
ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਕਰਵਾਈ ਗਈ ਮੌਕ ਡਰਿੱਲ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ, ਬਲਕਿ ਸੁਚੇਤ ਰਹਿਣ ਦੀ ਲੋੜ ਹੈ। ਉਹ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਪਿੰਡ ਸ਼ੇਰਗੜ੍ਹ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲੈ ਰਹੇ ਸਨ।
Apneet Kaur with others
ਉਹਨਾਂ ਕਿਹਾ ਕਿ ਟਿੱਡੀ ਦਲ ਦਾ ਫਿਲਹਾਲ ਕੋਈ ਖਤਰਾ ਨਹੀਂ ਹੈ, ਪਰ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਮੌਕ ਡਰਿੱਲ ਕਰਵਾਈ ਗਈ ਹੈ, ਤਾਂ ਜੋ ਟਿੱਡੀ ਦਲ ਨਾਲ ਮੁਕਾਬਲਾ ਕੀਤਾ ਜਾ ਸਕੇ।
Punjab Govt
ਅਪਨੀਤ ਰਿਆਤ ਨੇ ਕਿਹਾ ਕਿ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ, ਇਸ ਲਈ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਉਹਨਾਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਆਪਣਾ ਪੂਰਾ ਯੋਗਦਾਨ ਦਿੱਤਾ ਜਾਵੇ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਟਿੱਡੀ ਦਲ ਦਾ ਖਤਰਾ ਦਿਖਾਈ ਦਿੰਦਾ ਹੈ, ਤਾਂ ਤੁਰੰਤ ਸਬੰਧਤ ਖੇਤੀਬਾੜੀ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।
Tidi Dal
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਕਿਹਾ ਕਿ ਕਿਸਾਨ ਮੋਟਰਾਂ 'ਤੇ ਪਾਣੀ ਦਾ ਵੱਧ ਤੋਂ ਵੱਧ ਭੰਡਾਰਨ ਯਕੀਨੀ ਬਣਾਉਣ ਦੇ ਨਾਲ-ਨਾਲ ਟਰੈਕਟਰ ਵਾਲੇ ਸਪਰੇਅ ਪੰਪ ਤਿਆਰ ਰੱਖਣ, ਤਾਂ ਜੋ ਹੰਗਾਮੀ ਹਾਲਾਤ ਨਾਲ ਨਜਿੱਠਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਢੋਲ, ਪੀਪੇ, ਟਰੈਕਟਰ ਡੈਕ ਆਦਿ ਉਚੀਆਂ ਅਵਾਜਾਂ ਕੱਢ ਕੇ ਟਿੱਡੀ ਦਲ ਨੂੰ ਭਜਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਟਿੱਡੀਆਂ 150 ਕਿਲੇਮੀਟਰ ਸਫਰ ਤੈਅ ਕਰਦੀਆਂ ਹਨ, ਪਰ ਫਿਲਹਾਲ ਟਿੱਡੀ ਦਲ ਦਾ ਕੋਈ ਖਤਰਾ ਨਹੀਂ ਹੈ।
ਮੌਕ ਡਰਿੱਲ ਦੌਰਾਨ ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ, ਉਥੇ ਫਾਇਰ ਬ੍ਰਿਗੇਡ, ਆਵਾਜ਼ੀ ਯੰਤਰਾਂ ਅਤੇ ਸਪਰੇਅ ਪੰਪਾਂ ਆਦਿ ਦੇ ਪੂਰੇ ਸਾਜੋ-ਸਮਾਨ ਸਮੇਤ ਟਿੱਡੀ ਦਲ ਦੇ ਮੁਕਾਬਲੇ ਦਾ ਬਾਖੂਬੀ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।