
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ ( ਪੰਜਾਬ, ਮੋਹਾਲੀ ਟੀਮ):: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ, ਜਿਸ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਸਾਨਾਂ ਦੇ ਧਰਨੇ ਵਿਚ ਪਹੁੰਚ ਕੇ ਉਹਨਾਂ ਦਾ ਸਮਰਥਨ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ 2013 ਦੀ ਹੈ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤੇ ਰਾਜਨਾਥ ਸਿੰਘ ਕਾਂਗਰਸ ਸਰਕਾਰ ਖਿਲਾਫ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇ ਰਹੇ ਸੀ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ मिलनियाल बाड़ा ਨੇ 7 ਦਸੰਬਰ 2020 ਨੂੰ ਇਕ ਵੀਡੀਓ ਸਾਂਝੀ ਕੀਤੀ, ਜਿਸ ਨਾਲ ਕੈਪਸ਼ਨ ਲਿਖਿਆ ਗਿਆ ਸੀ, बिग ब्रेकिंग :- किसान मुद्दे पर भाजपा में बड़ी फूट! राजनाथ सिंह का किसानों को समर्थन।
ਇਸ ਵੀਡੀਓ ਵਿਚ ਰੱਖਿਆ ਮੰਤਰੀ ਕਿਸਾਨਾਂ ਨੂੰ ਬੋਲ ਰਹੇ ਹਨ, ‘ਜੇ ਮੈਨੂੰ ਪਹਿਲਾਂ ਇਸ ਪ੍ਰਦਰਸ਼ਨ ਬਾਰੇ ਪਤਾ ਹੁੰਦਾ ਤਾਂ ਮੈਂ ਉਸੇ ਦਿਨ ਇੱਥੇ ਆ ਕੇ ਅਪਣਾ ਸਮਰਥਨ ਦਿੰਦਾ।‘ ਇਸ ਵੀਡੀਓ ਨੂੰ ਹੋਰ ਯੂਜ਼ਰ ਵੀ ਸ਼ੇਅਰ ਕਰ ਰਹੇ ਹਨ।
ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ
ਵੀਡੀਓ ਦੀ ਪੁਸ਼ਟੀ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ‘ਤੇ Rajnath Singh addressing farmers Protest ਲਈ ਖੋਜ ਕੀਤੀ। ਇਸ ਦੌਰਾਨ ਵੀਡੀਓਜ਼ ‘ਤੇ ਜਾ ਕੇ ਦੇਖਿਆ ਤਾਂ ਇਹ ਵੀਡੀਓ ਮਾਰਚ 2013 ਦੀ ਸੀ।
ਹੋਰ ਜਾਣਕਾਰੀ ਲਈ ਅਸੀਂ ਯੂਟਿਊਬ ‘ਤੇ ਖੋਜ ਕੀਤੀ ਤਾਂ ਸਭ ਤੋਂ ਭਾਜਪਾ ਦੇ ਅਧਿਕਾਰਕ ਯੂਟਿਬ ਚੈਨਲ ਤੋਂ ਵੀਡੀਓ ਸਾਹਮਣੇ ਆਈ। ਇਹ ਵੀਡੀਓ 8.40 ਮਿੰਟ ਦੀ ਸੀ। ਪੂਰੀ ਵੀਡੀਓ ਨੂੰ ਸੁਣਿਆ ਤਾਂ ਦੇਖਿਆ ਕਿ ਵਾਇਰਲ ਵੀਡੀਓ ਦਾ ਹਿੱਸਾ ਇਸ ਵੀਡੀਓ ਵਿਚੋਂ ਹੀ ਲਿਆ ਗਿਆ ਹੈ।
ਵੀਡੀਓ ਦੇ ਨਾਲ ਟਾਈਟਲ ਲਿਖਿਆ ਗਿਆ ਹੈ, Shri Rajnath Singh addressing farmers staging dharna at Jantar Mantar, New Delhi: 20.03.2013। ਇਸ ਤੋਂ ਇਲਾਵਾ ਮਾਰਚ 2013 ਵਿਚ ਕਿਸਾਨਾਂ ਵੱਲੋਂ ਤਤਕਾਲੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੀਆਂ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ, ਜਿਸ ਤੋਂ ਸਾਫ ਜ਼ਾਹਿਰ ਹੋਇਆ ਕਿ ਇਹ ਵੀਡੀਓ ਮੌਜੂਦਾ ਸੰਘਰਸ਼ ਨਾਲ ਸਬੰਧਤ ਨਹੀਂ ਹੈ।
ਮੀਡੀਆ ਵੈੱਬਸਾਈਟ ‘ਦ ਹਿੰਦੂ’ ਦੀ ਖ਼ਬਰ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ। ਇਸ ਖ਼ਬਰ ਅਨੁਸਾਰ ਮਾਰਚ 2013 ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਇਨਕਮ ਕਮਿਸ਼ਨ ਦੀ ਮੰਗ ਲੈ ਕੇ ਦਿੱਲੀ ਪਹੁੰਚੇ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਰਾਜਨਾਥ ਸਿੰਘ ਦੀ ਕਰੀਬ 8 ਸਾਲ ਪੁਰਾਣੀ ਵੀਡੀਓ ਨੂੰ ਮੌਜੂਦਾ ਕਿਸਾਨੀ ਅੰਦੋਲਨ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim – ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਸਾਨਾਂ ਦੇ ਧਰਨੇ ਵਿਚ ਪਹੁੰਚ ਕੇ ਉਹਨਾਂ ਦਾ ਸਮਰਥਨ ਕਰ ਰਹੇ ਹਨ।
Claimed By – मिलनियाल बाड़ा
Fact Check - ਫਰਜ਼ੀ