
ਫ਼ਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ ਸੀ ਅਤੇ ਉਹ ਇਸ ਦੇ ਸੀਕਵਲ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਚੰਡੀਗੜ੍ਹ: ਮਸ਼ਹੂਰ ਅਦਾਕਾਰਾ ਨੀਰੂ ਬਾਜਵਾ, ਅਦਾਕਾਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਅਤੇ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ 2018 ਵਿਚ ਰਿਲੀਜ਼ ਹੋਈ ਫਿਲਮ ਲੌਂਗ ਲਾਚੀ ਦੇ ਨਿਰਮਾਤਾ 19 ਅਗਸਤ 2022 ਨੂੰ ਦਰਸ਼ਕਾਂ ਦੀ ਜ਼ੋਰਦਾਰ ਮੰਗ 'ਤੇ "ਲੌਂਗ ਲਾਚੀ 2" ਸਿਰਲੇਖ ਦਾ ਸੀਕਵਲ ਰਿਲੀਜ਼ ਕਰਨ ਜਾ ਰਹੇ ਹਨ। ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ ਸੀ ਅਤੇ ਉਹ ਇਸ ਦੇ ਸੀਕਵਲ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਲੌਂਗ ਲਾਚੀ ਫਿਲਮ ਨੂੰ ਸਭ ਤੋਂ ਜ਼ਿਆਦਾ ਪਸੰਦ ਇਸ ਲਈ ਵੀ ਕੀਤਾ ਗਿਆ ਸੀ ਕਿਉਂਕਿ ਇਹ ਇਕ ਅਜਿਹੀ ਫ਼ਿਲਮ ਸੀ ਜੋ ਬੇਹੱਦ ਸਾਦਗੀ ਭਰੀ ਸੀ। ਇਸ ਫਿਲਮ ਦੀ ਕਹਾਣੀ ਤੋਂ ਲੈ ਕੇ ਫਿਲਮ ਦੇ ਸਕਰੀਨ ਪਲੇਅ, ਡਾਇਲਾਗ, ਗੀਤ, ਪਹਿਰਾਵਾ, ਮਰਿਯਾਦਾ ਸਭ ਸਾਧਾਰਨ ਅਤੇ ਸੰਜੀਦਾ ਸੀ। ਫਿਲਮ 'ਚ ਕੁੱਝ ਵੀ ਵਧਾ ਚੜ੍ਹਾ ਕੇ ਨਹੀਂ ਦਿਖਾਇਆ ਗਿਆ ਸੀ। ਟ੍ਰੇਲਰ ਤੇ ਟਾਈਟਲ ਟਰੈਕ ਨੂੰ ਦੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਫਿਲਮ ਵੀ ਇਕ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ। ਫਿਲਮ ਡਰਾਮਾ, ਕਮੇਡੀ, ਰੋਮਾਂਸ ਦਾ ਸੰਪੂਰਨ ਮਿਸ਼ਰਣ ਹੋਣ ਵਾਲੀ ਹੈ। ਇਸ ਦੀ ਕਹਾਣੀ ਬੇਹੱਦ ਮਜ਼ੇਦਾਰ ਹੈ। ਕਿਵੇਂ ਹੁਣ ਇਕ ਪੰਜਾਬੀ ਪਰਿਵਾਰ ਮੁਸਲਿਮ ਹੋਣ ਦਾ ਨਾਟਕ ਕਰਦਾ ਹੈ ਤੇ ਕਿਵੇਂ 1947 ਦੀ ਵੰਡ ਤੋਂ ਪਹਿਲਾਂ ਵਾਲਾ ਮਾਹੌਲ ਬਣਾਇਆ ਜਾਂਦਾ ਹੈ।
ਇਸ ਦੇ ਨਾਲ ਹੀ ਇਹ ਵੀ ਦੇਖਣਾ ਖ਼ਾਸ ਰਹੇਗਾ ਕਿ ਇਸ ਵਾਰ ਲਾਚੀ ਨੂੰ ਕਿਹੜਾ ਲੌਂਗ ਮਿਲੇਗਾ- ਐਮੀ ਵਿਰਕ ਜਾਂ ਅੰਬਰਦੀਪ ਸਿੰਘ? ਦਰਸ਼ਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ ਨਿਰਮਾਤਾਵਾਂ ਨੇ ਪਹਿਲਾਂ ਟ੍ਰੇਲਰ ਤੇ ਹੁਣ 'ਲੌਂਗ ਲਾਚੀ 2' ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਵਿਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ ਨਜ਼ਰ ਆ ਹਨ। ਇਸ ਗੀਤ ਨੂੰ ਸਿਮਰਨ ਭਾਰਦਵਾਜ ਨੇ ਗਾਇਆ ਹੈ। ਗੀਤ ਨੂੰ ਹਰਮਨਜੀਤ ਸਿੰਘ ਨੇ ਲਿਖਿਆ ਹੈ, ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ ਅਤੇ ਅਰਵਿੰਦ ਠਾਕੁਰ ਨੇ ਇਸ ਗੀਤ ਦੀ ਖੂਬਸੂਰਤ ਕੋਰੀਓਗ੍ਰਾਫੀ ਕੀਤੀ ਹੈ।
ਫਿਲਮ ਦੀ ਸ਼ਾਨਦਾਰ ਸਟਾਰ ਕਾਸਟ ਵਿਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਅਲਾਵਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਤੇ ਹੋਰ ਦਿੱਗਜ ਮੌਜੂਦ ਹਨ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਨੇ ਖੁਦ ਕੀਤਾ ਹੈ ਅਤੇ ਅਮਿਤ ਸੁਮਿਤ, ਖੁਸ਼ਬੀਰ ਮਕਨਾ, ਅਮਨਦੀਪ ਕੌਰ ਅਤੇ ਅੰਬਰਦੀਪ ਦੁਆਰਾ ਸਾਂਝੇ ਤੌਰ 'ਤੇ ਲਿਖਿਆ ਗਿਆ ਹੈ। ਇਹ ਫਿਲਮ ਵਿਲੇਜਰਜ਼ ਫਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨ, ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ ਜਿਸ ਨੂੰ ਭਗਵੰਤ ਵਿਰਕ ਦੁਆਰਾ ਨਿਰਮਿਤ ਕੀਤਾ ਗਿਆ ਹੈ।