
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਉ ਹਾਲੀਆ ਨਹੀਂ ਸਗੋਂ 3 ਅਕਤੂਬਰ 2023 ਦਾ ਹੈ।
Rozana Spokesman Fact Check (Team Mohali): ਪੈਸੇ ਬਦਲੇ ਸਵਾਲ ਪੁੱਛਣ ਦੇ ਮਾਮਲੇ 'ਚ ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰ ਦਿਤੀ ਗਈ ਹੈ। ਬੀਤੇ ਦਿਨੀਂ ਲੋਕ ਸਭਾ ਵਿਚ ਕਮੇਟੀ ਦੀ ਰੀਪੋਰਟ ਅਤੇ ਉਨ੍ਹਾਂ ਦੀ ਬਰਖ਼ਾਸਤਗੀ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ, ਜਿਸ ਮਗਰੋਂ ਵੋਟਿੰਗ ਹੋਈ ਅਤੇ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ ਖ਼ਤਮ ਕਰ ਦਿਤੀ ਗਈ। ਇਸ ਦੌਰਾਨ ਸੋਸ਼ਲ ਮੀਡੀਆ ਉਤੇ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਂਬਰਸ਼ਿਪ ਰੱਦ ਹੋਣ ਮਗਰੋਂ ਉਨ੍ਹਾਂ ਨੂੰ ਪੁਲਿਸ ਨੇ ਫੜ੍ਹ ਦੇ ਸੰਸਦ ਦੇ ਬਾਹਰ ਕੱਢਿਆ।
ਵਾਇਰਲ ਵੀਡੀਉ ਦਾ ਦਾਅਵਾ
ਫੇਸਬੁੱਕ ਯੂਜ਼ਰ ‘NewsNशा’ ਨੇ ਵੀਡੀਉ ਸ਼ੇਅਰ ਕਰਦਿਆਂ ਲਿਖਿਆ, “ਸੰਸਦ ਵਿਚ ਅਡਾਨੀ ਦੇ ਖਿਲਾਫ਼ ਬੋਲਣ ’ਤੇ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਸੰਸਦ ਭਵਨ ਵਿਚੋਂ ਇਸ ਤਰ੍ਹਾਂ ਬਾਹਰ ਕੱਢਿਆ ਗਿਆ। ਵੀਡੀਉ ਹੋਇਆ ਵਾਇਰਲ”। ਕਈ ਹੋਰ ਯੂਜ਼ਰ ਵੀ ਇਸੇ ਦਾਅਵੇ ਨਾਲ ਵੀਡੀਉ ਸ਼ੇਅਰ ਕਰ ਰਹੇ ਹਨ। ਇਹ ਵੀਡੀਉ ਤੁਸੀਂ ਹੇਠਾਂ ਦੇਖ ਸਕਦੇ ਹੋ...।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਉ ਹਾਲੀਆ ਨਹੀਂ ਸਗੋਂ 3 ਅਕਤੂਬਰ 2023 ਦਾ ਹੈ।
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਵਾਇਰਲ ਵੀਡੀਉ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਗੂਗਲ ਲੈਂਸ ਰਾਹੀਂ ਵੀਡੀਉ ਲੱਭਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ NDTV ਦੀ 3 ਅਕਤੂਬਰ 2023 ਦੀ ਇਕ ਖ਼ਬਰ ਮਿਲੀ, ਜਿਸ ਦਾ ਸਿਰਲੇਖ ਸੀ, “ਪੱਛਮੀ ਬੰਗਾਲ ਦੇ ਸੰਸਦ ਮੈਂਬਰਾਂ, ਨੇਤਾਵਾਂ ਨੂੰ ਦਿੱਲੀ ਪੁਲਿਸ ਨੇ "ਘਸੀਟਿਆ, ਬਦਸਲੂਕੀ" ਕੀਤੀ: ਤ੍ਰਿਣਮੂਲ ਕਾਂਗਰਸ”।
ਮਹੂਆ ਮੋਇਤਰਾ ਨੇ ਸਾਂਝਾ ਕੀਤਾ ਸੀ ਵੀਡੀਉ
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੀਵਰਡ ਸਰਚ ਕੀਤਾ ਅਤੇ ਸਾਨੂੰ ਵਾਇਰਲ ਵੀਡੀਉ ਨਾਲ ਮੇਲ ਖਾਂਦਾ ਵੀਡੀਉ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਟਵਿਟਰ ਉਤੇ ਮਿਲਿਆ। ਇਹ ਵੀਡੀਉ 3 ਅਕਤੂਬਰ 2023 ਨੂੰ ਸਾਂਝਾ ਕੀਤਾ ਗਿਆ ਸੀ।
This is how elected MPs of the world’s largest democracy are treated after being given an appointment to meet with a Minister of the Govt of India (which she refused to honour after making us wait 3 hours)
— Mahua Moitra (@MahuaMoitra) October 3, 2023
Shame @narendramodi shame @AmitShah pic.twitter.com/cmx6ZzFxBu
ਉਨ੍ਹਾਂ ਲਿਖਿਆ ਸੀ, "ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਭਾਰਤ ਸਰਕਾਰ ਦੇ ਇਕ ਮੰਤਰੀ ਨੂੰ ਮਿਲਣ ਦਾ ਸਮਾਂ ਦਿਤੇ ਜਾਣ ਤੋਂ ਬਾਅਦ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ।" ਮਹੂਆ ਨੇ ਲਿਖਿਆ ਕਿ ਮੰਤਰੀ ਨੂੰ ਮਿਲਣ ਲਈ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸਮਾਂ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਇਸ ਜਾਂਚ ਤੋਂ ਸਪੱਸ਼ਟ ਹੋ ਗਿਆ ਕਿ ਵਾਇਰਲ ਵੀਡੀਉ ਹਾਲੀਆ ਨਹੀਂ ਸਗੋਂ 2 ਮਹੀਨੇ ਪੁਰਾਣਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਉ ਹਾਲੀਆ ਨਹੀਂ ਹੈ। ਇਸ ਨੂੰ ਤਾਜ਼ਾ ਖ਼ਬਰ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Our Sources:
News Report By NDTV Dated 3 October 2023
Tweet Of Mahua Moitra Dated 3 October 2023