
ਰੁਪਿੰਦਰ ਹਾਂਡਾ ਨੇ ਮਰਹੂਮ ਗਾਇਕ ਨੂੰ ਇਨਸਾਫ ਦਿਵਾਉਣ ਲਈ ਸਾਰਿਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।
ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਕਈ ਪੰਜਾਬੀ ਗਾਇਕ ਅਤੇ ਅਦਾਕਾਰ ਅੱਗੇ ਆ ਰਹੇ ਹਨ। ਇਸ ਦੇ ਚਲਦਿਆਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਮਰਹੂਮ ਗਾਇਕ ਨੂੰ ਇਨਸਾਫ ਦਿਵਾਉਣ ਲਈ ਸਾਰਿਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਇਕ ਪੋਸਟ ਸਾਂਝੀ ਕਰਦਿਆਂ ਰੁਪਿੰਦਰ ਹਾਂਡਾ ਨੇ ਕਿਹਾ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਜੋ ਚੱਕਾ ਜਾਮ ਹੋਵੇਗਾ, ਉਹ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ।
ਗਾਇਕਾ ਰੁਪਿੰਦਰ ਹਾਂਡਾ ਨੇ ਲਿਖਿਆ, “ਤੁਸੀਂ ਸਿੱਧੂ ਦੇ ਸ਼ੋਅ ਦਾ ਇਕੱਠ ਵੀ ਦੇਖਿਆ ਹੋਵੇਗਾ, ਸਿੱਧੂ ਦੇ ਸਸਕਾਰ ਦਾ ਇਕੱਠ ਵੀ ਦੇਖਿਆ ਹੋਣਾ ਤੇ ਭੋਗ ਵਾਲੇ ਦਿਨ ਦਾ ਇਕੱਠ ਵੀ ਦੇਖਿਆ ਹੋਣਾ ਪਰ ਹੁਣ ਜੋ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਚੱਕਾ ਜਾਮ ਹੋਣਾ, ਉਹ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ”।
ਇਸ ਤੋਂ ਪਹਿਲਾਂ ਵੀ ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ ਕਿ ਮੈਂ ਸਿੱਧੂ ਮੂਸੇ ਵਾਲਾ ਲਈ ਖੜ੍ਹੀ ਹਾਂ, ਹੋਰ ਕੌਣ-ਕੌਣ ਹੈ? ਅੱਜ ਇਕ ਮਾਂ ਦਾ ਪੁੱਤ ਮਰਿਆ, ਕੱਲ੍ਹ ਨੂੰ ਤੁਹਾਡਾ ਨੰਬਰ ਵੀ ਹੋ ਸਕਦਾ। ਮੈਂ ਉਸ ਦੇ ਜਿਊਂਦੇ ਜੀਅ ਵੀ ਉਸ ਦੇ ਨਾਲ ਸੀ ਤੇ ਉਸ ਦੇ ਜਾਣ ਤੋਂ ਬਾਅਦ ਵੀ ਉਸ ਨਾਲ ਹਾਂ। ਜਿਹੜੇ ਸਿੱਧੂ ਨੂੰ ਪਿਆਰ ਕਰਦੇ, ਮੀਂਹ ਵਰ੍ਹਾ ਦਿਓ ਪੋਸਟਾਂ ਦਾ। ਸਰਕਾਰਾਂ ਇਹ ਨਾ ਸਮਝਣ ਕਿ ਗੱਲ ਦੱਬ ਗਈ।