
ਸ਼ੁਭ ਨੇ ਇਸ ਮਾਮਲੇ ’ਤੇ ਅਪਣਾ ਸਪੱਸ਼ਟੀਕਰਨ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।
Shubh vs Kangana Ranaut controversy News: ਮਸ਼ਹੂਰ ਪੰਜਾਬੀ ਗਾਇਕ ਸ਼ੁਭ ਮੁੜ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਲੰਡਨ ਸ਼ੋਅ ਦੌਰਾਨ ਉਨ੍ਹਾਂ ਵਲੋਂ ਅਪਣੇ ਸਟੇਜ ਤੋਂ ਅਪਣੇ ਦਰਸ਼ਕਾਂ ਸਾਹਮਣੇ ਇਕ ਹੁੱਡੀ ਦਿਖਾਈ ਗਈ। ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਸ਼ੁਭ ਵਲੋਂ ਦਿਖਾਈ ਗਈ ਹੁੱਡੀ ਉਤੇ ਬਣੀ ਪੰਜਾਬ ਦੇ ਨਕਸ਼ੇ ਦੀ ਤਸਵੀਰ ਉਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਸਮੇਤ ਕਈ ਸੋਸ਼ਲ ਮੀਡੀਆ ਯੂਜਰਜ਼ ਨੇ ਸ਼ੁਭ ਨੂੰ ਟਰੋਲ ਕਰਨਾ ਸ਼ੁਰੂ ਕਰ ਦਿਤਾ। ਸ਼ੁਭ ਨੇ ਇਸ ਮਾਮਲੇ ’ਤੇ ਅਪਣਾ ਸਪੱਸ਼ਟੀਕਰਨ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।
ਕੰਗਨਾ ਰਣੌਤ ਨੇ ਕੀਤਾ ਟਵੀਟ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਹੀ ਅਪਣੀਆਂ ਟਿੱਪਣੀਆਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਕੰਗਨੇ ਨੇ ਸ਼ੁਭ ਦੀ ਵਾਇਰਲ ਵੀਡੀਉ ਉਤੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉਤੇ ਲਿੱਖਿਆ,“ਉਨ੍ਹਾਂ ਲੋਕਾਂ ਵਲੋਂ ਇਕ ਬੁੱਢੀ ਔਰਤ ਦੇ ਕਾਇਰਤਾ ਪੂਰਨ ਕਤਲ ਦਾ ਜਸ਼ਨ ਮਨਾਉਣਾ, ਜਿਨ੍ਹਾਂ ਨੂੰ ਉਸ ਨੇ ਅਪਣੇ ਰੱਖਿਅਕਾਂ ਵਜੋਂ ਨਿਯੁਕਤ ਕੀਤਾ ਸੀ।''
Celebrating the cowardly killing of an old woman by those who she appointed as her saviours.
When you are trusted to protect but you take advantage of the trust and faith and use the same weapons to kill the ones were suppose to protect then it’s a shameful act of cowardice not… https://t.co/GMqGjPeJQu
“ਜਦੋਂ ਤੁਹਾਡੇ ਬਚਾਉਣ ਵਾਲਿਆਂ ਵਜੋਂ ਭਰੋਸਾ ਕੀਤਾ ਜਾਂਦਾ ਹੈ ਪਰ ਤੁਸੀਂ ਉਸ ਭਰੋਸੇ ਅਤੇ ਵਿਸ਼ਵਾਸ ਦਾ ਫਾਇਦਾ ਚੁੱਕਦੇ ਹੋ ਅਤੇ ਉਨ੍ਹਾਂ ਨੂੰ ਮਾਰਨ ਲਈ ਉਹੀ ਹਥਿਆਰ ਵਰਤਦੇ ਹੋ, ਜਿਨ੍ਹਾਂ ਨਾਲ ਉਨ੍ਹਾਂ ਦੀ ਰੱਖਿਆ ਕਰਨੀ ਸੀ ਤਾਂ ਇਹ ਬਹਾਦਰੀ ਭਰਿਆ ਨਹੀਂ ਬਲਕਿ ਕਾਇਰਤਾ ਭਰਿਆ ਸ਼ਰਮਨਾਕ ਕੰਮ ਹੈ।” “ਇਕ ਬਜ਼ੁਰਗ ਔਰਤ ਜੋ ਨਿਹੱਥੀ ਅਤੇ ਅਜਿਹੀ ਘਟਨਾ ਤੋਂ ਅਣਜਾਣ ਸੀ, 'ਤੇ ਅਜਿਹੇ ਕਾਇਰਾਨਾ ਹਮਲੇ 'ਤੇ ਸ਼ਰਮ ਆਉਣੀ ਚਾਹੀਦੀ ਹੈ। ਇਕ ਔਰਤ ਜੋ ਲੋਕਤੰਤਰਿਕ ਤੌਰ ’ਤੇ ਚੁਣੀ ਹੋਈ ਆਗੂ ਸੀ।” ਕੰਗਨਾ ਨੇ ਸ਼ੁਭ ਨੂੰ ਸੰਬੋਧਿਤ ਹੁੰਦਿਆਂ ਕਿਹਾ,“ਇਸ ਵਿਚ ਕੁੱਝ ਵੀ ਵਡਿਆਈ ਕਰਨ ਵਾਲਾ ਨਹੀਂ ਹੈ। ਸ਼ਰਮ ਕਰੋ”।
ਸ਼ੁਭ ਨੇ ਦਿਤਾ ਸਪੱਸ਼ਟੀਕਰਨ
ਇਸ ਵਿਵਾਦ ਦੇ ਚਲਦਿਆਂ ਸ਼ੁਭ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿਤਾ ਹੈ। ਸ਼ੁਭ ਨੇ ਅਪਣੀ ਚੁੱਪੀ ਤੋੜਦਿਆਂ ਇਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, "ਮੈਂ ਜੋ ਮਰਜ਼ੀ ਕਰਾਂ, ਕੁੱਝ ਲੋਕ ਇਸ ਨੂੰ ਮੇਰੇ ਵਿਰੁਧ ਲਿਆਉਣ ਲਈ ਕੁੱਝ ਨਾ ਕੁੱਝ ਲੱਭ ਹੀ ਲੈਣਗੇ। ਲੰਡਨ ਵਿਚ ਮੇਰੇ ਪਹਿਲੇ ਸ਼ੋਅ ਦੌਰਾਨ ਦਰਸ਼ਕਾਂ ਨੇ ਮੇਰੇ ਵੱਲ ਬਹੁਤ ਸਾਰੇ ਕੱਪੜੇ, ਗਹਿਣੇ ਅਤੇ ਫ਼ੋਨ ਅਦਿ ਸੁੱਟੇ ਸਨ।"
ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਉਥੇ ਆਪਣੀ ਕਲਾ ਦੀ ਪੇਸ਼ਕਾਰੀ ਦੇਣ ਲਈ ਗਿਆ ਸੀ, ਇਹ ਦੇਖਣ ਲਈ ਨਹੀਂ ਕਿ ਮੇਰੇ 'ਤੇ ਕੀ ਸੁੱਟਿਆ ਗਿਆ ਹੈ ਅਤੇ ਇਸ 'ਤੇ ਕੀ ਬਣਿਆ ਹੋਇਆ ਹੈ। ਟੀਮ ਨੇ ਤੁਹਾਡੇ ਸਾਰਿਆਂ ਲਈ ਸ਼ੌਅ ਕਰਨ ਲਈ ਪਿਛਲੇ ਕੁੱਝ ਮਹੀਨਿਆਂ ਤੋਂ ਬਹੁਤ ਸਖ਼ਤ ਮਿਹਨਤ ਕੀਤੀ ਹੈ। ਕ੍ਰਿਪਾ ਕਰ ਕੇ ਨਫ਼ਰਤ ਅਤੇ ਨਕਾਰਾਤਮਕਤਾ ਫੈਲਾਉਣਾ ਬੰਦ ਕਰੋ।"
ਕੁੱਝ ਮਹੀਨੇ ਪਹਿਲਾਂ ਰੱਦ ਹੋਇਆ ਸੀ ਇੰਡੀਆ ਟੂਰ
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸ਼ੁਭ ਦਾ 23 ਸਤੰਬਰ, 2023 ਤੋਂ ਭਾਰਤ ਵਿਚ ਸ਼ੁਰੂ ਹੋਣ ਵਾਲਾ ਟੂਰ ‘ਸਟਿਲ ਰੋਲਿਨ’ ਰੱਦ ਹੋ ਗਿਆ ਸੀ। ਇਹ ਸ਼ੋਅ ਰੱਦ ਹੋਣ ਦਾ ਕਾਰਨ ਵੀ ਸ਼ੁਭ ਵਿਰੁਧ ਕਥਿਤ ਤੌਰ ’ਤੇ ਖ਼ਾਸਿਲਤਾਨ ਹਮਾਇਤੀ ਹੋਣ ਦੇ ਲੱਗੇ ਇਲਜ਼ਾਮ ਸਨ। ਉਸ ਸਮੇਂ ਵੀ ਸ਼ੁਭ ਨੇ ਅਪਣਾ ਸਪੱਸ਼ਟੀਕਰਨ ਦਿੰਦਿਆਂ ਸ਼ੋਅ ਰੱਦ ਹੋਣ ’ਤੇ ਦੁੱਖ ਪ੍ਰਗਟਾਇਆ ਸੀ।