
ਅਨਮੋਲ ਗਗਨ ਮਾਨ ਦੇ ਇਸ ਗੀਤ ਦੀ ਫੀਚਰਿੰਗ 'ਚ ਸਤਿੰਦਰ ਸੱਤੀ ਵੀ ਨਜ਼ਰ ਆ ਰਹੇ ਹਨ
ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਦੇ ਚਲਦੇ ਕਈ ਲੋਕ ਗਰੀਬਾਂ ਦੀ ਮਦਦ ਕਰ ਰਹੇ ਹਨ ਤੇ ਪੰਜਾਬੀ ਗਾਇਕ ਵੀ ਆਪਣੇ ਗੀਤਾਂ ਜਰੀਏ ਸੇਵਾ ਕਰ ਰਹੇ ਲੋਕਾਂ ਦੀ ਸ਼ਲਾਘਾ ਕਰ ਰਹੇ ਹਨ। ਤੇ ਹੁਣ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ।
ਇਸ ਗੀਤ ਨੂੰ 'A True man' ਨਾਂ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਅਨਮੋਲ ਗਗਨ ਮਾਨ ਨੇ ਖੁਦ ਹੀ ਲਿਖੇ ਹਨ ਅਤੇ ਗਾਇਆ ਵੀ ਖੁਦ ਹੀ ਹੈ। ਅਨਮੋਲ ਗਗਨ ਮਾਨ ਦੇ ਇਸ ਗੀਤ ਦੀ ਫੀਚਰਿੰਗ 'ਚ ਸਤਿੰਦਰ ਸੱਤੀ ਵੀ ਨਜ਼ਰ ਆ ਰਹੇ ਹਨ। ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੈਲਿਊਟ ਕੀਤਾ ਹੈ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ।
File photo
ਜੋ ਜਾਨ ਤਲੀ 'ਤੇ ਰੱਖ ਕੇ ਇਸ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਾਵਜੂਦ ਲੋਕਾਂ ਦੀ ਸੇਵਾ ਕਰਨ ਦੇ ਨਾਲ–ਨਾਲ ਪੂਰੀ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਹਨ। ਅਨਮੋਲ ਗਗਨ ਮਾਨ ਦੇ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਨ੍ਹਾਂ ਪੁਲਿਸ ਦੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।
ਇਸ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਹਰਜੀਤ ਸਿੰਘ ਦੇ ਜਜ਼ਬੇ ਨੂੰ ਇਸ ਗੀਤ ਦੇ ਜ਼ਰੀਏ ਸਲਾਮ ਕੀਤਾ ਗਿਆ ਹੈ। ਦੱਸ ਦਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਹੈ ਅਤੇ ਹਰ ਕੋਈ ਆਪਣੇ ਘਰਾਂ 'ਚ ਰਹਿ ਕੇ ਇਸ ਲੌਕ ਡਾਊਨ ਦਾ ਪਾਲਣ ਕਰ ਰਿਹਾ ਹੈ।