
ਧੁੰਦ ਦੀ ਖ਼ਤਰਨਾਕ ਚਾਦਰ ਵਿਚ ਲਿਪਟ ਸਕਦੇ ਹਨ ਭਾਰਤ ਅਤੇ ਪਾਕਿਸਤਾਨ ਦੇ ਕਈ ਸ਼ਹਿਰ
ਨਵੀਂ ਦਿੱਲੀ, 16 ਨਵੰਬਰ : ਉੱਤਰ ਭਾਰਤ ਅਤੇ ਪਾਕਿਸਤਾਨ ਦੇ ਸ਼ਹਿਰਾਂ ਦੇ ਲੋਕਾਂ ਨੂੰ ਆਉਣ ਵਾਲੇ ਮਹੀਨਿਆਂ ਤਕ ਧੁੰਦ ਭਰੇ ਖ਼ਤਰਨਾਕ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਸ਼ਹਿਰ ਕੋਹਰੇ ਦੀ ਖ਼ਤਰਨਾਕ ਚਾਦਰ ਵਿਚ ਵੀ ਲਿਪਟ ਸਕਦੇ ਹਨ। ਵਾਤਾਵਰਣ ਸਬੰਧੀ ਹਾਲਤਾਂ 'ਤੇ ਨਜ਼ਰ ਰੱਖਣ ਵਾਲੀ ਅਮਰੀਕਾ ਦੀ ਸੰਸਥਾ ਨੇ ਇਹ ਦਾਅਵਾ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉੱਤਰ ਭਾਰਤ ਦੇ ਕਈ ਹੋਰ ਰਾਜ ਪਿਛਲੇ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਜ਼ਹਿਰੀਲੀ ਧੁੰਦ ਦੀ ਚਾਦਰ ਵਿਚ ਲਿਪਟੇ ਹੋਏ ਹਨ ਜਿਸ ਕਾਰਨ ਅਧਿਕਾਰੀ ਨਿਰਮਾਣ ਕਾਰਜਾਂ ਅਤੇ ਇੱਟਾਂ ਦੇ ਭੱਠਿਆਂ 'ਤੇ ਰੋਕ ਲਾਉਣ ਜਿਹੇ ਕਦਮ ਚੁੱਕਣ ਲਈ ਮਜਬੂਰ ਹੋ ਗਏ ਹਨ। ਗੁਆਂਢੀ ਮੁਲਕ ਪਾਕਿਸਤਾਨ ਵਿਚ ਵੀ ਧੁੰਦ ਕਾਰਨ ਮੌਸਮ ਦੀ ਖ਼ਰਾਬ ਹਾਲਤ ਬਣੀ ਹੋਈ ਹੈ ਜਿਸ ਨਾਲ ਇਸ ਮਹੀਨੇ ਕਰੀਬ 600 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ।
ਨੈਸ਼ਨਲ ਓਸ਼ਨਿਕ ਐਂਡ ਐਟਮੋਸਫ਼ੇਅਰਿਕ ਐਡਮਿਨਸਟਰੇਸ਼ਨ ਨੇ ਕਲ ਇਕ ਬਿਆਨ ਵਿਚ ਕਿਹਾ, 'ਇਹ ਉੱਤਰ ਭਾਰਤ ਅਤੇ ਪਾਕਿਸਤਾਨ ਵਿਚ ਧੁੰਦ ਦੇ ਮੌਸਮ ਦੀ ਸ਼ੁਰੂਆਤ ਹੈ। ਠੰਢ ਅਤੇ ਟਿਕੀਆਂ ਹਵਾਵਾਂ ਕਾਰਨ ਪ੍ਰਦੂਸ਼ਣ ਵਧਣ ਦਾ ਖ਼ਦਸ਼ਾ ਹੈ ਜਿਸ ਨਾਲ ਸ਼ਹਿਰ ਖ਼ਤਰਨਾਕ ਤਰੀਕੇ ਨਾਲ ਧੁੰਦ-ਕੋਹਰੇ ਦੀ ਚਾਦਰ ਵਿਚ ਲਿਪਟ ਜਾਣਗੇ। ਸੰਸਥਾ ਨੇ ਉਪਗ੍ਰਹਿ ਤੋਂ ਲਈਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਅਤੇ ਉੱਤਰ ਭਾਰਤ ਤੇ ਪਾਕਿਸਤਾਨ ਦੇ ਪ੍ਰਮੁੱਖ ਇਲਾਕਿਆਂ ਵਿਚ ਪ੍ਰਦੂਸ਼ਤ ਵਾਤਾਵਰਣ ਦੇ ਕਾਰਨ ਦੱਸੇ। ਸੰਸਥਾ ਨੇ ਕਿਹਾ ਕਿ ਤੇਲ ਦੇ ਜਲਣ, ਫ਼ਸਲ ਦੇ ਸੜਨ ਅਤੇ ਅੱਗ ਕਾਰਨ ਪੈਦਾ ਹੋਈ ਧੁੰਦ ਕਾਰਨ ਲੋਕਾਂ ਨੂੰ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ। (ਏਜੰਸੀ)