
ਹਵਾ ਵਿਚਲੇ ਪ੍ਰਦੂਸ਼ਣ ਨੇ ਸਾਡੇ ਮੌਸਮ ਨੂੰ ਕਾਫ਼ੀ ਪ੍ਰਭਾਵਤ ਕੀਤਾ ਹੈ। ਜਿਧਰ ਵੇਖੋ ਉੱਧਰ ਹਵਾ ਵਿਚ ਧੂੰਏਂ ਦੇ ਗ਼ੁਬਾਰ ਹੀ ਗ਼ੁਬਾਰ ਨਜ਼ਰ ਆਉਂਦੇ ਹਨ। ਇਸੇ ਹਵਾ ਦੇ ਪ੍ਰਦੂਸ਼ਣ ਦਾ ਨਤੀਜਾ ਹੈ ਕਿ ਅਜਕਲ ਧੁੰਦ ਦਾ ਵੀ ਰੂਪ ਬਦਲ ਗਿਆ ਹੈ। ਇਸ ਪ੍ਰਦੂਸ਼ਣ ਕਾਰਨ ਧੁੰਦ ਹੁਣ ਸਮੋਗ ਬਣ ਗਈ ਹੈ ਜੋ ਕਿ ਧੁੰਦ ਅਤੇ ਧੂੰਏਂ ਦਾ ਮਿਸ਼ਰਣ ਹੈ। ਧੁੰਦ ਉਦੋਂ ਬਣਦੀ ਹੈ ਜਦੋਂ ਹਵਾ ਤੇ ਦਿਸ਼ਾ ਬਿੰਦੂ ਵਿਚਲਾ ਅੰਤਰ 2.5 ਡਿਗਰੀ ਸੈਂਟੀਗਰੇਡ ਜਾਂ 4 ਡਿਗਰੀ ਫਾਰਨਹਾਈਟ ਤੋਂ ਘੱਟ ਹੁੰਦਾ ਹੈ। ਧੁੰਦ ਧਰਤੀ ਦੀ ਸੱਤਾ ਤੇ ਜਾਂ ਇਸ ਦੇ ਨੇੜੇ ਹਵਾ ਵਿਚ ਨਜ਼ਰ ਆਉਣ ਵਾਲੇ ਬੱਦਲ ਪਾਣੀ ਦੇ ਤੁਪਕੇ ਜਾਂ ਆਈਸ ਕ੍ਰਿਸਟਲ ਸ਼ਾਮਲ ਹੁੰਦੇ ਹਨ। ਆਮ ਤੌਰ ਉਤੇ ਧੁੰਦ ਨੇੜੇ ਦੇ ਪਾਣੀ ਦੇ ਸ੍ਰੋਤਾਂ, ਭੂਗੋਲ ਤੇ ਹਵਾ ਦੀਆਂ ਸਥਿਤੀਆਂ ਤੋਂ ਬਹੁਤ ਪ੍ਰਭਾਵਤ ਹੁੰਦੀ ਹੈ। ਪਰ ਸਮੋਗ ਉਦੋਂ ਪੈਦਾ ਹੁੰਦੀ ਹੈ ਜਦੋਂ ਧੁੰਦ ਵਿਚਲੇ ਪਾਣੀ ਦੇ ਤੁਪਕੇ ਸਾਡੇ ਘਰਾਂ, ਫ਼ੈਕਟਰੀਆਂ, ਵਾਹਨਾਂ, ਪਟਾਕਿਆਂ ਤੇ ਪਰਾਲੀ ਸਾੜਨ ਕਾਰਨ ਨਿਕਲੇ ਧੂੰਏਂ ਅਤੇ ਉਸ ਦੇ ਕਣਾਂ ਨਾਲ ਮਿਲਦੇ ਹਨ। ਇਹ ਨੁਕਸਾਨਦੇਹ ਕਣ ਵਾਯੂਮੰਡਲ ਵਿਚ ਉਚਾਈ ਉਤੇ ਨਹੀਂ ਜਾ ਸਕਦੇ। ਇਸ ਉੱਪਰ ਗਰਮ ਹਵਾ ਦੀ ਇਕ ਪਰਤ ਜੰਮ ਜਾਂਦੀ ਹੈ, ਜੋ ਸਮੋਗ ਦੀ ਪਰਤ ਨੂੰ ਇਕ ਢੱਕਣ ਵਾਂਗ ਢੱਕ ਲੈਂਦੀ ਹੈ।
ਇਕ ਸਰਵੇ ਅਨੁਸਾਰ ਭਾਰਤ ਦੇ ਮੈਟਰੋ ਸ਼ਹਿਰ ਦਿੱਲੀ ਵਿਚ 10,500 ਲੋਕ ਹਰ ਸਾਲ ਪ੍ਰਦੂਸ਼ਣ ਕਾਰਨ ਮਰਦੇ ਹਨ। ਜਿਥੇ ਧੁੰਦ ਕਾਰਨ ਬਹੁਤ ਸਾਰੀਆਂ ਮਨੁੱਖੀ ਗਤੀਵਿਧੀਆਂ ਜਿਵੇਂ ਸ਼ਿਪਿੰਗ, ਥਲੀ ਜਾਂ ਹਵਾਈ ਸਫ਼ਰ ਆਦਿ ਪ੍ਰਭਾਵਤ ਹੁੰਦੀਆਂ ਹਨ, ਉਥੇ ਸਮੋਗ ਕਾਰਨ ਵਿਅਕਤੀਆਂ ਦੀਆਂ ਅੱਖਾਂ ਅਤੇ ਸਾਹ ਨਲੀ ਵੀ ਪ੍ਰਭਾਵਤ ਹੁੰਦੀਆਂ ਹਨ ਜਿਸ ਕਾਰਨ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ। ਦਿਨੋਂ-ਦਿਨ ਵਧ ਰਹੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਵਿਅਕਤੀ ਦੀ ਉਮਰ ਦਰ ਵੀ ਘਟਦੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਦਿੱਲੀ ਵਿਚ ਧੂੰਏਂ ਦੇ ਪ੍ਰਦੂਸ਼ਣ ਕਾਰਨ ਵਿਅਕਤੀ ਦੀ ਉਮਰ 6 ਸਾਲ ਹੋਰ ਘੱਟ ਗਈ ਹੈ। ਇਸ ਸਮੋਗ ਕਾਰਨ ਭਾਰਤ ਦੇ ਬਹੁਤ ਸਾਰੇ ਰਾਜਾਂ ਜਿਵੇਂ ਪੰਜਾਬ, ਹਰਿਆਣਾ ਆਦਿ ਤੇ ਦਿੱਲੀ ਸ਼ਹਿਰ ਵਿਚ ਰੋਜ਼ਾਨਾ ਸੜਕ ਹਾਦਸਿਆਂ ਵਿਚ ਪਤਾ ਨਹੀਂ ਕਿੰਨੇ ਲੋਕ ਅਪਣੀ ਜਾਨ ਗਵਾ ਰਹੇ ਹਨ। ਦੂਜੇ ਪਾਸੇ ਪੰਛੀਆਂ ਦੀ ਦੁਨੀਆਂ ਨੂੰ ਵੀ ਇਸ ਸਮੋਗ ਨੇ ਬਹੁਤ ਪ੍ਰਭਾਵਤ ਕੀਤਾ ਹੈ। ਜੇਕਰ ਇਸ ਸਮੱਸਿਆ ਵਲ ਸਰਕਾਰਾਂ ਤੇ ਆਮ ਲੋਕਾਂ ਨੇ ਧਿਆਨ ਨਾ ਦਿਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਬਿਮਾਰ ਪੈਦਾ ਹੋਣਗੀਆਂ। ਇਸ ਲਈ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪ੍ਰਦੂਸ਼ਣ ਘੱਟ ਕਰਨ ਤੇ ਵੱਧ ਤੋਂ ਵੱਧ ਦਰੱਖ਼ਤ ਲਗਾਉਣ ਵਿਚ ਸਹਿਯੋਗ ਦੇਣਾ ਅਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਤਾਕਿ ਆਉਣ ਵਾਲੀ ਪੀੜ੍ਹੀ ਚੰਗੇ ਤੇ ਸਾਫ਼ ਵਾਤਾਵਰਣ ਵਿਚ ਸਾਹ ਲੈ ਸਕੇ।