ਕਿਹਾ, ਤਰਲੋਚਨ ਸਿੰਘ ਮਾਸਟਰ ਜੀ ਦੇ ਅਕਸ ਨੂੰ ਧੁੰਦਲਾ ਕਰ ਕੇ ਸਿੱਖਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਡਿੱਗ ਜਾਣਗੇ
ਨਵੀਂ ਦਿੱਲੀ,: ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਸਾਬਕਾ ਐਮ ਪੀ ਸ.ਤਰਲੋਚਨ ਸਿੰਘ ਨੂੰ ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਵੀਰ ਸਾਵਰਕਰ ਤੇ ਹਿੰਦੂ ਮਹਾਂਸਭਾ ਦਾ ਹਮਾਇਤੀ ਸਾਬਤ ਕਰਨ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿਤੀ ਹੈ।
ਉਨ੍ਹਾਂ ਅੱਜ ਕਿਹਾ ਹੈ ਕਿ ਤਰਲੋਚਨ ਸਿੰਘ ਅਪਣੇ ਸੌੜੇ ਨਿਜੀ ਮੁਫ਼ਾਦਾਂ ਲਈ ਆਰ.ਐਸ.ਐਸ./ ਭਾਜਪਾ ਦੀਆਂ ਨਜ਼ਰਾਂ ਵਿਚ ਤਾਂ ਪ੍ਰਵਾਨ ਚੜ੍ਹ ਜਾਣਗੇ, ਪਰ ਮਾਸਟਰ ਤਾਰਾ ਸਿੰਘ ਵਰਗੀ ਸ਼ਖ਼ਸੀਅਤ ਦੇ ਅਕਸ ਨੂੰ ਧੁੰਦਲਾ ਕਰ ਕੇ, ਉਹ ਸਿੱਖ ਪੰਥ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਡਿੱਗ ਜਾਣਗੇ। ਸ.ਸਰਨਾ ਨੇ ਅਪਣੇ ਬਿਆਨ ਵਿਚ ਕਿਹਾ, “ਬੀਤੇ ਕਲ ਦਿੱਲੀ ਵਿਚ ਇਕ ਸਮਾਗਮ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਹਾਜ਼ਰੀ ਵਿਚ ਸ.ਤਰਲੋਚਨ ਸਿੰਘ ਨੇ ਸੰਬੋਧਨ ਕਰਦਿਆਂ ਇਹ ਕਿਹਾ ਕਿ,‘ਵੀਰ ਸਾਵਰਕਰ ਦੀ ਮਦਦ ਕਰਨ ਕਰ ਕੇ ਉਦੋਂ ਦੀ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਜੇਲ ਵਿਚ ਸੁੱਟਿਆ ਸੀ’, ਜੋ ਤਰਲੋਚਨ ਸਿੰਘ ਦੀ ਇਤਿਹਾਸ ਨਾਲ ਵੱਡੀ ਬੇਈਮਾਨੀ ਹੈ ਜਦਕਿ ਸਿੱਖਾਂ ਤੇ ਪੰਜਾਬ ਦੇ ਹੱਕ ਵਿਚ ਆਵਾਜ਼ ਚੁਕਣ ਕਰ ਕੇ ਮਾਸਟਰ ਜੀ ਨੂੰ ਜੇਲ ਵਿਚ ਭੇਜਿਆ ਗਿਆ ਸੀ।
ਅਪਣੇ ਝੂਠੇ ਦਾਅਵੇ ਸਹੀ ਸਾਬਤ ਕਰਨ ਲਈ ਤਰਲੋਚਨ ਸਿੰਘ ਨੇ ਕਿਹਾ ਸੀ ਕਿ ਸਾਵਰਕਰ ਕੇਸ ਵੇਲੇ ਦੀਆਂ ਪੁਰਾਣੀਆਂ ਅਖ਼ਬਾਰਾਂ ਤੇ ਫ਼ੋਟੋਆਂ ਅੱਜ ਵੀ ਹਾਜ਼ਰ ਸਨ’, ਵਿਚੋਂ ਤਰਲੋਚਨ ਸਿੰਘ ਇਕ ਅਖ਼ਬਾਰ ਵੀ ਪੇਸ਼ ਕਰਨ ਦੀ ਚੁਨੌਤੀ ਕਬੂਲ ਕਰਨ।”
ਸ.ਸਰਨਾ ਨੇ ਕਿਹਾ, “90 ਸਾਲ ਦੀ ਉਮਰ ਵਿਚ ਪੁੱਜ ਚੁਕੇ ਤਰਲੋਚਨ ਸਿੰਘ ਨੇ ਦੂਜੀ ਬੇਈਮਾਨੀ ਇਹ ਕਹਿ ਕੇ ਕੀਤੀ ਕਿ ਪੰਜਾਬ/ ਦੇਸ਼ ਵੰਡ ਵੇਲੇ ਗੁਰਧਾਮਾਂ ਤੇ ਜਾਨ ਅਤੇ ਮਾਲ ਦੀ ਰਾਖੀ ਲਈ ਅਕਾਲੀ ਆਗੂਆਂ ਵਲੋਂ ਜੋ ਅਕਾਲ ਸਹਾਏ ਫ਼ੌਜ ਬਣਾਈ ਗਈ ਸੀ, ਉਹ ਆਰ.ਐਸ.ਐਸ. ਨਾਲ ਜੁੜੀ ਹੋਈ ਸੀ। ਜਦਕਿ ਅਕਾਲ ਸਹਾਏ ਫ਼ੌਜ ਸਿੱਖਾਂ ਨੇ ਅਪਣੇ ਬਲਬੂਤੇ ’ਤੇ ਬਣਾਈ ਸੀ। ਮੇਰੇ ਪਿਤਾ ਮਰਹੂਮ ਸ.ਤਰਲੋਚਨ ਸਿੰਘ ਸਰਨਾ ਇਸ ਫ਼ੌਜ ਵਿਚ ਸ਼ਾਮਲ ਸਨ। ਉਦੋਂ ਪੰਜਾਬ ਵਿਚ ਆਰ.ਐਸ.ਐਸ. ਦੀ ਕੋਈ ਹੋਂਦ ਹੀ ਨਹੀਂ ਸੀ।”