
ਪਰਾਲੀ ਸਾੜਨ ਕਰ ਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਘਟਾਉਂਦੀ ਹੈ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਅਪਣੇ ਸਭਨਾਂ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ ਪ੍ਰੰਤੂ ਇਸ ਸੱਭ ਦੇ ਬਾਵਜੂਦ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ ਧਰਾਏ ਹੀ ਰਹਿ ਜਾਂਦੇ ਹਨ ਜਿਸ ਕਾਰਨ ਜਿਥੇ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੂਕਤਾ ਲਈ ਇਸ਼ਤਿਹਾਰਾਂ ਆਦਿ ਉਪਰ ਖ਼ਰਚ ਕੀਤੀਆਂ ਜਾਣ ਵਾਲੀਆਂ ਭਾਰੀ ਰਕਮਾਂ ਫ਼ਜ਼ੂਲ ਅਤੇ ਅਜਾਈਂ ਜਾਂਦੀਆਂ ਹਨ।
ਉਥੇ ਹੀ ਇਹਨੀਂ ਦਿਨੀਂ ਸੜਕ ਹਾਦਸਿਆਂ ਵਿਚ ਬਹੁਤ ਜ਼ਿਆਦਾ ਵਾਧਾ ਵੇਖਣ ਨੂੰ ਮਿਲਦਾ ਹੈ। ਪਰਾਲੀ ਦੇ ਸਾੜਨ ਨਾਲ ਫ਼ਸਲਾਂ ਦੇ ਵਧੇਰੇ ਵਧਣ ਫੁੱਲਣ ਲਈ ਜ਼ਰੂਰੀ ਮਲੜ ਦੇ ਨਾਲ-ਨਾਲ ਲਗਭਗ 38 ਲੱਖ ਟਨ ਆਰਗੈਨਿਕ ਕਾਰਬਨ ਸੜ ਜਾਂਦੇ ਹਨ ਜਿਸ ਕਾਰਨ ਧਰਤੀ ਦੀ ਜ਼ਰਖੇਜ਼ੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰੱਖ਼ਤ ਪਰਾਲੀ ਨੂੰ ਲਗਾਈ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਪਹਿਲੇ ਸਮਿਆਂ ਵਿਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ
ਪਰ ਜਦੋਂ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ ਉਸ ਨਾਲ ਸ਼ਹਿਦ ਦੀਆਂ ਅਣ-ਗਿਣਤ ਮੱਖੀਆਂ ਮਰ ਚੁਕੀਆਂ ਹਨ ਜਿਸ ਦੇ ਫ਼ਲਸਰੂਪ ਅੱਜ ਸ਼ੁਧ ਸ਼ਹਿਦ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਸਾਡੇ ਸਮਾਜ ਵਿਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਪੰਛੀਆਂ ਅਤੇ ਜੀਵ ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।
ਦੂਜੇ ਪਾਸੇ ਪਰਾਲੀ ਸਾੜਨ ਕਰ ਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਘਟਾਉਂਦੀ ਹੈ। ਇਸ ਨਾਲ ਹੀ ਕਾਰਬਨ ਡਾਈਆਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਣ ਪੈਦਾ ਕਰਦੀ ਹੈ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪਰਕੋਪ ਦਾ ਸ਼ਿਕਾਰ ਸੱਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂਕਿ ਬੱਚਿਆਂ ਵਿਚ ਮੈਟਾਬੋਲਿਕ ਐਕਟੀਵਿਟੀ ਹੋਣ ਕਾਰਨ, ਉਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ।
ਇਸ ਤੋਂ ਇਲਾਵਾ ਹਰ ਪ੍ਰਕਾਰ ਦਾ ਪ੍ਰਦੂਸ਼ਣ ਸਾਡੀ ਧਰਤੀ ਦੁਆਲੇ ਘੇਰਾ ਪਾਈ ਬੈਠੀ ਓ-ਜ਼ੋਨ ਪਰਤ ਵਿਚਕਾਰ ਸੁਰਾਖ ਕਰਦਾ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸੂਰਜੀ ਕਿਰਨਾਂ ਓ-ਜ਼ੋਨ ਪਰਤ ਵਿਚੋਂ ਦੀ ਪੁਣ-ਪੁਣ ਕੇ ਸਾਡੇ ਜ਼ਮੀਨ ਰੁਸ਼ਨਾਉਂਦੀਆਂ ਹਨ ਅਤੇ ਸਾਨੂੰ ਵਿਟਾਮਿਨ ਡੀ ਪ੍ਰਦਾਨ ਕਰਦੀਆਂ ਹਨ ਉਹ ਸਿੱਧੇ ਰੂਪ ਵਿਚ ਧਰਤੀ ਤੇ ਪੈਣ ਲਗਦੀਆਂ ਹਨ ਜਿਸ ਦਾ ਕਿ ਮਨੁੱਖ ਜਾਤੀ ਦੇ ਨਾਲ ਨਾਲ ਸਾਡੇ ਪਸ਼ੂਆਂ ਅਤੇ ਪੰਛੀਆਂ ਨੂੰ ਵੀ ਖ਼ਤਰਨਾਕ ਹਦ ਤਕ ਨੁਕਸਾਨ ਪੁਜਦਾ ਹੈ।
ਇਕ ਅੰਦਾਜ਼ੇ ਮੁਤਾਬਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਭਗ 500 ਕਰੋੜ ਦਾ ਨੁਕਸਾਨ ਹੁੰਦਾ ਹੈ।
ਇਸ ਤੋਂ ਇਲਾਵਾ ਪਰਾਲੀ ਦੇ ਧੂਏਂ ਅਤੇ ਅੱਗ ਕਾਰਨ ਸੜਕਾਂ ਉਪਰ ਸਫ਼ਰ ਕਰ ਰਹੇ ਕਿੰਨੇ ਹੀ ਪਾਂਧੀ ਮੁਸਾਫ਼ਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਜਾਨੀ ਮਾਲੀ ਨੁਕਸਾਨ ਦਾ ਘਾਣ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆਵਾਂ ਨਾਲ ਨਜਿੱਠਣਾ ਇਕੱਲੇ ਪ੍ਰਦੇਸ਼ ਸਰਕਾਰ ਦੇ ਵਸ ਦੀ ਗੱਲ ਨਹੀਂ ਸਗੋਂ ਇਹ ਸਮੁੱਚੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੋਵੇਂ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਸੂਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ।
ਸਾਨੂੰ ਸੱਭ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ ਇਸ ਦੇ ਚੋਗਿਰਦੇ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਇੱਕਲੀਆਂ ਸਰਕਾਰਾਂ ਦਾ ਕੰਮ ਨਹੀਂ ਸਗੋਂ ਇਸ ਨੂੰੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਅਪਣਾ-ਅਪਣਾ ਯੋਗਦਾਨ ਪਾਉਣ ਦੀ ਲੋੜ ਹੈ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉ, ਸਗੋਂ ਇਸ ਨੂੰ ਅਪਣੇ ਖੇਤਾਂ ਵਿਚ ਹੀ ਮਿਲਾਉ ਅਤੇ ਵਾਤਾਵਰਣ ਨੂੰ ਅਪਣੇ ਲਈ ਅਤੇ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁਧ ਬਣਾਉ।
ਕਿਸਾਨ ਖ਼ੁਦ ਵੀ ਪਰਾਲੀ ਸਾੜਨ ਦੇ ਮਾੜੇ ਨਤੀਜੇ ਜਾਣਦੇ ਹਨ ਅਤੇ ਇਨ੍ਹਾਂ ਪ੍ਰਤੀ ਸੁਚੇਤ ਹੋ ਰਹੇ ਹਨ।
ਵਿਗਿਆਨਕ ਅਤੇ ਖੇਤੀ ਮਾਹਰਾਂ ਦੀ ਚਿੰਤਾ ਦਾ ਕਾਰਨ ਇਹ ਹੈ ਕਿ ਪਰਾਲੀ ਸਾੜਨ ਦੀ ਪ੍ਰਕਿਰਿਆ ਵਿਚ ਕਾਰਬਨਡਾਈਆਕਸਾਈਡ ਅਤੇ ਘਾਤਕ ਪ੍ਰਦੂਸ਼ਣ ਦੇ ਕਣ ਹੋਰ ਗੈਸਾਂ ਦੇ ਨਾਲ ਹਵਾ ਵਿਚ ਮਿਲ ਜਾਂਦੇ ਹਨ ਜੋ ਸਿਹਤ ਲਈ ਘਾਤਕ ਸਾਬਤ ਹੁੰਦੇ ਹਨ। ਜ਼ਮੀਨੀ ਸੱਚਾਈ ਇਹ ਵੀ ਹੈ ਕਿ ਕਿਸਾਨਾਂ ਨੂੰ ਅਕਤੂਬਰ ਵਿਚ ਖੇਤ ਖ਼ਾਲੀ ਕਰਨ ਦੀ ਜਲਦੀ ਵੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਅਪਣੀ ਹਾੜ੍ਹੀ ਦੀ ਫ਼ਸਲ ਆਲੂ, ਮਟਰ, ਸਰ੍ਹੋਂ, ਕਣਕ ਆਦਿ ਦੀ ਬਿਜਾਈ ਲਈ ਖੇਤ ਤਿਆਰ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਮਸ਼ੀਨ ਨਾਲ ਵਾਢੀ ਤੇਜ਼ ਵੀ ਹੁੰਦੀ ਹੈ ਅਤੇ ਜ਼ਿਆਦਾ ਮਹਿੰਗੀ ਵੀ ਨਹੀਂ ਪੈਂਦੀ ਪਰ ਇਸ ਵਿਚ ਡੀਜ਼ਲ ਵਰਤਣ ਨਾਲ ਪ੍ਰਦੂਸ਼ਣ ਜ਼ਰੂਰ ਹੁੰਦਾ ਹੈ। ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਦੇਸ਼ ਭਰ ਵਿਚ ਝੋਨੇ ਦੀ ਪਰਾਲੀ ਕਿਤੇ ਵੀ ਨਹੀਂ ਸਾੜੀ ਜਾਂਦੀ।
-ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ, 8146859585