
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 13 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ, ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਜਾਨਾਂ ਜਾ ਰਹੀਆਂ ਹਨ। ਬੀਤੇ ਦਿਨੀਂ ਦੇਖਣ ਨੂੰ ਮਿਲਿਆ ਕਿ ਕਈ ਲੋਕਾਂ ਦੀਆਂ ਮ੍ਰਿਤਕ ਦੇਹਾਂ ਨਦੀਆਂ ਵਿਚ ਤੈਰ ਰਹੀਆਂ ਸਨ। ਅਜਿਹੇ ਮਾਮਲੇ ਉੱਤਰ ਪ੍ਰਦੇਸ਼ ਵਿਚ ਜ਼ਿਆਦਾ ਵੇਖਣ ਨੂੰ ਮਿਲੇ।
ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਨਦੀ ਦੇ ਕਿਨਾਰੇ ਇੱਕ ਜਾਨਵਰ ਨੂੰ ਮ੍ਰਿਤਕ ਦੇਹ ਨਾਲ ਬਦਸਲੂਕੀ ਕਰਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਕੋਰੋਨਾ ਕਾਲ ਵਿਚ ਬਦਤਰ ਹਲਾਤਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 13 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।
ਕਲਾਕਾਰ ਗੁਰਚੇਤ ਚਿੱਤਰਕਾਰ ਨੇ ਫਿਰ ਫੈਲਾਇਆ ਝੂਠ
ਪੰਜਾਬੀ ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਅਕਸਰ ਅਜਿਹੀਆਂ ਫਰਜੀ ਪੋਸਟ ਜਾਣੇ-ਅਣਜਾਣੇ ਵਿਚ ਸ਼ੇਅਰ ਕਰਦੇ ਰਹਿੰਦੇ ਹਨ। ਵਾਇਰਲ ਤਸਵੀਰ 15 ਮਈ 2021 ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "ਅੱਛੇ ਦਿਨ ਆਏਗੇ ਕੁੱਤੇ ਲਾਸੇ਼ ਖਾਏਂਗੇ ਭਗਤ ਫਿਰ ਵੀ ਮੋਦੀ ਦੇ ਗੁਣ ਗਾਏਂਗੇ ਔਰ ਲਾਹਨਤਾਂ ......."
ਇਸ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਨਾਮਵਰ ਇਮੇਜ ਏਜੰਸੀ Alamy.com 'ਤੇ ਅਪਲੋਡ ਮਿਲੀ। ਤਸਵੀਰ ਨੂੰ ਅਪਲੋਡ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਗਿਆ, "Dog eating dead man on varanasi ghat, uttar pradesh, india"
ਜਾਣਕਾਰੀ ਅਨੁਸਾਰ ਇਹ ਤਸਵੀਰ 20 ਫਰਵਰੀ 2008 ਨੂੰ ਬਨਾਰਸ ਵਿਚ ਲਈ ਗਈ ਸੀ। ਸਾਈਟ ਵਿਚ ਤਸਵੀਰ ਦਾ ਫੋਟੋ ਕਰੈਡਿਟ " Dinodia Photos RM" ਵੈੱਬਸਾਈਟ ਨੂੰ ਦਿੱਤਾ ਗਿਆ ਸੀ। ਅੱਗੇ ਵਧਦੇ ਹੋਏ ਅਸੀਂ Dinodia Photos RM ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਇਹ ਇੱਕ ਵੀਡੀਓ ਅਤੇ ਤਸਵੀਰਾਂ ਦੀ ਸਾਈਟ ਹੈ ਅਤੇ ਸਾਨੂੰ ਇਥੇ ਵੀ ਵਾਇਰਲ ਤਸਵੀਰ ਅਪਲੋਡ ਮਿਲੀ। ਇਥੇ ਅਪਲੋਡ ਜਾਣਕਾਰੀ ਅਨੁਸਾਰ ਇਹ ਤਸਵੀਰ ਰਣਜੀਤ ਸੇਨ ਨਾਂਅ ਦੇ ਫੋਟੋਗ੍ਰਾਫਰ ਵੱਲੋਂ ਖਿੱਚੀ ਗਈ ਸੀ।
ਅਸੀਂ ਮਾਮਲੇ ਨੂੰ ਲੈ ਫੋਟੋਗ੍ਰਾਫਰ ਰਣਜੀਤ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨਾਲ ਗੱਲ ਹੋਣ ਤੋਂ ਬਾਅਦ ਖਬਰ ਅਪਡੇਟ ਕੀਤੀ ਜਾਵੇਗੀ।
ਦੱਸ ਦਈਏ ਕਿ ਰਣਜੀਤ ਨੇ ਆਪਣੇ ਫੇਸਬੁੱਕ ਪੇਜ 'ਤੇ ਇਹ ਤਸਵੀਰ ਪਿਛਲੇ ਸਾਲ 16 ਮਈ 2020 ਨੂੰ ਵੀ ਸ਼ੇਅਰ ਕੀਤੀ ਸੀ। ਰਣਜੀਤ ਦਾ ਫੇਸਬੁੱਕ ਪੋਸਟ ਹੇਠਾਂ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ ਕਈ ਲੋਕਾਂ ਵੱਲੋਂ ਰਣਜੀਤ ਨਾਲ ਤਸਵੀਰ ਦੇ ਪੁਰਾਣੇ ਹੋਣ ਦੀ ਗੱਲ ਨੂੰ ਕਮੈਂਟ ਬਾਕਸ ਵਿਚ ਸਾਫ ਪੜ੍ਹਿਆ ਜਾ ਸਕਦਾ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਗੁਰਚੇਤ ਨੇ ਫਰਜੀ ਅਤੇ ਗੁੰਮਰਾਹਕੁਨ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹੋਣ। ਹੇਠਾਂ ਉਨ੍ਹਾਂ ਵੱਲੋਂ ਸ਼ੇਅਰ ਕੀਤੇ 3 ਪੋਸਟਾਂ ਦੇ Fact Check ਕਲਿਕ ਕਰ ਪੜ੍ਹੇ ਜਾ ਸਕਦੇ ਹਨ।
ਕਬੂਤਰ ਤੇ ਮਰੀਜ਼ ਦੀ ਫਰਜੀ ਕਹਾਣੀ
ਸਾਈਕਲ 'ਤੇ ਮ੍ਰਿਤਕ ਦੇਹ ਦਾ ਕੋਰੋਨਾ ਕਾਲ ਨਾਲ ਨਹੀਂ ਕੋਈ ਸਬੰਧ
ਬੰਗਾਲ ਚੋਣਾਂ ਨਾਲ ਜੋੜ ਸ਼ੇਅਰ ਕੀਤੀ CAA ਪ੍ਰਦਰਸ਼ਨ ਦੀ ਪੁਰਾਣੀ ਤਸਵੀਰ
"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"
ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 13 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।
Claim: ਕੋਰੋਨਾ ਕਾਲ ਦੌਰਾਨ ਮ੍ਰਿਤਕ ਦੇਹ ਨਾਲ ਬਦਸਲੂਕੀ ਕਰ ਰਿਹਾ ਜਾਨਵਰ
Claim By: ਗੁਰਚੇਤ ਚਿੱਤਰਕਾਰ
Fact Check: ਫਰਜੀ