
ਰਣਜੀਤ ਬਾਵਾ ਨਾਲ ਨਜ਼ਰ ਆ ਰਹੇ ਹਨ ਤਰਸੇਮ ਜੱਸੜ
ਚੰਡੀਗੜ੍ਹ : ਉੱਘੇ ਗਾਇਕ ਅਤੇ ਅਭਿਨੇਤਾ ਤਰਸੇਮ ਜੱਸੜ ਦੀ ਆਉਣ ਵਾਲੀ ਫ਼ਿਲਮ ‘ਰੱਬ ਦਾ ਰੇਡੀਓ-2’ ਦੀ ਉਡੀਕ ਬੜੀ ਹੀ ਬੇਸਬਰੀ ਨਾਲ ਹੋ ਰਹੀ ਹੈ। ਤਰਸੇਮ ਜੱਸੜ ਅਪਣੀਆਂ ਸੁਲਝੀਆਂ ਹੋਈਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਉਹ ਅਪਣੇ ਪ੍ਰੋਡਕਸ਼ਨ ਹਾਊਸ ‘ਵਿਹਲੀ ਜਨਤਾ’ ਦੇ ਬੈਨਰ ਹੇਠ ਅਪਣੀਆਂ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ। ਇਸੇ ਬੈਨਰ ਹੇਠ ਦੋ ਸਾਲ ਪਹਿਲਾਂ ਬਣੀ ਫ਼ਿਲਮ ‘ਰੱਬ ਦਾ ਰੇਡੀਓ’ ਕਾਫ਼ੀ ਸਫ਼ਲ ਰਹੀ ਸੀ।
ਓਸੇ ਫ਼ਿਲਮ ਦੀ ਅਗਲੀ ਕੜੀ ਨੂੰ ਦਰਸਾਉਂਦੀ ਫ਼ਿਲਮ ‘ਰੱਬ ਦਾ ਰੇਡੀਓ-2’ 29 ਮਾਰਚ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਜਿਵੇਂ ਕਿ ਤਰਸੇਮ ਜੱਸੜ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਵਿਚ ਵੀ ਹੁੰਦਾ ਹੈ, ਇਸ ਵਿਚ ਵੀ ਜੱਸੜ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਰ ਸਿਤਾਰੇ ਵੀ ਨਜ਼ਰ ਆਉਣਗੇ। ਤਾਜ਼ਾ ਜਾਰੀ ਕੀਤੇ ਫ਼ਿਲਮ ਦੇ ਪੋਸਟਰ ਵਿਚ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਖ਼ੁਸ਼ਨੁਮਾ ਮਾਹੌਲ ਵਿਚ ਨੱਚਦੇ ਨਜ਼ਰ ਆ ਰਹੇ ਹਨ।
ਫ਼ਿਲਮ ਦੇ ਟ੍ਰੇਲਰ ਤੋਂ ਜਾਪਦਾ ਹੈ ਕਿ ਰਣਜੀਤ ਬਾਵਾ ਇਕ ਗੀਤ ਵਿਚ ਨਜ਼ਰ ਆਉਣਗੇ। ਇਹ ਤਾਂ ਹੁਣ 29 ਮਾਰਚ ਨੂੰ ਸਿਨੇਮਾ ਘਰਾਂ ਵਿਚ ਹੀ ਪਤਾ ਚੱਲੇਗਾ ਕਿ ਰਣਜੀਤ ਬਾਵਾ ਰੱਬ ਦਾ ਰੇਡੀਓ-2 ਵਿਚ ਕਿਹੜੀ ਭੂਮਿਕਾ ਨਿਭਾ ਰਹੇ ਹਨ ਪਰ ਇਸ ਨਵੇਂ ਪੋਸਟਰ ਵਿਚਲੇ ਦਰਸਾਏ ਮਾਹੌਲ ਦੀ ਖੁਸ਼ੀ ਵੇਖਣ ਵਾਲੇ ਦੇ ਚਿਹਰੇ ਤੇ ਮੁਸਕਾਨ ਜ਼ਰੂਰ ਲਿਆ ਦਿੰਦੀ ਹੈ।