
ਕੁਦਰਤੀ ਖੇਤੀ ਨੂੰ ਇਕ ਵਿਸ਼ੇਸ਼ ਬਾਜ਼ਾਰ ਤਕ ਸੀਮਤ ਨਹੀਂ ਰਹਿਣਾ ਚਾਹੀਦਾ
ਨਵੀਂ ਦਿੱਲੀ : ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸਵੈ-ਇੱਛਾ ਨਾਲ ਗੈਰ-ਰਸਾਇਣਕ ਖਾਦ ਆਧਾਰਤ ਖੇਤੀ ਪ੍ਰਥਾਵਾਂ ਨੂੰ ਅਪਣਾਉਣ ਲਈ ਵਿਆਪਕ ਅਤੇ ਖੁਲ੍ਹੇ ਦਿਲ ਲਾਲ ਹੱਲਾਸ਼ੇਰੀ ਦੇਣ ਦੀ ਲੋੜ ਹੈ। ਨੀਤੀ ਖੋਜ ਸੰਸਥਾ ਪਹਿਲ ਇੰਡੀਆ ਫਾਊਂਡੇਸ਼ਨ (ਪੀ.ਆਈ.ਐੱਫ.) ਵਲੋਂ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਚਤੁਰਵੇਦੀ ਨੇ ਸੁਝਾਅ ਦਿਤਾ ਕਿ ਕੁਦਰਤੀ ਖੇਤੀ ਨੂੰ ਇਕ ਵਿਸ਼ੇਸ਼ ਬਾਜ਼ਾਰ ਤਕ ਸੀਮਤ ਨਹੀਂ ਰਹਿਣਾ ਚਾਹੀਦਾ ਅਤੇ ਕਿਹਾ ਕਿ ਇਸ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਲਈ ਪੋਸ਼ਣ ਉਤਪਾਦ ਉਪਲਬਧ ਕਰਵਾਏ ਜਾ ਸਕਣ।
ਇਸ ਮੌਕੇ ਨੀਤੀ ਆਯੋਗ ਦੇ ਸਾਬਕਾ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਪੋਸ਼ਣ ਵਾਤਾਵਰਣ ਅਤੇ ਸਿਹਤ ਸੁਰੱਖਿਆ ਹਾਸਲ ਕਰਨ ਲਈ ਖੇਤੀਬਾੜੀ ’ਚ ਇਕ ਮਿਸਾਲੀ ਤਬਦੀਲੀ ਜ਼ਰੂਰੀ ਹੈ ਅਤੇ ਇਸ ਸਬੰਧ ’ਚ ਗੈਰ-ਰਸਾਇਣਕ ਖੇਤੀ ਦੀ ਵਿਵਹਾਰਕਤਾ ਸਥਾਪਤ ਕਰਨ ਲਈ ਸਖਤ ਅਨੁਭਵੀ ਖੋਜ ਦੀ ਲੋੜ ਹੈ।
ਫੈਡਰੇਸ਼ਨ ਯੂਨੀਵਰਸਿਟੀ ਆਸਟਰੇਲੀਆ ਦੇ ਹਰਪਿੰਦਰ ਸੰਧੂ ਅਤੇ ਅਦਿਤੀ ਰਾਵਤ ਪੀ.ਆਈ.ਐਫ. ਨੇ ਵੱਖ-ਵੱਖ ਖੇਤੀਬਾੜੀ-ਜਲਵਾਯੂ ਖੇਤਰਾਂ ’ਚ ਪੁਨਰ-ਉਤਪਤੀ ਖੇਤੀ ਦੀ ਵਿਵਹਾਰਕਤਾ ਅਤੇ ਮਾਪਯੋਗਤਾ ਦਾ ਮੁਲਾਂਕਣ ਕਰਨ ਲਈ ਇਕ ਕੁਲ ਭਾਰਤੀ ਅਧਿਐਨ ਲਈ ਇਕ ਵਿਧੀ ਪੇਸ਼ ਕੀਤੀ। ਅਧਿਐਨ ਦਾ ਉਦੇਸ਼ ਭਵਿੱਖ ਦੀ ਨੀਤੀ ਅਤੇ ਅਭਿਆਸਾਂ ਦਾ ਮਾਰਗ ਦਰਸ਼ਨ ਕਰਨ ਲਈ ਵਿਗਿਆਨਕ ਸਬੂਤ ਪੈਦਾ ਕਰਨਾ ਹੈ।
ਇਸ ਸਮਾਰੋਹ ’ਚ ਹੋਰ ਮਾਹਰਾਂ ਨੇ ਵਿਗਿਆਨਕ ਅੰਕੜਿਆਂ ਦੇ ਮਾਪਣਯੋਗ ਮਾਡਲਾਂ ਅਤੇ ਖੋਜਕਰਤਾਵਾਂ, ਸਰਕਾਰ ਅਤੇ ਪ੍ਰੈਕਟੀਸ਼ਨਰਾਂ ਦਰਮਿਆਨ ਮਜ਼ਬੂਤ ਸਹਿਯੋਗ ਦੀ ਤੁਰਤ ਲੋੜ ’ਤੇ ਜ਼ੋਰ ਦਿਤਾ ਤਾਂ ਜੋ ਭਾਰਤ ਦੇ ਖੇਤੀਬਾੜੀ-ਜਲਵਾਯੂ ਖੇਤਰਾਂ ’ਚ ਪੁਨਰ-ਉਤਪਤੀ ਖੇਤੀ ਨੂੰ ਅਪਣਾਉਣ ’ਚ ਤੇਜ਼ੀ ਲਿਆਂਦੀ ਜਾ ਸਕੇ। (ਪੀਟੀਆਈ)