
ਲੋਕਾਂ ਦੀ ਇਕੱਤਰਤਾ ਉਤੇ ਲੱਗੀਆਂ ਪਾਬੰਦੀਆਂ ਬਦੌਲਤ ਸਿੱਧੇ ਤੌਰ ਉਤੇ ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਇਆ ਗਾਇਕੀ ਖੇਤਰ ਅੱਜ ਤਕ ਵੀ ਪਾਬੰਦੀਆਂ ਤੋਂ ਮੁਕਤ ਨਹੀਂ ਹੋ ਸਕਿਆ।
ਸਾਲ 2020 ਸਾਡੇ ਕੋਲੋਂ ਰੁਖ਼ਸਤ ਹੋ ਗਿਆ ਹੈ। ਇਸ ਨੂੰ ਖ਼ੁਸ਼ ਆਮਦੀਦ ਕਹਿੰਦਿਆਂ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਹ ਵਰ੍ਹਾ ਮਨੁੱਖਤਾ ਲਈ ਸਰਾਪ ਬਣ ਕੇ ਰਹਿ ਜਾਵੇਗਾ। ਮਨੁੱਖਤਾ ਦੀ ਜਾਨ ਉਤੇ ਕਹਿਰ ਬਣ ਕੇ ਝੁੱਲੇ ਇਸ ਵਰ੍ਹੇ ਦਾ ਇਕ-ਇਕ ਦਿਨ ਲੋਕਾਂ ਨੇ ਸਹਿਮ ਦੇ ਸਾਏ ਹੇਠ ਗੁਜ਼ਾਰਿਆ ਹੈ। ਵਰ੍ਹਾ 2020 ਦੇ ਮਸਾਂ ਤਿੰਨ ਮਹੀਨੇ ਹੀ ਬੀਤੇ ਸਨ ਕਿ ਇਨਸਾਨੀਅਤ ਨੂੰ ਕੋਰੋਨਾ ਨਾਂ ਦੀ ਮਹਾਂਮਾਰੀ ਨੇ ਆਣ ਘੇਰਾ ਪਾ ਲਿਆ। ਖੁੱਲ੍ਹੇ ਮੈਦਾਨਾਂ ਵਿਚ ਮਸਤੀਆਂ ਕਰਦੀ ਇਨਸਾਨੀਅਤ ਘਰਾਂ ਵਿਚ ਕੈਦ ਹੋ ਕੇ ਰਹਿ ਗਈ।
ਇਨਸਾਨੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਅਜਿਹਾ ਪੱਖ ਹੋਵੇਗਾ ਜਿਸ ਨੂੰ ਕੋਰੋਨਾ ਮਹਾਂਮਾਰੀ ਨੇ ਪ੍ਰਭਾਵਤ ਨਾ ਕੀਤਾ ਹੋਵੇ। ਇਸ ਦੇ ਨਾਲ ਹੀ ਵਿਸ਼ਵ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿਸ ਨੂੰ ਕੋਰੋਨਾ ਮਹਾਂਮਾਰੀ ਦੀ ਮਾਰ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਕੋਰੋਨਾ ਨੇ ਵਿਸ਼ਵ ਦੇ ਸੱਭ ਤੋਂ ਤਾਕਤਵਰ ਮਹਾਂਦੀਪ ਅਮਰੀਕਾ ਸਮੇਤ ਯੂਰਪ ਅਤੇ ਆਸਟਰੇਲੀਆ ਮਹਾਂਦੀਪਾਂ ਨੂੰ ਅਜਿਹੇ ਭੰਬੂ ਤਾਰੇ ਵਿਖਾਏ ਕਿ ਉਥੇ ਹਾਲਾਤ ਅੱਜ ਤਕ ਸੁਖਾਵੇਂ ਨਹੀਂ ਬਣ ਸਕੇ।
ਗਾਇਕੀ ਦਾ ਸਿੱਧਾ ਸਬੰਧ ਇਨਸਾਨੀ ਮਨ ਦੇ ਖੇੜੇ ਨਾਲ ਹੈ। ਲੋਕਾਂ ਦੀ ਇਕੱਤਰਤਾ ਉਤੇ ਲੱਗੀਆਂ ਪਾਬੰਦੀਆਂ ਬਦੌਲਤ ਸਿੱਧੇ ਤੌਰ ਉਤੇ ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਇਆ ਗਾਇਕੀ ਖੇਤਰ ਅੱਜ ਤਕ ਵੀ ਪਾਬੰਦੀਆਂ ਤੋਂ ਮੁਕਤ ਨਹੀਂ ਹੋ ਸਕਿਆ। ਕਿਸੇ ਸਮੇਂ ਗੁਲਜ਼ਾਰ ਵਾਂਗ ਖਿੜੇ ਪੰਜਾਬੀ ਗਾਇਕੀ ਦੇ ਵਿਹੜੇ ਵਿਚ ਪੱਤਝੜ ਡੇਰਾ ਲਗਾ ਕੇ ਬੈਠ ਗਈ। ਨਵੇਂ ਗੀਤਾਂ ਤੇ ਐਲਬਮਾਂ ਦੇ ਜਾਰੀ ਹੋਣ ਦੀਆਂ ਸੱਭ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਕੋਰੋਨਾ ਮਹਾਂਮਾਰੀ ਨਾਲ ਸਬੰਧਤ ਕੁੱਝ ਕੁ ਗੀਤਾਂ ਨੂੰ ਛੱਡ ਕੇ ਕੋਈ ਵੀ ਪ੍ਰੋਡੂਸਰ ਤੇ ਗਾਇਕ ਕਿਸੇ ਨਵੇਂ ਪ੍ਰਾਜੈਕਟ ਨੂੰ ਹੱਥ ਪਾਉਣ ਦਾ ਜੇਰਾ ਨਾ ਕਰ ਸਕਿਆ। ਗਾਇਕਾਂ ਤੇ ਗੀਤਕਾਰਾਂ ਖ਼ਾਸ ਕਰ ਕੇ ਸਾਜ਼ਿੰਦਿਆਂ ਦੀਆਂ ਆਰਥਕ ਤੰਗੀਆਂ ਤਰੁਟੀਆਂ ਬਾਰੇ ਵੀ ਅਕਸਰ ਪੜ੍ਹਨ ਸੁਣਨ ਨੂੰ ਮਿਲਦਾ ਰਿਹਾ।
Sikhs
ਪੰਜਾਬੀ ਗਾਇਕੀ ਦਾ ਜੱਟ ਕਿਸਾਨੀ ਨਾਲ ਬੜਾ ਡੂੰਘਾ ਨਾਤਾ ਹੈ। 90 ਫ਼ੀ ਸਦੀ ਪੰਜਾਬੀ ਗੀਤਾਂ ਦਾ ਵਿਸ਼ਾ ਜੱਟ ਤੇ ਕਿਸਾਨੀ ਹੀ ਹੁੰਦਾ ਹੈ। ਪੰਜਾਬੀ ਗਾਇਕੀ ਵਿਚੋਂ ਜੱਟ ਤੇ ਕਿਸਾਨੀ ਨੂੰ ਮਨਫ਼ੀ ਕਰਨ ਨਾਲ ਪਿੱਛੇ ਕੁੱਝ ਵੀ ਨਹੀਂ ਰਹਿ ਜਾਂਦਾ। ਪੰਜਾਬੀ ਗਾਇਕੀ ਵਿਚ ਸਮੇਂ-ਸਮੇਂ ਉਤੇ ਜੱਟ ਤੇ ਕਿਸਾਨੀ ਦੇ ਬਹੁਤ ਸਾਰੇ ਰੰਗ ਉਘੜਦੇ ਰਹੇ ਹਨ। ਜੱਟ ਨੂੰ ਨਿਡਰ, ਐਸ਼ਪ੍ਰਸਤ, ਕਾਨੂੰਨਾਂ ਤੋਂ ਬੇਖ਼ੌਫ਼ ਕਿਰਦਾਰ ਦੇ ਰੂਪ ਵਿਚ ਰੂਪਮਾਨ ਕਰਨ ਦੇ ਨਾਲ-ਨਾਲ ਗੀਤਾਕਾਰਾਂ ਵਲੋਂ ਜੱਟ ਤੇ ਜੱਟੀ ਦੇ ਪ੍ਰੇਮ ਪਿਆਰ ਨੂੰ ਵੀ ਵੱਡੇ ਪੱਧਰ ਉਤੇ ਗੀਤਾਂ ਦਾ ਵਿਸ਼ਾ ਬਣਾਇਆ ਗਿਆ।
Kanwar Grewal
ਜੱਟੀ ਦਾ ਸੁਹੱਪਣ, ਜੱਟਾਂ ਦੀ ਸ੍ਰੀਰਕ ਤਾਕਤ ਅਤੇ ਤਕੜੇ ਜੇਰੇ ਵੀ ਪੰਜਾਬੀ ਗਾਇਕੀ ਦਾ ਵਿਸ਼ਾ ਬਣੇ ਹਨ। ਜੱਟਾਂ ਨੂੰ ਹਥਿਆਰਾਂ ਤੇ ਸ਼ਰਾਬ ਦੇ ਸ਼ੌਕੀਨ ਵਜੋਂ ਵੀ ਪੇਸ਼ ਕੀਤਾ ਗਿਆ। ਪੰਜਾਬੀ ਗਾਇਕੀ ਵਲੋਂ ਜੱਟ ਤੇ ਕਿਸਾਨ ਦੀ ਪੇਸ਼ ਕੀਤੀ ਤਸਵੀਰ ਉਤੇ ਬਹੁਤ ਸਾਰੇ ਬੁਧੀਜੀਵੀਆਂ ਨੂੰ ਗਿਲਾ ਵੀ ਰਿਹਾ। ਪੰਜਾਬੀ ਗਾਇਕੀ ਉਤੇ ਨੌਜੁਆਨ ਕਿਸਾਨਾਂ ਨੂੰ ਕੁਰਾਹੇ ਪਾਉਣ ਦੇ ਦੋਸ਼ਾਂ ਦਾ ਸਾਹਮਣਾ ਵੀ ਪਿਛਲੇ ਲੰਮੇ ਸਮੇਂ ਤੋਂ ਕਰਨਾ ਪੈ ਰਿਹਾ ਹੈ।
Ranjit Bawa
ਸਾਲ 2020 ਦੌਰਾਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ਸ਼ੀਲ ਹੋਏ ਕਿਸਾਨਾਂ ਦੀ ਪੰਜਾਬੀ ਗਾਇਕਾਂ ਵਲੋਂ ਕੀਤੀ ਹਮਾਇਤ ਨੇ ਪੰਜਾਬੀ ਗਾਇਕੀ ਨੂੰ ਇਕ ਵਖਰਾ ਮੁਕਾਮ ਦਿਤਾ। ਕਿਸੇ ਸਮੇਂ ਨੌਜੁਆਨਾਂ ਨੂੰ ਕੁਰਾਹੇ ਪਾਉਣ ਦੇ ਇਲਜ਼ਾਮਾਂ ਵਿਚ ਘਿਰੇ ਪੰਜਾਬੀ ਗਾਇਕ ਨੌਜੁਆਨ ਨੂੰ ਸੰਘਰਸ਼ਸ਼ੀਲ ਹੋਣ ਲਈ ਪ੍ਰੇਰਿਤ ਕਰਦੇ ਨਜ਼ਰ ਆਏ। ਗਾਇਕਾਂ ਨੇ ਸੰਘਰਸ਼ ਦੇ ਪਿੜਾਂ ਵਿਚ ਹਾਜ਼ਰੀਆਂ ਲਗਵਾਉਣ ਦੇ ਨਾਲ ਨਾਲ ਗੀਤਾਂ ਰਾਹੀਂ ਨੌਜੁਆਨ ਕਿਸਾਨਾਂ ਨੂੰ ਜੁਝਾਰੂ ਵਿਰਸੇ ਦਾ ਅਜਿਹਾ ਪਾਠ ਪੜ੍ਹਾਇਆ ਕਿ ਨੌਜੁਆਨ ਵੱਡੀ ਪੱਧਰ ਉਤੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ। ਦਿਲਜੀਤ ਦੋਸਾਂਝ, ਕੰਵਰ ਗਰੇਵਾਲ, ਬੱਬੂ ਮਾਨ, ਗੁਰਵਿੰਦਰ ਬਰਾੜ, ਰਣਜੀਤ ਬਾਵਾ, ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਸਮੇਤ ਬਹੁਤ ਸਾਰੇ ਪੰਜਾਬੀ ਗਾਇਕ ਅਕਸਰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਦੇ ਰਹੇ।
Babbu Mann
ਕੋਰੋਨਾ ਮਹਾਂਮਾਰੀ ਬਦੌਲਤ ਸੁਸਤ ਹੋਈ ਪੰਜਾਬੀ ਗਾਇਕੀ ਨੂੰ ਵੀ ਕਿਸਾਨੀ ਸੰਘਰਸ਼ ਨਾਲ ਰਵਾਨੀ ਮਿਲੀ। ਗੀਤਕਾਰਾਂ ਨੇ ਕਲਮਾਂ ਨੂੰ ਮੁੜ ਤੋਂ ਹਲੂਣਾ ਦਿੰਦਿਆਂ ਸੰਘਰਸ਼ੀ ਲੋਕਾਂ ਨੂੰ ਮਾਨਸਿਕ ਮਜ਼ਬੂਤੀ ਦੇਣੀ ਸ਼ੁਰੂ ਕੀਤੀ। ਕਿਸਾਨੀ ਸੰਘਰਸ਼ ਨਾਲ ਜੁੜੇ ਗੀਤਾਂ ਦੀ ਤੇਜ਼ੀ ਨਾਲ ਆਮਦ ਸ਼ੁਰੂ ਹੋਈ। ਕਿਸਾਨਾਂ ਦੇ ਪ੍ਰਦਰਸ਼ਨ ਸਥਾਨਾਂ ਤੇ ਟਰੈਕਟਰਾਂ ਉਤੇ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਵੇਂ ਗੀਤ ਵੱਜਣ ਲਗੇ।
ਹਰਫ਼ ਚੀਮਾਂ ਤੇ ਕੰਵਰ ਗਰੇਵਾਲ ਦੇ ਗੀਤ ‘ਪੇਚਾ ਪੈ ਗਿਆ ਸੈਂਟਰ ਨਾਲ’ ਸਮੇਤ ਕੋਈ ਦੋ ਦਰਜਨ ਤੋਂ ਉੱਪਰ ਪੰਜਾਬੀ ਗੀਤ ਕਿਸਾਨੀ ਸੰਘਰਸ਼ ਦੌਰਾਨ ਰਲੀਜ਼ ਹੋਏ ਹਨ।
Jass Bajwa
ਇਹ ਗੀਤ ਖ਼ੂਬ ਹਰਮਨ ਪਿਆਰਾ ਹੋ ਰਿਹਾ ਹੈ। ਦਿੱਲੀ ਵਲ ਚੱਲੇ ਕਾਫ਼ਲੇ ਦੇ ਤਕਰੀਬਨ ਸਾਰੇ ਹੀ ਟਰੈਕਟਰਾਂ ਉਤੇ ਇਹ ਗੀਤ ਧੜੱਲੇ ਨਾਲ ਵਜਦਾ ਰਿਹਾ। ਇਸ ਦੇ ਨਾਲ ਹੀ ਆਰ. ਨੇਤ ਦਾ ਗੀਤ ‘ਦਿੱਲੀ’ ਵੀ ਨੌਜੁਆਨਾਂ ਵਿਚ ਜੋਸ਼ ਭਰਦਾ ਨਜ਼ਰ ਆਇਆ। ਜੋਬਨ ਸੰਧੂ ਦਾ ਗੀਤ ‘ਦਿੱਲੀ ਦੂਰ ਨਹੀਂ’ ਪ੍ਰੀਤ ਕਾਤਰੋਂ ਦਾ ਗੀਤ ‘ਕਿਸਾਨ’ ਵੀ ਖ਼ੂਬ ਚਰਚਾ ਵਿਚ ਰਿਹਾ। ਹਿੰਮਤ ਸੰਧੂ ਦਾ ਗੀਤ ‘ਅਸੀ ਵੱਢਾਂਗੇ’ ਕਿਸਾਨ ਮਾਨਸਿਕਤਾ ਨੂੰ ਟੁੰਬਣ ਵਾਲਾ ਹੈ। ਇਸ ਗੀਤ ਨੇ ਕਿਸਾਨਾਂ ਦੀ ਮਾਨਸਿਕਤਾ ਨੂੰ ਇਸ ਗੱਲੋਂ ਪੱਕੇ ਪੈਰੀਂ ਕੀਤਾ ਕਿ ਉਨ੍ਹਾਂ ਦੇ ਖੇਤਾਂ ਉਤੇ ਕਬਜ਼ਾ ਕਰਨਾ ਸੌਖਾ ਨਹੀਂ।
Joban Sandhu
ਦਰਸ਼ ਧਾਲੀਵਾਲ ਦੇ ਗੀਤ ‘ਹੱਲਾ’ ਤੇ ਕੰਵਰ ਗਰੇਵਾਲ ਦੇ ਗੀਤ ‘ਐਲਾਨ’ ਸਮੇਤ ਪ੍ਰਧਾਨ ਮੰਤਰੀ ਮੋਦੀ ਵਲੋਂ ਅੱਛੇ ਦਿਨਾਂ ਦੀ ਆਮਦ ਦਰਮਿਆਨ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਖੋਖਲੇ ਦਾਅਵਿਆਂ ਦੀ ਫੂਕ ਕਢਦਾ ਵਾਰਸ ਭਰਾਵਾਂ ਦਾ ਗੀਤ ‘ਪੰਜਾਬ ਦੀ ਕਿਸਾਨੀ’ ਵੀ ਖ਼ੂਬ ਚਰਚਾ ਵਿਚ ਰਿਹਾ। ਸਾਲ 2020 ਭਾਰਤ ਸਮੇਤ ਦੁਨੀਆਂ ਦੇ ਇਤਿਹਾਸ ਦਾ ਸੱਭ ਤੋਂ ਮਾੜਾ ਵਰ੍ਹਾ ਰਿਹਾ ਹੋਵੇਗਾ। ਸ਼ਾਇਦ ਇਹ ਵਰ੍ਹਾ ਸਾਰੇ ਹੀ ਗਾਇਕਾਂ ਦੀਆਂ ਸੱਭ ਤੋਂ ਘੱਟ ਸਟੇਜਾਂ ਦਾ ਵਰ੍ਹਾ ਵੀ ਰਹੇਗਾ ਪਰ ਇਹ ਵਰ੍ਹਾ ਪੰਜਾਬੀ ਗਾਇਕੀ ਵਲੋਂ ਪੰਜਾਬ ਦੀ ਖੇਤੀ ਦੇ ਬਚਾਅ ਲਈ ਆਰੰਭੇ ਸੰਘਰਸ਼ ਵਿਚ ਯੋਗਦਾਨ ਪਾਉਣ ਵਜੋਂ ਵਿਲੱਖਣ ਜ਼ਰੂਰ ਰਿਹਾ।
Singers
ਕਿਸਾਨੀ ਸੰਘਰਸ਼ੀ ਦਾ ਅਖਾੜਾ ਮਘਾਉਣ ਵਿਚ ਪੰਜਾਬੀ ਗਾਇਕੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਹਿ ਸਕਦੇ ਹਾਂ ਕਿ ਵਰ੍ਹਾ 2020 ਦੌਰਾਨ ਪੰਜਾਬੀ ਗਾਇਕੀ ਦੇ ਖੇਤਰ ਵਿਚ ਬਹੁਤ ਥੋੜਾ ਕੰਮ ਹੋਇਆ ਪਰ ਜੋ ਹੋਇਆ ਵਿਲੱਖਣ ਤੇ ਪਾਏਦਾਰ ਹੋਇਆ ਹੈ। ਇਸ ਵਰ੍ਹੇ ਪੰਜਾਬੀ ਗਾਇਕੀ ਨੇ ਜੱਟ ਤੇ ਕਿਸਾਨਾਂ ਦੀ ਜ਼ਿੰਦਗੀ ਦੀ ਹਕੀਕਤ ਦੇ ਨੇੜੇ ਆਉਣ ਦੀ ਸਾਰਥਕ ਕੋਸ਼ਿਸ਼ ਕੀਤੀ। ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਨੂੰ ਅਮੀਰ ਵਿਰਸੇ ਦੀ ਯਾਦ ਦਿਵਾਉਣ ਦੀ। ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਨਵਾਂ ਵਰ੍ਹਾ ਪੰਜਾਬੀ ਗਾਇਕੀ ਲਈ ਖ਼ੁਸ਼ੀਆਂ ਤੇ ਖੇੜਿਆਂ ਦਾ ਸਬੱਬ ਬਣ ਕੇ ਆਵੇ।
ਬਿੰਦਰ ਸਿੰਘ ਖੁੱਡੀਕਲਾਂ
ਸੰਪਰਕ : 98796-05965