
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No.1- Fact Check: ਕਾਨੂੰਨ ਰੱਦ ਦਾ ਐਲਾਨ... ਜਸ਼ਨ ਮਨਾਇਆ ਗਿਆ, ਪਰ ਇਹ ਵਾਇਰਲ ਵੀਡੀਓ ਪੁਰਾਣਾ ਹੈ
19 ਨਵੰਬਰ 2021 ਦਾ ਦਿਨ ਕਿਸਾਨਾਂ ਦੇ ਦਿਨ ਵੱਜੋਂ ਜਾਣਿਆ ਜਾਵੇਗਾ। ਸਵੇਰੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦਾ ਸੰਬੋਧਨ ਕੀਤਾ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਇਹਸਾਸ ਨਹੀਂ ਸੀ ਕਿ ਖੇਤੀ ਕਾਨੂੰਨਾਂ ਦਾ ਵਾਪਸ ਹੋਣ ਦਾ ਐਲਾਨ PM ਵੱਲੋਂ ਕੀਤਾ ਜਾਵੇਗਾ। ਕਾਨੂੰਨ ਵਾਪਸ ਹੋਣ ਤੋਂ ਬਾਅਦ ਜਸ਼ਨ ਦਾ ਮਾਹੌਲ ਦਿੱਲੀ ਬਾਰਡਰਾਂ 'ਤੇ ਸ਼ੁਰੂ ਹੋਇਆ। ਇਸੇ ਜਸ਼ਨ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤਾ ਗਿਆ ਜਿਸਦੇ ਵਿਚ ਟਰੈਕਟਰਾਂ 'ਤੇ ਚੜ੍ਹ ਕੇ ਕੁਝ ਨੌਜਵਾਨਾਂ ਵੱਲੋਂ ਨੱਚ ਕੇ ਜਸ਼ਨ ਮਨਾਇਆ ਜਾ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਹੈ ਅਤੇ ਕਾਨੂੰਨ ਰੱਦ ਹੋਣ ਦੇ ਬਾਅਦ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਿਸੰਬਰ ਦਾ ਸੀ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.2- Fact Check: ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਬਣਾਇਆ ਗਿਆ ਕਿਸਾਨ ਦਾ ਬੁੱਤ? ਜਾਣੋ ਸੱਚ
ਸੋਸ਼ਲ ਮੀਡੀਆ 'ਤੇ ਇੱਕ ਕਿਸਾਨ ਦੇ ਬੁੱਤ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋਈ। ਤਸਵੀਰ ਨਾਲ ਦਾਅਵਾ ਕੀਤਾ ਗਿਆ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਦੇ ਪਾਸੇ ਪਾਕਿਸਤਾਨ ਸਰਕਾਰ ਵੱਲੋਂ ਕਿਸਾਨ ਦਾ ਬੁੱਤ ਲੈ ਕੇ ਭਾਰਤੀ ਕਿਸਾਨਾਂ ਦੀ ਹਮਾਇਤ ਕੀਤੀ ਗਈ ਹੈ। ਦੱਸ ਦਈਏ ਕਿ ਇਹ ਤਸਵੀਰ 19 ਨਵੰਬਰ 2021 ਨੂੰ ਨਰੇਂਦਰ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਵਾਇਰਲ ਹੋਣੀ ਸ਼ੁਰੂ ਹੋਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਇਹ ਕਿਸਾਨ ਦਾ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗਿਆ ਹੋਇਆ ਹੈ। ਇਸ ਬੁੱਤ ਦੇ ਅਲਾਵਾ ਵੀ ਕਈ ਬੁੱਤ ਭਾਰਤ ਵਾਲੇ ਪਾਸੇ ਕੋਰੀਡੋਰ ਦੇ ਉਦਘਾਟਨ ਸਮੇਂ ਬਣਾਏ ਗਏ ਸਨ। ਇਹ ਬੁੱਤ ਹਾਲੀਆ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਇਹ ਪਾਕਿਸਤਾਨ ਵਾਲੇ ਪਾਸੇ ਲੱਗਿਆ ਹੋਇਆ ਹੈ। ਇਸ ਬੁੱਤ ਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸਬੰਧ ਨਹੀਂ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.3- Fact Check: ਰਾਜਾ ਵੜਿੰਗ ਦਾ ਇਹ ਵੀਡੀਓ 7 ਸਾਲ ਪੁਰਾਣਾ, ਵੀਡੀਓ ਰਾਹੀਂ ਅਕਸ ਕੀਤਾ ਜਾਂਦਾ ਰਿਹਾ ਖਰਾਬ
ਸੋਸ਼ਲ ਮੀਡੀਆ 'ਤੇ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਉਨ੍ਹਾਂ ਨੂੰ ਇੱਕ ਵਿਅਕਤੀ ਨੂੰ ਥੱਪੜ ਮਾਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਹਾਲੀਆ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਇੱਕ ਵਿਅਕਤੀ ਨੂੰ ਥੱਪੜ ਮਾਰਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਉਨ੍ਹਾਂ 'ਤੇ ਤੰਜ ਕੱਸਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਸੀ। 7 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਇਹ ਪਹਿਲੀ ਵਾਰ ਵੀ ਨਹੀਂ ਕਿ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਗਿਆ ਹੋਵੇ। ਇਹ ਵੀਡੀਓ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.4- Fact Check: ਬੀਜਿੰਗ ਹਵਾਈ ਅੱਡੇ ਦਾ ਡਿਜ਼ਾਈਨ, ਭਾਜਪਾ ਲੀਡਰਾਂ ਨੇ ਨੋਇਡਾ ਦੇ ਨਾਂਅ ਤੋਂ ਕੀਤਾ ਸ਼ੇਅਰ
25 ਨਵੰਬਰ 2021 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਨੇੜੇ ਬਣਨ ਜਾ ਰਹੇ ਜੇਵਰ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣੇਗਾ। ਨੀਂਹ ਪੱਥਰ ਸਮਾਰੋਹ ਤੋਂ ਬਾਅਦ ਮੀਡੀਆ ਸਣੇ ਭਾਜਪਾ ਲੀਡਰ ਅਤੇ ਸਮਰਥਕਾਂ ਨੇ ਹਵਾਈ ਅੱਡੇ ਦੇ ਡਿਜ਼ਾਈਨ ਦੀ ਤਸਵੀਰ ਸਾਂਝੀ ਕਰਨੀ ਸ਼ੁਰੂ ਕੀਤੀ। ਦਾਅਵਾ ਕੀਤਾ ਗਿਆ ਕਿ ਡਿਜ਼ਾਈਨ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਡਿਜ਼ਾਈਨ ਦੀ ਤਸਵੀਰ ਸਾਂਝੀ ਕੀਤੀ ਗਈ ਉਹ ਚੀਨ ਦੇ ਬੀਜਿੰਗ ਹਵਾਈ ਅੱਡੇ ਦਾ ਸੀ ਨਾ ਕਿ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.5- Fact Check: ਖੇਤੀ ਕਾਨੂੰਨ ਵਾਪਸ ਦੇ ਐਲਾਨ ਤੋਂ ਬਾਅਦ ਰੋਈ ਅਦਾਕਾਰਾ Payal Rohtagi? ਜਾਣੋ ਸੱਚ
ਸੋਸ਼ਲ ਮੀਡੀਆ 'ਤੇ ਬੋਲੁਵੱਡ ਅਦਾਕਾਰਾ ਪਾਯਲ ਰੋਹਤਗੀ ਦਾ ਰੋਂਦੇ ਦਾ ਇੱਕ ਵੀਡੀਓ ਕਲਿਪ ਵਾਇਰਲ ਹੋਇਆ। ਵੀਡੀਓ ਵਿਚ ਪਾਯਲ ਨੂੰ ਰੋਂਦੇ ਹੋਏ ਬੋਲਦੇ ਸੁਣਿਆ ਜਾ ਸਕਦਾ ਸੀ ਕਿ "ਮੋਦੀ ਜੀ ਇਹ ਗੱਲ ਸਹੀ ਨਹੀਂ, ਅਸੀਂ ਤੁਹਾਨੂੰ ਵੋਟ ਨਹੀਂ ਦਵਾਂਗੇ"। ਕਲਿਪ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਦੇ ਐਲਾਨ ਤੋਂ ਬਾਅਦ ਅਦਾਕਾਰਾ ਰੋਈ ਅਤੇ ਦੇਸ਼ ਦੇ PM ਬਾਰੇ ਇਹ ਗੱਲ ਕਹੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ। ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਮਈ 2021 ਦਾ ਸੀ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਯਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।
Fact Check Section