
ਨਛੱਤਰ ਦੀ ਦਮਦਾਰ ਆਵਾਜ਼ ਗੀਤ ਨੂੰ ਵੱਖਰੇ ਪੱਧਰ 'ਤੇ ਲੈ ਕੇ ਜਾ ਰਹੀ ਹੈ
6 ਅਪ੍ਰੈਲ ਨੂੰ ਪੰਜਾਬੀ ਸਿਨੇਮਾ 'ਤੇ ਦਸਤਕ ਦੇਣ ਵਾਲੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੇ ਪਰੋਮੋ ਅਤੇ ਦੋ ਗੀਤਾਂ ਤੋਂ ਬਾਅਦ ਅੱਜ ਇਕ ਹੋਰ ਨਵਾਂ ਗੀਤ 'ਹਥਿਆਰ' ਰਿਲੀਜ਼ ਹੋ ਗਿਆ ਹੈ। ਇਹ ਗੀਤ ਸਰਹਦ 'ਤੇ ਖੜ੍ਹੇ ਜਵਾਨਾਂ ਦੇ ਜੋਸ਼ ਅਤੇ ਉਤਸ਼ਾਹ ਨੂੰ ਵਧਾਉਣ ਵਾਲਾ ਗੀਤ ਹੈ। ਫ਼ਿਲਮ ਦੇ ਗੀਤ ਹਥਿਆਰ ਨੂੰ ਆਵਾਜ਼ ਦਿਤੀ ਹੈ ਪੰਜਾਬੀ ਸੰਗੀਤ ਦੀ ਬੁਲੰਦ ਆਵਾਜ਼ ਦੇ ਮਾਲਿਕ ਨਛੱਤਰ ਗਿੱਲ ਨੇ , ਨਛੱਤਰ ਦੀ ਦਮਦਾਰ ਆਵਾਜ਼ ਗੀਤ ਨੂੰ ਵੱਖਰੇ ਪੱਧਰ 'ਤੇ ਲੈ ਕੇ ਜਾ ਰਹੀ ਹੈ । ਇਸ ਗੀਤ 'ਚ ਸੂਬੇਦਾਰ ਜੋਗਿੰਦਰ ਸਿੰਘ ਤੇ ਉਨ੍ਹਾਂ ਦੀ ਪਲਟਨ ਦਾ ਦੇਸ਼ ਪ੍ਰਤੀ ਜਨੂੰਨ ਤੇ ਪਿਆਰ ਦਿਖਾਇਆ ਗਿਆ ਹੈ । ਗੀਤ ਵਿਚ ਹੀ ਜਵਾਨਾਂ ਨੂੰ ਦੁਸ਼ਮਣਾਂ ਨਾਲ ਲੋਹਾ ਲੈਣ ਦੇ ਲਈ ਤਿਆਰੀਆਂ ਕਰਦਿਆਂ ਦਿਖਾਇਆ ਗਿਆ ਹੈ।
ਹਥਿਆਰ ਗੀਤ ਨੂੰ ਸੰਗੀਤ ਦਿਤਾ ਹੈ ਗੁਰਮੀਤ ਸਿੰਘ ਨੇ ਅਤੇ ਇਸ ਨੂੰ ਬੋਲ ਅਮਰਦੀਪ ਸਿੰਘ ਗਿੱਲ ਨੇ ਦਿਤੇ। ਜਿਵੇਂ ਕਿ ਸੱਭ ਜਾਂਦੇ ਹਨ ਕਿ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਸੂਬੇਦਾਰ ਜੋਗਿੰਦਰ ਸਿੰਘ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਆਪਣੇ 21 ਸਿੱਖ ਫੌਜੀਆਂ ਨਾਲ ਮਿਲ ਕੇ ਲਗਭਗ 1000 ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਅਤੇ ਫਿਰ ਸ਼ਹਾਦਤ ਨੂੰ ਗਲ ਨਾਲ ਲੈ ਲਿਆ ਸੀ। ਫਿਲਮ 'ਚ ਸੂਬੇਦਾਰ ਦੇ ਕਿਰਦਾਰ ਵਜੋਂ ਗਿੱਪੀ ਗਰੇਵਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਜਿਸ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਅਦਿਤੀ ਸ਼ਰਮਾ,ਅਤੇ ਪਲਟਨ 'ਚ ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਚਰਨਜੀਤ ਸਿੰਘ ,ਰੌਸ਼ਨ ਪ੍ਰਿੰਸ,ਨਿਰਮਲ ਰਿਸ਼ੀ ਤੇ ਜੋਰਡਨ ਸੰਧੂ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਰੋਮਾਂਟਿਕ ਗੀਤ ਰਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਲੋਕ ਬੇਸਬਰੀ ਨਾਲ ਫ਼ਿਲਮ ਦੇ ਰਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।