
ਬਣ ਸਕਦੀ ਹੈ 100 ਕਰੋੜ ਕਮਾਉਣ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫ਼ਿਲਮ
ਚੰਡੀਗੜ੍ਹ - ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫ਼ਿਲਮ ਕੈਰੀ ਆਨ ਜੱਟਾ 3 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀ ਹੈ ਤੇ ਫ਼ਿਲਮ ਦੀ ਸਟਾਰ ਕਾਸਟ ਹੁਣ ਕੈਨੇਡਾ ਵਿਚ ਭੰਗੜੇ ਪਾਉਂਦੀ ਦਿਖੀ ਜਿਸ ਵਿਚ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਸ਼ਿੰਦਾ ਗਰੇਵਾਲ ਖੂਬ ਮਸਤੀ ਕਰਦਾ ਦਿਖਾਈ ਦਿੱਤਾ। ਇਸ ਦੀ ਵੀਡੀਓ ਵੀ ਗਿੱਪੀ ਗਰੇਵਾਲ ਨੇ ਅਪਣਏ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਫਿਲਮ ਦੀ ਟੀਮ ਕਪਿਲ ਸ਼ਰਮਾ ਸ਼ੋਅ ਵਿਚ ਵੀ ਜਾ ਕੇ ਆਈ ਹੈ।
ਫ਼ਿਲਮ ਸਬੰਧੀ ਗਿੱਪੀ ਗਰੇਵਾਲ ਨੇ ਕਿਹਾ ਕਿ ‘ਕੈਰੀ ਆਨ ਜੱਟਾ 3’ ਪਹਿਲੀ ਅਜਿਹੀ ਫ਼ਿਲਮ ਹੈ, ਜਿਸ ਲਈ ਕਿਸੇ ਬੰਦੇ ਨੇ ਕੋਈ ਵੱਖਰੀ ਡਿਮਾਂਡ ਨਹੀਂ ਰੱਖੀ, ਸਕ੍ਰੀਨ ਸਪੇਸ ਨੂੰ ਲੈ ਕੇ ਤਾਂ ਬਿਲਕੁਲ ਨਹੀਂ। ਜ਼ਿਆਦਾਤਰ ਕਲਾਕਾਰਾਂ ਨੇ ਫ਼ਿਲਮ ਦੀ ਸਕ੍ਰਿਪਟ ਵੀ ਨਹੀਂ ਸੁਣੀ, ਸਿਰਫ ਵਨ ਲਾਈਨਰ ਸੁਣਿਆ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਕਲਾਕਾਰ ਦੇ ਚਾਰ ਸੀਨ ਘੱਟ ਹਨ ਜਾਂ ਵੱਧ। ਪਰਿਵਾਰ ਵਾਂਗ ਸਾਰੇ ਇਕੱਠੇ ਰਹਿ ਕੇ ਕੰਮ ਕਰਦੇ ਹਨ।
'ਕੈਰੀ ਆਨ ਜੱਟਾ 3' ਬਾਕੀ ਭਾਗ 2 ਤੋਂ 5 ਸਾਲਾਂ ਬਾਅਦ ਆ ਰਹੀ ਹੈ, ਅਜਿਹੇ 'ਚ ਹਰ ਕੋਈ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਫ਼ਿਲਮ ਨੂੰ ਸ਼ਾਨਦਾਰ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ। ਫ਼ਿਲਮ ਦੇ ਗਾਣੇ ਅਤੇ ਟਰੇਲਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ ਨੂੰ ਬਾਲੀਵੁੱਡ ਟੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਫਿਲਮ 'ਚ ਗਲੈਮਰ ਦਾ ਡਬਲ ਤੜਕਾ ਲਗਾਉਣ ਲਈ ਸੋਨਮ ਬਾਜਵਾ ਦੇ ਨਾਲ-ਨਾਲ ਕਵਿਤਾ ਕੌਸ਼ਿਕ ਨੂੰ ਵੀ ਕਾਸਟ ਕੀਤਾ ਗਿਆ ਹੈ।
ਫ਼ਿਲਮ 'ਚ ਦੋ ਨਵੀਆਂ ਐਂਟਰੀਆਂ ਦੇਖਣ ਨੂੰ ਮਿਲਣਗੀਆਂ। ਜਿੰਨਾ ਵਿਚ ਸ਼ਿੰਦਾ ਗਰੇਵਾਲ ਅਤੇ ਪਾਕਿਸਤਾਨ ਦੇ ਲੈਜੇਂਡ ਕਲਾਕਾਰ ਨਾਸਿਰ ਚਨਿਓਟੀ। ਇਹ ਦੋਵੇਂ ਹੀ ਜ਼ਬਰਦਸਤ ਕਲਾਕਾਰ ਹਨ। ਸ਼ਿੰਦੇ ਦੀ ਕਮਾਲ ਦੀ ਐਕਟਿੰਗ ਦਾ ਤਾਂ ਹਰ ਕਿਸੇ ਨੂੰ ਪਤਾ ਹੈ ਅਤੇ ਨਾਸਿਰ ਵੀ ਹੁਣ ਚੜ੍ਹਦੇ ਪੰਜਾਬੀ ਸਿਨੇਮਾ 'ਚ ਕਾਫ਼ੀ ਧੱਕ ਪਾ ਚੁੱਕੇ ਹਨ।
ਇਸ ਦੇ ਨਾਲ ਹੀ ਅੱਜ ਫ਼ਿਲਮ ਦੀ ਸਟਾਰ ਕਾਸਟ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚ ਕੇ ਫਿਲਮ ਨੂੰ ਪ੍ਰਮੋਟ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ 100 ਕਰੋੜ ਨੂੰ ਪਾਰ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਸਕਦੀ ਹੈ, ਕਿਉਂਕਿ ਉਨ੍ਹਾਂ ਨੇ ਫ਼ਿਲਮ ਦੀ ਵੱਧ ਤੋਂ ਵੱਧ ਪ੍ਰਮੋਸ਼ਨ ਲਈ ਟਰੇਲਰ ਬਾਲੀਵੁੱਡ ਸਟਾਰ ਆਮਿਰ ਖਾਨ ਤੋਂ ਲੌਂਚ ਕਰਾਇਆ ਸੀ। ਆਮਿਰ ਖ਼ਾਨ ਤੋਂ ਟਰੇਲਰ ਲਾਂਚ ਕਰਵਾਉਣ ਨਾਲ ਪੂਰੇ ਭਾਰਤ 'ਚ ਫਿਲਮ ਦਾ ਕਰੇਜ਼ ਵਧ ਗਿਆ ਹੈ।
ਇਸ ਦੇ ਨਾਲ ਹੀ ਫ਼ਿਲਮ ਦੀ ਪੂਰੀ ਟੀਮ ਨੇ ਕਾਫ਼ੀ ਮਿਹਨਤ ਕੀਤੀ ਹੈ ਤੇ ਹੁਣ ਤਾਂ 29 ਜੂਨ ਨੂੰ ਹੀ ਪਤਾ ਲੱਗੇਗਾ ਕਿ ਇਹ ਫ਼ਿਲਮ ਲੋਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ।