ਸ਼ਿਕਾਇਤ ਵਿਚ ਥਾਣਾ ਇੰਚਾਰਜ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ
ਜਲੰਧਰ: ਬਾਬਾ ਮੁਰਾਦ ਸ਼ਾਹ ਮੇਲੇ ਦੌਰਾਨ ਮਾਤਾ ਚਿੰਤਪੁਰਨੀ ਦਰਬਾਰ 'ਤੇ ਵਿਵਾਦਤ ਬਿਆਨ ਦੇ ਕੇ ਵਿਵਾਦਾਂ 'ਚ ਘਿਰੇ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਦੇ ਵਿਵਾਦਤ ਬਿਆਨ ਦਾ ਇਹ ਮਾਮਲਾ ਹੁਣ ਅਦਾਲਤ ਤਕ ਪਹੁੰਚ ਗਿਆ ਹੈ। ਸ਼ਹਿਰ ਦੇ ਦੀਵਾਨ ਨਗਰ ਵਾਸੀ ਗੌਰਵ ਨੇ ਜਲੰਧਰ ਦੇ ਥਾਣਾ ਕੈਂਟ ਵਿਚ ਮਾਸਟਰ ਸਲੀਮ ਵਿਰੁਧ ਦਿਤੀ ਸ਼ਿਕਾਇਤ ’ਤੇ ਕੇਸ ਦਰਜ ਨਾ ਕਰਨ ’ਤੇ ਐਸ.ਐਚ.ਓ. ਵਿਰੁਧ ਸੀਆਰਪੀਸੀ ਦੀ ਧਾਰਾ 156 (3) ਤਹਿਤ ਸ਼ਿਕਾਇਤ ਦਿਤੀ ਹੈ। ਉਸ ਨੇ ਅਪਣੀ ਸ਼ਿਕਾਇਤ ਵਿਚ ਥਾਣਾ ਇੰਚਾਰਜ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਵਰਲਡ ਕੱਪ ਤੋਂ ਪਹਿਲਾਂ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ, ਇਸ ਮਾਮਲੇ ਵਿਚ ਕੋਰਟ ਤੋਂ ਮਿਲੀ ਜ਼ਮਾਨਤ
ਗੌਰਵ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਜੂਨੀਅਰ ਮੈਜਿਸਟ੍ਰੇਟ ਫਰਸਟ ਕਲਾਸ ਮਿਸ ਅਰਪਨਾ ਨੇ ਥਾਣਾ ਕੈਂਟ ਦੇ ਇੰਚਾਰਜ ਨੂੰ 21 ਸਤੰਬਰ ਨੂੰ ਤਲਬ ਕੀਤਾ ਹੈ। ਅਦਾਲਤ ਨੇ ਅਪਣੇ ਹੁਕਮਾਂ 'ਚ ਥਾਣਾ ਕੈਂਟ ਦੇ ਐਸ.ਐਚ.ਓ. ਨੂੰ ਅਪਣੀ ਰੀਪੋਰਟ ਪੇਸ਼ ਕਰਨ ਅਤੇ ਉਸ ਕੋਲ ਪੁੱਜੀ ਸ਼ਿਕਾਇਤ ਸਬੰਧੀ ਅਦਾਲਤ ਨੂੰ ਜਵਾਬ ਦੇਣ ਦੇ ਨਿਰਦੇਸ਼ ਦਿਤੇ ਹਨ। ਸ਼ਿਕਾਇਤ ਦੇਣ ਵਾਲੇ ਗੌਰਵ ਨੇ ਅਪਣੀ ਅਪੀਲ ਵਿਚ ਲਿਖਿਆ ਹੈ ਕਿ ਥਾਣਾ ਕੈਂਟ ਦੇ ਇੰਚਾਰਜ ਉਸ ਦੀ ਸ਼ਿਕਾਇਤ ’ਤੇ ਮਾਸਟਰ ਸਲੀਮ ਵਿਰੁਧ ਕੇਸ ਦਰਜ ਨਹੀਂ ਕਰ ਰਹੇ।
ਇਹ ਵੀ ਪੜ੍ਹੋ: ਇਸ ਵਾਰ 26 ਸਤੰਬਰ ਨੂੰ ਉਤਰੀ ਰਾਜਾਂ ਦੀ ਅੰਤਰਰਾਜੀ ਕੌਂਸਲ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਪੰਜਾਬ
ਗੌਰਵ ਨੇ ਆਪਣੀ ਸ਼ਿਕਾਇਤ ਵਿਚ ਸ਼ਾਹੀਨ ਅਬਦੁੱਲਾ ਬਨਾਮ ਯੂਨੀਅਨ ਆਫ ਇੰਡੀਆ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਪਿਛਲੇ ਸਾਲ 21 ਅਕਤੂਬਰ ਦੇ ਫੈਸਲੇ ਦਾ ਹਵਾਲਾ ਦਿਤਾ ਹੈ ਅਤੇ ਮਾਸਟਰ ਸਲੀਮ ਵਿਰੁਧ ਕੇਸ ਦਰਜ ਕਰਨ ਲਈ ਥਾਣਾ ਕੈਂਟ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਅਪਣੇ ਫੈਸਲੇ ਵਿਚ ਲਿਖਿਆ ਹੈ ਕਿ ਕੋਈ ਵੀ ਅਜਿਹੀ ਬਿਆਨਬਾਜ਼ੀ ਕਰਦਾ ਹੈ ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਅਤੇ ਜੇਕਰ ਉਸ ਵਿਰੁਧ ਕੋਈ ਸ਼ਿਕਾਇਤ ਨਹੀਂ ਮਿਲਦੀ ਤਾਂ ਵੀ ਉਸ ਵਿਰੁਧ ਖੁਦ ਨੋਟਿਸ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਮੋਗਾ ਕਾਂਗਰਸੀ ਆਗੂ ਬਲਜਿੰਦਰ ਬੱਲੀ ਕਤਲ ਮਾਮਲੇ 'ਚ ਪੁਲਿਸ 4 ਮੁਲਜ਼ਮ ਗ੍ਰਿਫ਼ਤਾਰ
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਕਾਰੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਨਹੀਂ ਕਰਦਾ ਤਾਂ ਇਸ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਹਾਲਾਂਕਿ ਮਾਸਟਰ ਸਲੀਮ ਅਪਣੀ ਟਿੱਪਣੀ 'ਤੇ ਸਪੱਸ਼ਟੀਕਰਨ ਦੇ ਚੁੱਕੇ ਹਨ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਅਰਥ ਕੱਢਿਆ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਉਹ ਮਾਫੀ ਮੰਗਣ ਲਈ ਮਾਤਾ ਚਿੰਤਪੁਰਨੀ ਵੀ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਦੇ ਗੀਤਾ ਮੰਦਰ ਅਤੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਚ ਵੀ ਮੱਥਾ ਟੇਕਿਆ ਅਤੇ ਮੁਆਫ਼ੀ ਮੰਗੀ ਸੀ।