
ਜੇਕਰ ਉਹ ਇਸ ਦੌਰਾਨ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਇਸ਼ਤਿਹਾਰੀ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ
ਅੱਜ ਕੱਲ੍ਹ ਪੰਜਾਬੀ ਕਲਾਕਾਰ ਇਕ ਤੋਂ ਬਾਅਦ ਇਕ ਵਿਵਾਦਾਂ ਕਾਰਨ ਸੁਰਖੀਆਂ 'ਚ ਰਹਿਣ ਲਗ ਗਏ ਹਨ। ਜਿਥੇ ਕੁਝ ਸਮਾਂ ਪਹਿਲਾਂ ਗਾਇਕ ਜੈਲੀ ਬਲਾਤਕਾਰ ਮਾਮਲੇ 'ਚ ਗਿਰਫ਼ਤਾਰ ਕੀਤਾ ਗਿਆ ਉਥੇ ਹੀ ਹੁਣ ਜ਼ਿਲਾ ਅਦਾਲਤ ਵਲੋਂ ਧੋਖਾਧੜੀ ਮਾਮਲੇ 'ਚ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਬਰਾੜ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਾਰਵਾਈ ਦੌਰਾਨ ਅਦਾਲਤ ਮੁਤਾਬਕ ਬਰਾੜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜੇਕਰ ਉਹ ਇਸ ਦੌਰਾਨ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਇਸ਼ਤਿਹਾਰੀ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਦਾਲਤ ਵਲੋਂ ਇਹ ਸੂਚਨਾ ਸਾਰੇ ਸੂਬਿਆਂ ਦੀ ਪੁਲਸ ਨੂੰ ਵੀ ਭੇਜੀ ਜਾਵੇਗੀ ਤੇ ਜਿਥੇ ਵੀ ਪ੍ਰੀਤ ਬਰਾੜ ਮਿਲੇ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।Preet Brarਦਸ ਦਈਏ ਕਿ ਕਿ ਮੋਹਾਲੀ ਦੇ ਫੇਜ਼-2 ਨਿਵਾਸੀ ਰਮਨਦੀਪ ਸਿੰਘ ਨੇ ਕੁਝ ਸਮਾਂ ਪਹਿਲਾਂ ਗਾਇਕ ਪ੍ਰੀਤ ਬਰਾੜ ਤੇ ਉਸ ਦੇ ਭਰਾ ਅੰਮ੍ਰਿਤ ਬਰਾੜ 'ਤੇ ਜ਼ਮੀਨ ਦੀ ਖਰੀਦੋ-ਫਰੋਖਤ ਸਬੰਧੀ 51 ਲੱਖ ਰੁਪਏ ਦੀ ਹੇਰ ਫ਼ੇਰ ਦਾ ਦੋਸ਼ ਹੈ । ਦੋਸ਼ ਵਿਚ ਰਮਨਦੀਪ ਨੇ ਕਿਹਾ ਸੀ ਕਿ ਗਾਇਕ ਨੇ ਉਸ ਤੋਂ ਜ਼ਮੀਨ ਦਾ 51 ਲੱਖ ਰੁਪਏ ਬਿਆਨਾ ਲੈ ਲਿਆ ਸੀ। ਪਰ ਬਾਅਦ 'ਚ ਪਤਾ ਲਗਿਆ ਕਿ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਤੇ ਨਾ ਹੀ ਉਸ ਦਾ ਬਿਆਨਾ ਵਾਪਸ ਕੀਤਾ ਗਿਆ। ਰਮਨਦੀਪ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਸੀ।
Preet Brarਦਸ ਦੇਈਏ ਕਿ ਇਸ ਮਾਮਲੇ 'ਚ ਪ੍ਰੀਤ ਬਰਾੜ ਸਾਲ 2013 ਗ੍ਰਿਫਤਾਰ ਕੀਤੇ ਜਾ ਚੁਕੇ ਸਨ। ਪਰ ਜ਼ਮਾਨਤ 'ਤੇ ਬਾਹਰ ਸਨ ਪਰ ਜ਼ਮਾਨਤ ਕਰਵਾਉਣ ਤੋਂ ਬਾਅਦ ਉਹ ਫਿਰ ਅਦਾਲਤ 'ਚੋਂ ਗੈਰ-ਹਾਜ਼ਰ ਰਹਿਣ ਲੱਗ ਪਿਆ। ਹੁਣ ਲੰਬੇ ਸਮੇਂ ਤੋਂ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਨੇ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਗਾਇਕ ਕਦੋਂ ਤਕ ਕਾਨੂੰਨ ਦੇ ਲਮੇਂ ਹੱਥਾਂ ਦੀ ਪਕੜ ਤੋਂ ਬਾਹਰ ਰਹਿੰਦਾ ਹੈ।