ਅੱਜ ਦੇ ਦਿਨ ਆਖ਼ਰੀ ਫ਼ਤਿਹ ਬੁਲਾ ਗਿਆ ਸੀ, ਮਹਾਨ ਗਾਇਕ ਲਾਲ ਚੰਦ 'ਯਮਲਾ ਜੱਟ'
Published : Dec 20, 2018, 3:11 pm IST
Updated : Apr 10, 2020, 11:04 am IST
SHARE ARTICLE
ਯਮਲਾ ਜੱਟ
ਯਮਲਾ ਜੱਟ

‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ’ ਸਵੇਰੇ ਵੇਲੇ ਇਹ ਗੀਤ ਜਦ ਵੀ ਫ਼ਿਜ਼ਾ ਵਿੱਚ ਗੂੰਜਦਾ ਹੈ....

ਐਸ.ਏ.ਐਸ ਨਗਰ (ਸ.ਸ.ਸ) : ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ’ ਸਵੇਰੇ ਵੇਲੇ ਇਹ ਗੀਤ ਜਦ ਵੀ ਫ਼ਿਜ਼ਾ ਵਿੱਚ ਗੂੰਜਦਾ ਹੈ ਤਾਂ ਉਹ ਮਹਾਨ ਗਾਇਕ ਸਾਡੇ ਸਭ ਦੇ ਜ਼ਿਹਨ ਵਿੱਚ ਆਣ ਖਲੋਂਦਾ ਹੈ ਜਿਸ ਦੀ ਮਿਠਾਸ ਭਰੀ ਸੰਗੀਤ ਸ਼ੈਲੀ ਨੇ ਦੋਵਾਂ ਪੰਜਾਬਾਂ ਨੂੰ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸੰਗੀਤ ਪ੍ਰੇਮੀਆਂ ਨੂੰ ਆਪਣੀ ਨਿਵੇਕਲੀ ਅਵਾਜ਼ ਨਾਲ ਕੀਲੀ ਰੱਖਿਆ। ਇਸ ਮਹਾਨ ਗਾਇਕ ਦਾ ਜਨਮ 28 ਮਾਰਚ 1910 ਨੂੰ ਚੱਕ ਨੰ: 384 ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਦੱਸਿਆ ਜਾਂਦਾ ਹੈ ਕਿ ਲਾਲ ਚੰਦ ਦੀ ਮਾਤਾ ਹਰਨਾਮ ਕੌਰ ਨਵੀਂ ਵਿਆਹੀ ਹੋਈ ਮੁਕਲਾਵੇ ਪਿੱਛੋਂ ਪਿੰਡ ਦੀਆਂ ਔਰਤਾਂ ਨਾਲ ਖੂਹ ਤੋਂ ਪਾਣੀ ਭਰਨ ਗਈ ਤਾਂ ਉੱਥੇ ਨੇੜੇ ਹੀ ਪੀਰ ਕਟੋਰੇ ਸ਼ਾਹ ਫ਼ਕੀਰ ਦੀ ਸਮਾਧ ਸੀ।

ਉਨ੍ਹਾਂ ਔਰਤਾਂ ਵਿੱਚੋਂ ਕਿਸੇ ਬੀਬੀ ਨੇ ਕਿਹਾ, ‘‘ਨੀਂ ਨਾਮ੍ਹੋ, ਇਹ ਫ਼ਕੀਰ ਹਰੇਕ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ, ਤੂੰ ਕੋਈ ਸੁੱਖ ਸੁੱਖ ਲੈ।’’ ਹਰਨਾਮ ਕੌਰ ਨੇ ਫ਼ਕੀਰ ਦੀ ਸਮਾਧ ’ਤੇ ਪੁੱਤ ਦੀ ਦਾਤ ਵਾਸਤੇ ਸੁੱਖ ਸੁੱਖੀ। ਉਹ ਸੁੱਖ ਪੂਰੀ ਹੋਈ ਤੇ ਲਾਲ ਚੰਦ ਦਾ ਜਨਮ ਹੋਇਆ ਤਾਂ ਮਾਤਾ ਹਰਨਾਮ ਕੌਰ ਨੇ ਹਰੇ ਰੰਗ ਦੀ ਚਾਦਰ ਪੀਰ ਕਟੋਰੇ ਸ਼ਾਹ ਦੀ ਸਮਾਧ ਉੱਪਰ ਚੜ੍ਹਾਈ। ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ ਪੰਦਰਾਂ ਹਾੜ੍ਹ ਨੂੰ ਸਲਾਨਾ ਮੇਲਾ ਭਰਦਾ ਤਾਂ ਵੱਡੇ-ਵੱਡੇ ਗਾਇਕ, ਰਾਗੀ, ਢਾਡੀ ਦੂਰੋਂ-ਦੂਰੋਂ ਆਣ ਹਾਜ਼ਰੀ ਭਰਦੇ। ਇਨ੍ਹਾਂ ਨੂੰ ਗਾਉਂਦੀਆਂ ਵੇਖ ਨਿੱਕੀ ਉਮਰੇ ਲਾਲ ਚੰਦ ਦੇ ਮਨ ਵਿੱਚ ਵੀ ਗਾਉਣ ਦਾ ਜੋਸ਼ ਉਬਾਲੇ ਮਾਰਨ ਲੱਗਿਆ। ਨੌਂ ਸਾਲ ਦੇ ਲਾਲ ਚੰਦ ਨੇ ਪਹਿਲੀ ਵਾਰ ਉਸ ਮੇਲੇ ਵਿੱਚ ਗੀਤ ਗਾਇਆ।

ਛੋਟੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਉਹ ਪਰਿਵਾਰ ਸਮੇਤ ਆਪਣੇ ਨਾਨਕੇ ਆਪਣਾ ਨਾਨਾ ਗੂੜ੍ਹਾ ਰਾਮ ਕੋਲ ਚੱਕ ਚੂਹੜ ਸਿੰਘ 224 ਵਿਖੇ ਆ ਗਿਆ। ਇਨ੍ਹਾਂ ਹੀ ਦਿਨਾਂ ਵਿੱਚ ਲਾਲ ਚੰਦ ਲਾਇਲਪੁਰ ਦੀ ਇੱਕ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਇੱਕ ਗੀਤ ਦੇ ਬੋਲ ‘ਅੱਖੀਆਂ ਕਰਮਾਂ ਸੜੀਆਂ, ਜਿਹੜੀਆਂ ਨਾਲ ਸੱਜਣ ਦੇ ਲੜੀਆਂ ’ ਪਏ ਤਾਂ ਉਸ ਦਾ ਮਨ ਬੇਹੱਦ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਲਾਲ ਚੰਦ ਵਾਰ-ਵਾਰ ਉਸ ਘਰ ਦੇ ਅੱਗਿਓਂ ਲੰਘਦਾ ਤਾਂ ਕਿ ਉਸ ਗੀਤ ਦੇ ਬੋਲ ਫਿਰ ਉਸ ਦੇ ਕੰਨਾਂ ਵਿੱਚ ਕਿਤੇ ਰਸ ਘੋਲ ਦੇਣ। ਇਹ ਘਰ ਪ੍ਰਸਿੱਧ ਪੇਸ਼ਾਵਰ ਗਾਇਕਾ ਖ਼ੁਰਸ਼ੀਦ ਬੇਗ਼ਮ ਦਾ ਸੀ।

ਇੱਕ ਦਿਨ ਲਾਲ ਚੰਦ ਉਸ ਗਾਇਕਾ ਦੀ ਅਵਾਜ਼ ਸੁਣਨ ਲਈ ਤਾਂਘਦਾ ਹੋਇਆ ਉਸ ਦੇ ਘਰ ਮੂਹਰਿਓਂ ਉਹੀ ਗੀਤ ਗੁਣਗੁਣਾਉਂਦਾ ਲੰਘ ਰਿਹਾ ਸੀ ਤਾਂ ਬੇਗ਼ਮ ਨੇ ਸੁਣ ਲਿਆ, ਉਹ ਗੁੱਸੇ ਵਿੱਚ ਬੋਲੀ, ‘‘ਸੁਣ ਵੇ ਛੋਕਰਿਆ, ਜੇ ਮੇਰੀ ਗਲੀ ਆਣਾ ਈ ਤਾਂ ਏਡਾ ਬੇਸੁਰਾ ਗੀਤ ਨਾ ਗਾਣਾ। ’’ ਉਸ ਗਾਇਕਾ ਦੇ ਇਹ ਸਖ਼ਤ ਬੋਲ ਲਾਲ ਚੰਦ ਦਾ ਸੀਨਾ ਚੀਰ ਗਏ। ਇਸ ਤੋਂ ਬਾਅਦ ਉਹ ਆਪਣੇ ਨਾਨਾ ਗੂੜ੍ਹਾ ਰਾਮ ਕੋਲ ਲਗਾਤਾਰ ਕਈ-ਕਈ ਘੰਟੇ ਰਿਆਜ਼ ਕਰਨ ਲੱਗ ਪਿਆ ਅਤੇ ਉਸ ਨੇ ਉਸਤਾਦ ਪੰਡਿਤ ਦਿਆਲ ਜੀ ਤੋਂ ਬਕਾਇਦਾ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ।

ਢੋਲਕ ਅਤੇ ਦੋਤਾਰਾ ਪੰਡਿਤ ਦਿਆਲ ਜੀ ਤੋਂ ਸਿੱਖਿਆ ਜਦਕਿ ਸਰੰਗੀ ਉਸ ਨੇ ਆਪਣੇ ਨਾਨਾ ਜੀ ਤੋਂ ਵਜਾਉਣੀ ਸਿੱਖ ਲਈ ਸੀ। ਇਸ ਤੋਂ ਬਾਅਦ ਪੱਕੇ ਰਾਗਾਂ ਦੀ ਜਾਣਕਾਰੀ ਲਈ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਦੇ ਮਾਹਿਰ ਉਸਤਾਦ ਚੌਧਰੀ ਮਜ਼ੀਦ ਨੂੰ ਉਸਤਾਦ ਧਾਰ ਲਿਆ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਲਾਲ ਚੰਦ ਦਾ ਸਮੁੱਚਾ ਪਰਿਵਾਰ ਪੂਰਬੀ ਪੰਜਾਬ ਆ ਗਿਆ। ਕੁਝ ਸਮਾਂ ਇਧਰ-ਉਧਰ ਰਹਿਣ ਤੋਂ ਬਾਅਦ ਪਰਿਵਾਰ ਜਵਾਹਰ ਕੈਂਪ ਲੁਧਿਆਣਾ ਆ ਗਿਆ ਜੋ ਕਿ ਉਧਰੋਂ ਆਏ ਸ਼ਰਨਾਰਥੀਆਂ ਦਾ ਕੈਂਪ ਸੀ। ਬਾਅਦ ਵਿੱਚ ਇਹ ਜਗ੍ਹਾ ਬੱਸ ਅੱਡਾ ਲੁਧਿਆਣਾ ਨੇੜੇ ਜਵਾਹਰ ਨਗਰ ਵਜੋਂ ਅਬਾਦ ਹੋਈ।

 ਇੱਕ ਸੰਜੋਗ ਨਾਲ ਲਾਲ ਚੰਦ ਦਾ ਮੇਲ ਸਟੇਜ ਦੇ ਮਸ਼ਹੂਰ ਕਵੀ ਰਾਮ ਨਰੈਣ ਸਿੰਘ ਦਰਦੀ ਨਾਲ ਹੋਇਆ। ਉਨ੍ਹਾਂ ਦਿਨਾਂ ਵਿੱਚ ਲਾਲ ਚੰਦ ਕੋਲ ਕੋਈ ਕੰਮ-ਕਾਰ ਨਹੀਂ ਸੀ। ਦਰਦੀ ਸਾਹਿਬ ਨੇ ਲਾਲ ਚੰਦ ਨੂੰ ਆਪਣੇ ਬਾਗ਼ ਵਿੱਚ ਮਾਲੀ ਰੱਖ ਲਿਆ ਅਤੇ ਰਹਿਣ ਲਈ ਝੁੱਗੀ ਵੀ ਪਵਾ ਦਿੱਤੀ। ਉਨ੍ਹਾਂ ਦਾ ਵਿਆਹ ਸ੍ਰੀਮਤੀ ਰਾਮ ਰੱਖੀ ਨਾਲ ਹੋਇਆ।  ਉਨ੍ਹਾਂ ਦੇ ਕਰਤਾਰ ਚੰਦ, ਜਸਵਿੰਦਰ ਯਮਲਾ, ਜਸਦੇਵ ਯਮਲਾ, ਜਗਦੀਸ਼ ਯਮਲਾ, ਜੁਗਵਿੰਦਰ ਕੁਮਾਰ ਪੁੱਤ ਅਤੇ  ਸੰਤੋਸ਼ ਰਾਣੀ ਤੇ ਸਰੂਪ ਰਾਣੀ ਦੋ ਧੀਆਂ ਹੋਈਆਂ। ਸਵੇਰੇ ਉੱਠ ਕੇ ਖੂਹ ਜੋੜਦਾ, ਫਿਰ ਫੁੱਲ ਤੋੜ ਕੇ ਹਾਰ ਬਣਾ ਕੇ ਕਿਤਾਬਾਂ ਵਾਲੇ ਚੌੜੇ ਬਜ਼ਾਰ ਵਿੱਚ ਵੇਚਣ ਲਈ ਚਲਿਆ ਜਾਂਦਾ।

ਇਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਣ ਲੱਗਿਆ। ਕਦੇ-ਕਦੇ ਟਿਕੀ ਰਾਤ ਨੂੰ ਸਾਰੰਗੀ ਵਜਾ ਕੇ ਆਪਣੇ ਵਜੂਦ ਵਿੱਚ ਆ ਕੇ ਗਾਉਣ ਲੱਗ ਜਾਂਦਾ। ਇੱਕ ਦਿਨ ਦਰਦੀ ਸਾਹਿਬ ਦੇ ਬੇਟੇ ਨੇ ਉਸ ਨੂੰ ਗਾਉਂਦਿਆਂ ਸੁਣ ਲਿਆ ਤਾਂ ਉਸ ਨੇ ਦਰਦੀ ਸਾਹਿਬ ਨਾਲ ਗੱਲ ਕੀਤੀ ਕਿ ਵੇਖੋ ਪਾਪਾ, ਆਪਣਾ ਮਾਲੀ ਕਿੰਨਾ ਸੋਹਣਾ ਗਾਉਂਦਾ ਹੈ। ਦਰਦੀ ਨੇ ਸੁਣਿਆ ਤਾਂ ਬਹੁਤ ਹੈਰਾਨ ਅਤੇ ਖ਼ੁਸ਼ ਹੋਇਆ। ਅਗਲੇ ਹੀ ਦਿਨ ਦਰਦੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉੱਪਰ ਕਵਿਤਾ ਪੜ੍ਹਨੀ ਸੀ ਤਾਂ ਉਹ ਲਾਲ ਚੰਦ ਨੂੰ ਆਪਣੇ ਨਾਲ ਲੈ ਗਏ। ਉੱਥੇ ਲਾਲ ਚੰਦ ਨੇ ਹਾਸ਼ਮ ਦੀ ਸੱਸੀ ਗਾਈ ਤਾਂ ਦਰਸ਼ਕ ਮੰਤਰ ਮੁਗਧ ਹੋ ਗਏ।

ਕਵੀ ਰਾਮ ਨਰੈਣ ਸਿੰਘ ਦਰਦੀ ਨੇ ਲਾਲ ਚੰਦ ਨੂੰ ਇੱਕ ਧਾਰਮਿਕ ਗੀਤ ਮੂੰਹ ਜ਼ੁਾਨੀ ਯਾਦ ਕਰਵਾਇਆ ਕਿਉਂਕਿ ਉਹ ਕੋਰਾ ਅਨਪੜ੍ਹ ਹੋਣ ਕਰਕੇ ਲਿਖ ਪੜ੍ਹ ਨਹੀਂ ਸੀ ਸਕਦਾ। ਇਸ ਗੀਤ ਦੇ ਬੋਲ ਸਨ, ‘‘ਕੋਮਲ ਜਾਨਾਂ ਸ਼ਹਿਨਸ਼ਾਹ ਦੀਆਂ, ਹੱਥ ਬੇਦਰਦਾਂ ਦੇ ਆਈਆਂ।’’ ਇਹ ਗੀਤ ਪਟਿਆਲੇ ਦੇ ਇੱਕ ਧਾਰਮਿਕ ਸਥਾਨ ਵਿਖੇ ਹੋਏ ਕਵੀ ਦਰਬਾਰ ਵਿੱਚ ਲਾਲ ਚੰਦ ਨੇ ਗਾਇਆ ਤਾਂ ਸੰਗਤਾਂ ਨੂੰ ਉਸ ਦੀ ਆਵਾਜ਼ ਨੇ ਕੀਲ ਲਿਆ। ਪ੍ਰਸਿੱਧ ਵਿਦਵਾਨ ਬਾਵਾ ਬੁੱਧ ਸਿੰਘ ਕਵੀ ਦਰਬਾਰ ਦੇ ਇੰਚਾਰਜ ਸਨ। ਉਨ੍ਹਾਂ ਨੇ ਪੈਂਤੀ ਰੁਪਏ ਇਨਾਮ ਦੇ ਦਿੱਤੇ ਜੋ ਲਾਲ ਚੰਦ ਲਈ ਬੜੇ ਮਾਣ ਵਾਲੀ ਗੱਲ ਸੀ।

ਇਨ੍ਹਾਂ ਸੁਨਹਿਰੇ ਦਿਨਾਂ ਵਿੱਚ ਪ੍ਰਸਿੱਧ ਸ਼ਾਇਰ ਸੁੰਦਰ ਦਾਸ ਆਸੀ ਨਾਲ ਉਸ ਦਾ ਮੇਲ ਹੋਇਆ ਤਾਂ ਲਾਲ ਚੰਦ ਨੇ ਉਨ੍ਹਾਂ ਨੂੰ ਆਪਣਾ ਕਾਵਿ-ਉਸਤਾਦ ਧਾਰ ਲਿਆ। ਸੁੰਦਰ ਦਾਸ ਆਸੀ ਕੋਲ ਹੋਰ ਵੀ ਬਹੁਤ ਸਾਰੇ ਸ਼ਾਗਿਰਦ ਸਿੱਖਦੇ ਸਨ ਅਤੇ ਪੜ੍ਹੇ-ਲਿਖੇ ਹੋਣ ਕਰਕੇ ਆਪਣਾ-ਆਪਣਾ ਸਬਕ ਲਿਖ ਲੈਂਦੇ ਪਰ ਲਾਲ ਚੰਦ ਅਨਪੜ੍ਹ ਹੋਣ ਕਾਰਨ ਏਧਰ-ਓਧਰ ਤੱਕਦਾ ਰਹਿੰਦਾ। ਗੋਭਲਾ ਜਿਹਾ ਚਿਹਰਾ ਵੇਖ ਕੇ ਆਸੀ ਜੀ ਟਕੋਰ ਕਰਦੇ, ‘‘ਉਏ ਤੂੰ ਤਾਂ ਬਿਲਕੁਲ ਯਮਲਾ ਜੱਟ ਏਂ।’’ ਇਸ ਤਰ੍ਹਾਂ ਇੱਥੋਂ ਹੀ ਉਸ ਦੇ ਨਾਂ ਨਾਲ ‘ਯਮਲਾ ਜੱਟ’ ਪੱਕਾ ਲੱਗ ਗਿਆ। ਅਕਾਸ਼ਬਾਣੀ ਤੋਂ ਯਮਲੇ ਜੱਟ ਨੇ ਗਾਇਆ ਤਾਂ ਉਸ ਦੀ ਮਸ਼ਹੂਰੀ ਸਾਰੇ ਦੇਸ਼ ਵਿੱਚ ਹੋ ਗਈ।

ਕੰਪਨੀ ਨੇ  ਉਸ ਨੂੰ ਰਿਕਾਰਡ ਕੀਤਾ ਤਾਂ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। ਉਸ ਦੇ ਗੀਤ ਜਿਵੇਂ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਏ’, ‘ਜੰਗਲ ਦੇ ਵਿੱਚ ਖੂਹਾ ਲੁਆ ਦੇ, ਉੱਤੇ ਲੁਆ ਦੇ ਡੋਲ, ਸਖੀਆਂ ਨਾਮ ਸਾਂਈਂ ਦਾ ਬੋਲ’, ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ,ਦੱਸ ਮੈਂ ਕੀ ਜਹਾਨ ਵਿੱਚੋਂ ਖੱਟਿਆ’, ‘ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨ੍ਹੀਂ ਆਉਣੀ’, ‘ਯਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ’, ‘ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ’, ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’, ‘ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਂਗਾ- ਓਨੇ ਲਵੇਂਗਾ ਨਜ਼ਾਰੇ ਜਿੰਨਾਂ ਰੁਕ ਜਾਵੇਂਗਾ’  ਆਦਿ

ਲੋਕਾਂ ਦੀ ਜ਼ੁਬਾਨ ਉੱਪਰ ਚੜ੍ਹੇ ਰਹਿੰਦੇ। ਕੋਰਾ ਅਨਪੜ੍ਹ ਹੋਣ ਕਰਕੇ ਉਹ ਆਪਣੇ ਗੀਤ ਸ਼ਾਗਿਰਦਾਂ ਤੋਂ ਲਿਖਵਾ ਲੈਂਦਾ ਤੇ ਉਨ੍ਹਾਂ ਨੂੰ ਜ਼ੁਬਾਨੀ ਯਾਦ ਕਰ ਕੇ ਗਾਉਂਦਾ। ਵੱਡਾ ਤੂੰਬਾ ਅਤੇ ਹੋਰ ਸਾਜ਼ ਚੁੱਕਣੇ ਔਖੇ ਹੋਣ ਕਾਰਨ ਉਸ ਨੇ ਇੱਕ ਨਵਾਂ ਤਜਰਬਾ ਕੀਤਾ ਤੇ ਤੂੰਬੀ ਦੀ ਖੋਜ ਕਰਾ ਲਈ। ਇੱਕ ਤਾਰ ਉੱਪਰ ਸੱਤ ਸੁਰੀ ਵਜਾਉਣ ਦਾ ਉਸ ਦਾ ਤਜਰਬਾ ਸਫ਼ਲ ਰਿਹਾ ਅਤੇ ਤੂੰਬੀ ਦੀ ਮਿਠਾਸ ਭਰੀ ਅਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹਿਆ। ਇਸ ਤਰ੍ਹਾਂ ਛੋਟੀ ਤੂੰਬੀ ਦਾ ਜਨਮਦਾਤਾ ਬਣਨ ਦਾ ਮਾਣ ਵੀ ਯਮਲਾ ਜੱਟ ਨੂੰ ਮਿਲ ਗਿਆ ਅਤੇ ਲਾਲ ਚੰਦ ਯਮਲਾ ਜੱਟ ਪੰਜਾਬ ਦਾ ਨਾਮੀ ਕਲਾਕਾਰ ਬਣ ਗਿਆ।

ਆਪਣੀ ਕਲਾਕਾਰੀ ਸਦਕਾ ਉਹਨੇ ਵਿਦੇਸ਼ਾਂ ਵਿੱਚ ਵੀ ਖ਼ਾਸ ਪਛਾਣ ਬਣਾਈ। ਉਨ੍ਹਾਂ ਦੇ ਪੰਜਾਬੀ ਗਾਇਕੀ ਵਿੱਚ ਪਾਏ ਯੋਗਦਾਨ ਸਦਕਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਸੋਨੇ ਦਾ ਤਗਮਾ ਭੇਟ ਕੀਤਾ, ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸਰਕਾਰੀ ਅਤੇ ਗੈਰ-ਸਰਕਾਰੀ ਸਨਮਾਨਾਂ ਨਾਲ ਨਿਵਾਜਿਆ ਗਿਆ। ਆਪਣੇ ਆਖਰੀ ਸਾਲਾਂ ਵਿੱਚ ਘਰ ਦੇ ਸਾਹਮਣੇ ਹੀ ਡਿੱਗਣ ਨਾਲ ਉਨ੍ਹਾਂ ਦੇ ਚੁਲੇ ਉੱਪਰ ਸੱਟ ਲੱਗ ਗਈ। ਲੱਗੀ ਸੱਟ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਨੇ 19-20 ਅਕਤੂਬਰ 1991 ਦੀ ਰਾਤ ਅੱਠ-ਨੌਂ ਵਜੇ ਪ੍ਰੋ: ਮੋਹਨ ਸਿੰਘ ਮੇਲੇ ਵਿੱਚ ਪੰਜਾਬ ਭਵਨ ਲੁਧਿਆਣਾ ਵਿਖੇ ਹਾਜ਼ਰੀ ਭਰੀ।

ਸ੍ਰੀ ਜਗਦੇਵ ਸਿੰਘ ਜੱਸੋਵਾਲ ਅਤੇ ਉਨ੍ਹਾਂ ਦੇ ਸ਼ਾਗਿਰਦ ਉਸਤਾਦ ਲਾਲ ਚੰਦ ਯਮਲਾ ਨੂੰ ਕੁਰਸੀ ਉੱਪਰ ਬਿਠਾ ਕੇ ਲਿਆਏ। ਉਸ ਵੇਲੇ ਉਨ੍ਹਾਂ ਨੇ ਦੋ ਗੀਤ ਤੂੰਬੀ ਨਾਲ ਗਾਏ ਤਾਂ ਪੰਜਾਬੀ ਭਵਨ ਦਾ ਵਿਹੜਾ ਜੋ ਕਿ ਖਚਾਖਚ ਦਰਸ਼ਕਾਂ ਨਾਲ ਭਰਿਆ ਹੋਇਆ ਸੀ, ਤਾੜੀਆਂ ਨਾਲ ਵਾਰ-ਵਾਰ ਗੂੰਜ ਉੱਠਿਆ। ਉਸ ਵੇਲੇ ਸਟੇਜ ਉੱਪਰ ਪੰਜਾਬ ਦੇ ਪ੍ਰਸਿੱਧ ਗਾਇਕ ਕੁਲਦੀਪ ਮਾਣਕ, ਮੁਹੰਮਦ ਸਦੀਕ, ਗੁਰਦਾਸ ਮਾਨ, ਹੰਸ ਰਾਜ ਹੰਸ, ਪ੍ਰੋ: ਗੁਰਭਜਨ ਗਿੱਲ, ਪ੍ਰਗਟ ਸਿੰਘ ਗਰੇਵਾਲ, ਜਨਮੇਜਾ ਸਿੰਘ ਜੌਹਲ, ਹਰਭਜਨ ਬਟਾਲਵੀ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਮੌਜੂਦ ਸਨ।

ਇਹ ਉਨ੍ਹਾਂ ਦੀ ਆਖਰੀ ਭਰਵੀਂ ਸਟੇਜ ਸੀ ਜਿਸ ਨੂੰ ਉਸਤਾਦ ਜੀ ਨੇ ਲੁੱਟ ਲਿਆ। ਇਸ ਤੋਂ ਠੀਕ ਦੋ ਮਹੀਨੇ ਬਾਅਦ ਆਪਣੇ ਜੀਵਨ ਵਿੱਚ ਸੈਂਕੜੇ ਇਨਾਮ ਸਨਮਾਨ ਹਾਸਲ ਕਰਨ ਵਾਲਾ ਪੰਜਾਬ ਦਾ ਇਹ ਮਹਾਨ ਕਲਾਕਾਰ 20 ਦਸੰਬਰ 1991 ਦੀ ਰਾਤ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿਖੇ ਸਭ ਨੂੰ ਵਿਛੋੜਾ ਦੇ ਗਿਆ ਤੇ ਆਪਣੇ ਪਿੱਛੇ ਛੱਡ ਗਿਆ ਸੈਂਕੜੇ ਸ਼ਾਗਿਰਦ ਅਤੇ ਪੰਜਾਬੀ ਸੰਗੀਤ ਦੀ ਬਹੁਮੁੱਲੀ ਵਿਰਾਸਤ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement