
ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਵੀ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ
ਸੰਗਰੂਰ : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਵੀਰਵਾਰ ਸ਼ਾਮ 4 ਵਜੇ 120 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਫ਼ਤਿਹਵੀਰ ਸਿੰਘ (2) ਨੂੰ ਬਚਾਉਣ ਲਈ ਪਿਛਲੇ 94 ਘੰਟਿਆਂ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਰ ਕੋਈ ਫ਼ਤਿਹਵੀਰ ਦੀ ਸਲਾਮਤੀ ਅਤੇ ਛੇਤੀ ਬੋਰਵੈੱਲ 'ਚੋਂ ਬਾਹਰ ਕੱਢੇ ਜਾਣ ਦੀਆਂ ਦੁਆਵਾਂ ਕਰ ਰਿਹਾ ਹੈ। ਇਸ ਦੌਰਾਨ ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਉੱਘੇ ਹਾਸ ਕਲਾਕਾਰ ਕਰਮਜੀਤ ਅਨਮੋਲ ਨੇ ਵੀ ਫ਼ਤਿਹਵੀਰ ਲਈ ਅਰਦਾਸ ਕੀਤੀ ਹੈ।
ਕਰਮਜੀਤ ਅਨਮੋਲ ਨੇ ਆਪਣੇ ਫ਼ੇਸਬੁਕ ਪੇਜ਼ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਲੋਕਾਂ ਨੂੰ ਬੱਚੇ ਦੀ ਸਲਾਮਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਫ਼ਤਿਹਵੀਰ ਦਾ ਜਨਮ ਦਿਨ ਵੀ ਹੈ। ਉਸ ਨੂੰ ਜਿਊਂਦਾ ਬਚਾਅ ਕੇ ਨਵੀਂ ਜ਼ਿੰਦਗੀ ਭੇਟ ਕੀਤੀ ਜਾਵੇ। ਕਰਮਜੀਤ ਅਨਮੋਲ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਵੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਦੇਸ਼ 'ਚ ਅਜਿਹੀ ਕੋਈ ਮਸ਼ੀਨ ਨਹੀਂ ਹੈ, ਜਿਸ ਨਾਲ ਮੁਸ਼ਕਲ ਸਮੇਂ ਛੇਤੀ ਖੱਡ ਪੁੱਟੀ ਜਾ ਸਕੇ। ਇਸੇ ਕਾਰਨ ਪੰਜਾਬ ਦੇ ਮਾਂ-ਪਿਓ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ।
Rescue Operation of Fatehveer Singh
ਜ਼ਿਕਰਯੋਗ ਹੈ ਕਿ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ 'ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫ਼ਤਿਹਵੀਰ ਤਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਕਈ ਜੇ.ਸੀ.ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ 'ਤੇ ਦਿਨ-ਰਾਤ ਕੰਮ ਕਰ ਰਹੇ ਹਨ। ਹਾਲਾਂਕਿ ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਵੇਖਿਆ ਜਾ ਰਿਹਾ ਹੈ।