
ਵੀਰਵਾਰ ਨੂੰ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ 67 ਸਾਲ ਦੀ ਉਮਰ ਵਿਚ ਕੈਂਸਰ ਦੀ ਜੰਗ ਹਾਰ ਗਏ।
ਨਵੀਂ ਦਿੱਲੀ: ਵੀਰਵਾਰ ਨੂੰ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ 67 ਸਾਲ ਦੀ ਉਮਰ ਵਿਚ ਕੈਂਸਰ ਦੀ ਜੰਗ ਹਾਰ ਗਏ। ਉਹਨਾਂ ਦੀ ਮੌਤ ਨਾਲ ਉਹਨਾਂ ਦੇ ਫੈਨਸ ਨੂੰ ਗਹਿਰਾ ਸਦਮਾ ਪਹੁੰਚਿਆ। ਉਹਨਾਂ ਦੀ ਮੌਤ ਤੋਂ ਕੁਝ ਸਮੇਂ ਬਾਅਦ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ, ਜਿਸ ਵਿਚ ਇਕ ਵਿਅਕਤੀ ਰਿਸ਼ੀ ਕਪੂਰ ਨੂੰ ਗਾਣਾ ਸੁਣਾ ਰਿਹਾ ਸੀ।
Photo
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਰਿਸ਼ੀ ਕਪੂਰ ਹਸਪਤਾਲ ਵਿਚ ਬੈੱਡ 'ਤੇ ਪਏ ਹਨ ਅਤੇ ਉਹਨਾਂ ਕੋਲ ਖੜ੍ਹਾ ਵਿਅਕਤੀ ਦੀਵਾਨਾ ਫਿਲਮ ਦਾ ਮਸ਼ਹੂਰ ਗਾਣਾ, 'ਤੇਰੇ ਦਰਦ ਸੇ ਦਿਲ ਆਬਾਦ ਰਹਾ' ਗਾ ਰਿਹਾ ਹੈ। ਇਸ ਤੋਂ ਬਾਅਦ ਰਿਸ਼ੀ ਕਪੂਰ ਗਾਣਾ ਸੁਣ ਕੇ ਖੁਸ਼ ਹੋ ਜਾਂਦੇ ਹਨ ਤੇ ਉਸ ਵਿਅਕਤੀ ਨੂੰ ਆਸ਼ੀਰਵਾਦ ਵੀ ਦਿੰਦੇ ਹਨ।
Photo
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਰਾਤ ਦਾ ਹੈ, ਜਿਸ ਰਾਤ ਉਹ ਮੁੰਬਈ ਦੇ ਹਸਪਤਾਲ ਵਿਚ ਭਰਤੀ ਹੋਏ ਸਨ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਵੀਡੀਓ ਤਿੰਨ ਮਹੀਨੇ ਪੁਰਾਣੀ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਫਰਵਰੀ ਦੇ ਪਹਿਲੇ ਹਫਤੇ ਕਰੀਨਾ ਕਪੂਰ ਦਿੱਲੀ ਦੇ ਮੈਕਸ ਹਸਪਤਾਲ ਵਿਚ ਭਰਤੀ ਸੀ।
Photo
ਹਾਲ ਹੀ ਵਿਚ ਇਹ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਗਈ ਸੀ, ਜਿਸ ਦੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਇਹ ਵੀਡੀਓ ਰਿਸ਼ੀ ਕਪੂਰ ਦੀ ਆਖਰੀ ਰਾਤ ਦਾ ਹੈ। ਹਾਲਾਂਕਿ ਕਈ ਮੀਡੀਆ ਚੈਨਲਾਂ ਨੇ ਵੀ ਇਸ ਵੀਡੀਓ ਨੂੰ ਰਿਸ਼ੀ ਕਪੂਰ ਦੀ ਆਖਰੀ ਵੀਡੀਓ ਦੱਸਿਆ ਸੀ, ਪਰ ਉਹਨਾਂ ਨੇ ਬਾਅਦ ਵਿਚ ਅਪਣੀ ਗਲਤੀ ਸੁਧਾਰ ਲਈ।
Photo
ਵੀਡੀਓ ਵਿਚ ਗਾਣਾ ਗਾ ਰਹੇ ਵਿਅਕਤੀ ਨੇ ਉੱਨ ਦਾ ਸਵੈਟਰ ਪਾਇਆ ਹੋਇਆ ਹੈ ਜਦਕਿ ਮੁੰਬਈ ਵਿਚ ਤਾਪਮਾਨ 30 ਡਿਗਰੀ ਤੋਂ ਉੱਪਰ ਜਾ ਚੁੱਕਾ ਹੈ। ਇਸ ਲਈ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਵੀਡੀਓ ਪੁਰਾਣੀ ਹੈ। ਇਸ ਵੀਡੀਓ ਦੀ ਜਾਂਚ ਕਰਦੇ ਪਾਇਆ ਗਿਆ ਕਿ ਇਸ ਵੀਡੀਓ ਨੂੰ 3 ਫਰਵਰੀ ਨੂੰ 'ਧੀਰਜ ਕੁਮਾਰ ਸਾਨੂ' ਵੱਲੋਂ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ।
Photo
ਦਰਅਸਲ ਜੋ ਲੜਕਾ ਰਿਸ਼ੀ ਕਪੂਰ ਨਾਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਉਸ ਦਾ ਨਾਂਅ ਧੀਰਜ ਹੈ, ਜੋ ਕਿ ਉਤਰਾਖੰਡ ਦੇ ਰਾਣੀਖੇਤ ਦਾ ਰਹਿਣ ਵਾਲਾ ਹੈ ਤੇ ਦਿੱਲੀ ਦੇ ਮੈਕਸ ਹਸਪਤਾਲ ਵਿਚ ਵਾਰਡ ਬੁਆਏ ਹੈ। ਮੈਕਸ ਹਸਪਤਾਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਫਰਵਰੀ ਦੇ ਪਹਿਲੇ ਹਫਤੇ ਵਿਚ ਕਰੀਨਾ ਕਪੂਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਕਿਉਂਕਿ ਉਹਨਾਂ ਨੂੰ ਇਨਫੈਕਸ਼ਨ ਸੀ।
Photo
ਫੈਕਟ ਚੈੱਕ:
ਦਾਅਵਾ: ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਿਸ਼ੀ ਕਪੂਰ ਦੀ ਆਖਰੀ ਰਾਤ ਦਾ ਵੀਡੀਓ ਹੈ।
ਸੱਚਾਈ: ਅਸਲ ਵਿਚ ਇਹ ਵੀਡੀਓ ਫਰਵਰੀ ਦੇ ਪਹਿਲੇ ਹਫਤੇ ਦਾ ਹੈ, ਜਦੋਂ ਕਰੀਨਾ ਕਪੂਰ ਦਿੱਲੀ ਦੇ ਮੈਕਸ ਹਸਪਤਾਲ ਵਿਚ ਭਰਤੀ ਸੀ।