
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਦਸੰਬਰ 2019 ਦਾ ਹੈ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਆਦਮੀ ਨੂੰ ਇੱਕ ਬੱਚੀ ਨੂੰ ਗੋਦ ਵਿਚ ਚੁੱਕ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਅਤੇ ਬਲਾਤਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਉਸ ਬੱਚੀ ਦਾ ਪਿਤਾ ਹੈ ਜਿਸ ਦੇ ਨਾਲ ਜਬਰ ਜਨਾਹ ਹੋਇਆ ਸੀ ਅਤੇ ਹੁਣ ਰੋਂਦੇ ਹੋਏ ਉਸ ਨੇ ਸੰਸਦ ਸਾਹਮਣੇ ਬੱਚੀ ਨੂੰ ਚੁੱਕ ਕੇ ਪ੍ਰਦਰਸ਼ਨ ਕੀਤਾ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਦਸੰਬਰ 2019 ਦਾ ਹੈ ਜਦੋਂ ਹੈਦਰਾਬਾਦ ਵਿਚ ਇੱਕ ਡਾਕਟਰ ਨਾਲ ਰੇਪ ਦੀ ਘਟਨਾ ਹੋਣ ਤੋਂ ਬਾਅਦ ਦਿੱਲੀ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ਼ "Agg Bani" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਮੁਗ਼ਲਾਂ ਤੋਂ ਵੀ ਮਾੜਾ ਰਾਜ 5 ਸਾਲ ਦੀ ਉਮਰ ਦੀ ਬੱਚੀ ਨਾਲ ਰੇਪ ਹੋਈਆਂ ਉਸ ਦਾ ਪਿਤਾ ਸੰਸਦ ਕੇ ਸਾਹਮਣੇ ਰੋਂਦਾ ਹੋਇਆ।"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਸਬੰਧਿਤ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਅਤੇ ਖਬਰਾਂ ਤੋਂ ਸਾਫ਼ ਹੋਇਆ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਸਹੀ ਨਹੀਂ ਹੈ।
5 ਦਸੰਬਰ 2019 ਨੂੰ ਪ੍ਰਕਾਸ਼ਿਤ ABP Live ਦੀ ਖ਼ਬਰ ਵਿਚ ਸਾਨੂੰ ਵੀਡੀਓ ਦਾ ਸਕ੍ਰੀਨਸ਼ਾਰਟ ਮਿਲਿਆ। ਇਸ ਖ਼ਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ ਸੀ, "संसद के बाहर लगे 'रेप से आजादी' के नारे, पिता ने बेटी को गोद में लेकर किया प्रदर्शन"
ਖ਼ਬਰ ਅਨੁਸਾਰ, "ਹੈਦਰਾਬਾਦ ਵਿਚ ਇੱਕ ਮਹਿਲਾ ਡਾਕਟਰ ਨਾਲ ਰੇਪ ਅਤੇ ਉਸ ਨੂੰ ਜਲਾ ਕੇ ਮਾਰ ਦੇਣ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਮਾਮਲੇ ਦੀ ਨਿੰਦਾ ਕੀਤੀ ਗਈ ਅਤੇ ਥਾਂ-ਥਾਂ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਇੱਕ ਪ੍ਰਦਰਸ਼ਨ ਦਿੱਲੀ ਦੇ ਵਿਜੇ ਚੌਂਕਕ ਵਿਚ ਵੀ ਕੀਤਾ ਗਿਆ ਜਿਥੇ ਇੱਕ ਵਿਅਕਤੀ ਨੇ ਆਪਣੀ ਬੱਚੀ ਨੂੰ ਗੋਦ ਵਿਚ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਅਤੇ ਬਲਾਤਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ।"
ਇਸ ਮਾਮਲੇ ਨੂੰ ਲੈ ਕੇ ਸਾਨੂੰ ਕਈ ਖਬਰਾਂ ਮਿਲੀਆਂ। Asianet ਦੀ ਖ਼ਬਰ ਇਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਪੰਜਾਬ ਕੇਸਰੀ ਦੀ ਵੀਡੀਓ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਸਾਰੀਆਂ ਖਬਰਾਂ ਪੜ੍ਹਨ ਤੋਂ ਬਾਅਦ ਸਾਫ਼ ਹੋਇਆ ਕਿ ਵਾਇਰਲ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਦਸੰਬਰ 2019 ਦਾ ਹੈ ਜਦੋਂ ਹੈਦਰਾਬਾਦ ਵਿਚ ਇੱਕ ਡਾਕਟਰ ਨਾਲ ਰੇਪ ਦੀ ਘਟਨਾ ਹੋਣ ਤੋਂ ਬਾਅਦ ਦਿੱਲੀ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
Claim: ਵਾਇਰਲ ਵੀਡੀਓ ਨੂੰ ਹਾਲੀਆ ਦੱਸਿਆ ਜਾ ਰਿਹਾ ਹੈ
Claimed By: ਫੇਸਬੁੱਕ ਪੇਜ਼ "Agg Bani"
Fact Check: ਫਰਜ਼ੀ