਉਧਰ ਵਿਜੇ ਦੀ ਕਰੂਰ ਰੈਲੀ ’ਚ ਹੋਈ ਭਗਦੜ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ ਹੈ। ਇਨ੍ਹਾਂ ’ਚ 16 ਔਰਤਾਂ ਅਤੇ 10 ਬੱਚੇ ਸ਼ਾਮਲ ਹਨ ਜਦਕਿ 95 ਲੋਕ ਜ਼ਖਮੀ ਹਨ ਜਿਨ੍ਹਾਂ ’ਚੋਂ 51 ਆਈ.ਸੀ.ਯੂ. ਵਿੱਚ ਹਨ। ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਨੇ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਮਦਰਾਸ ਹਾਈ ਕੋਰਟ ’ਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ’ਤੇ ਅੱਜ ਸੋਮਵਾਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਅਦਾਕਾਰ ਵਿਜੇ ਨੇ 2 ਫਰਵਰੀ 2024 ਨੂੰ ਟੀ.ਵੀ.ਕੇ. ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ 2026 ਦੀਆਂ ਵਿਧਾਨ ਸਭਾ ਚੋਣਾਂ ’ਚ ਉਤਰਨ ਦਾ ਐਲਾਨ ਕੀਤਾ ਸੀ। ਜਿਸ ਦੇ ਚਲਦਿਆਂ ਸੂਬੇ ਭਰ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਕਰੂਰ ’ਚ ਵੀ ਇਸੇ ਨੂੰ ਧਿਆਨ ’ਚ ਰੱਖਦੇ ਹੋਏ ਰੈਲੀ ਰੱਖੀ ਗਈ ਸੀਅਤੇ ਰੈਲੀ ਦੇ ਲਈ 10 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਆਗਿਆ ਸੀ ਪਰ ਉਥੇ ਲਗਭਗ 30 ਹਜ਼ਾਰ ਤੋਂ ਜ਼ਿਆਦਾ ਲੋਕ ਇਕੱਠੇ ਹੋ ਗਏ। ਇਸ ਸਮੇਂ ਕੁੱਝ ਲੋਕ ਵਿਜੇ ਦੀ ਬੱਸ ਵੱਲ ਵਧਣੇ ਸ਼ੁਰੂ ਹੋ ਗਏ ਅਤੇ ਭਗਦੜ ਮਚ ਗਈ।