
12 ਦਸੰਬਰ ਨੂੰ ਐੱਮ.ਐੱਲ.ਏ ਅਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ
7 ਦਸੰਬਰ ਨੂੰ ਚਾਰ ਘੰਟੇ ਲਈ ਡੀਸੀ ਦਫ਼ਤਰਾਂ ਦੇ ਗੇਟਾਂ ਤੇ ਧਰਨੇ
5 ਦਸੰਬਰ ਨੂੰ ਐੱਮ ਪਾਰਲੀਮੈਂਟ ਨੂੰ ਦਿੱਤੇ ਜਾਣਗੇ ਮੰਗ ਪੱਤਰ
ਚੰਡੀਗੜ੍ਹ - ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫ਼ਤਰਾਂ ਅੱਗੇ ਚੱਲ ਰਹੇ ਲੰਬੇ ਸਮੇਂ ਦੇ ਮੋਰਚਿਆਂ ਦੇ ਨੌਂਵੇਂ ਦਿਨ, ਡੀਸੀ ਦਫ਼ਤਰ ਅੰਮ੍ਰਿਤਸਰ ਤੋਂ, ਪ੍ਰੈਸ ਕਾਨਫ਼ਰੰਸ ਕਰਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੀਤੀ ਸ਼ਾਮ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ, ਸਰਕਾਰ ਦੇ ਲੋਕਾਂ ਦੇ ਮੁੱਦਿਆਂ ਪ੍ਰਤੀ ਉਦਾਸੀਨ ਰਵੱਈਏ ਦੇ ਚਲਦੇ, ਆਉਣ ਵਾਲੇ ਸਮੇਂ ਵਿਚ ਐਕਸ਼ਨ ਪ੍ਰੋਗਰਾਮ ਨੂੰ ਲੈ ਕੇ, ਅਹਿਮ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਵਿਚ ਮੁੱਖ ਤੌਰ 'ਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਆਮ ਜਨਤਾ ਲਈ ਸੜਕਾਂ ਟੋਲ ਫ਼ਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜਥੇਬੰਦੀ ਇਹ ਵੀ ਗਰੰਟੀ ਕਰੇਗੀ ਕਿ ਇਸ ਅਰਸੇ ਦੌਰਾਨ ਟੋਲ ਮੁਲਾਜ਼ਮਾਂ ਦੀਆਂ ਸਾਰੀਆਂ ਤਨਖਾਹਾਂ ਕੰਪਨੀਆਂ ਕੋਲੋਂ ਦਵਾਈਆ ਜਾਣ। ਅੱਗੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ 12 ਦਸੰਬਰ ਨੂੰ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਨੌਂ ਦਿਨਾਂ ਤੋਂ ਜਥੇਬੰਦੀਆਂ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਡੀਸੀ ਦਫ਼ਤਰਾਂ ਅੱਗੇ ਧਰਨੇ ਲਾ ਕੇ ਜਨਤਾ ਦੀਆਂ ਮੰਗਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਰੱਖ ਰਹੀ ਹੈ ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ ਸੋ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ 7 ਦਸੰਬਰ ਨੂੰ ਡੀਸੀ ਦਫਤਰਾਂ ਦੇ ਗੇਟਾਂ 'ਤੇ 4 ਘੰਟੇ ਦੇ ਧਰਨੇ ਲਗਾਏ ਜਾਣਗੇ।
ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਨਾਲ਼ ਸਬੰਧਤ ਮੰਗਾਂ ਲਈ 5 ਦਸੰਬਰ ਨੂੰ ਕੇਂਦਰ ਦੇ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦਿੱਤੇ ਜਾਣਗੇ, ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿਚ ਇਨ੍ਹਾਂ ਮੰਗਾਂ ਨੂੰ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਮੈਂਬਰ ਪਾਰਲੀਮੈਂਟ ਪੂਰੇ ਜੋਰ ਨਾਲ ਉਠਾਉਣ। ਉਨ੍ਹਾਂ ਕਿਹਾ ਕਿ ਇਹ ਐਲਾਨ ਪੰਜਾਬ ਭਰ ਵਿਚ ਲਾਗੂ ਕੀਤੇ ਜਾਣਗੇ। ਇਸ ਮੌਕੇ ਮੋਰਚੇ ਵਿਚ ਮੌਜੂਦ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਕਾਰਪੋਰੇਟ ਘਰਾਣਿਆਂ ਦੀ ਅਰਥੀ ਫੂਕੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਗੱਲ ਕਰਦੇ ਕਿਹਾ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ, ਉਹ ਜਨਤਾ ਦੇ ਹਿੱਤ ਦੀ ਨੀਤੀ ਬਣਾਉਣ ਦੀ ਜਗ੍ਹਾ ਚੰਦ ਵਪਾਰੀ ਘਰਾਣਿਆਂ ਲਈ ਸਾਰੀ ਨੀਤੀ ਤਿਆਰ ਕਰ ਰਹੀ ਹੈ, ਜਦਕਿ ਆਮ ਜਨਤਾ ਬੇਰੁਜ਼ਗਾਰੀ, ਗਰੀਬੀ , ਨਸ਼ੇ ਅਤੇ ਭੁੱਖ ਮਰੀ ਦੀ ਸ਼ਿਕਾਰ ਹੈ।
ਉਨ੍ਹਾਂ ਕਿਹਾ ਕਿ ਅੱਜ ਜਨਤਾ ਇਨਫਰਮੇਸ਼ਨ ਦੇ ਯੁੱਗ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀ ਹੈ, ਇਸ ਲਈ ਧਰਨਿਆਂ ਅਤੇ ਅੰਦੋਲਨ ਰਾਹੀਂ ਸਰਕਾਰਾਂ ਨੂੰ ਸਹੀ ਦਿਸ਼ਾ ਵਿਚ ਕੰਮ ਕਰਨ ਲਈ ਮਜਬੂਰ ਕਰਨ ਲਈ ਜਥੇਬੰਦੀ ਕਮਰ ਕੱਸ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਵਿਚ ਲੱਗੇ ਮੋਰਚਿਆਂ ਨੂੰ ਲਗਾਤਾਰ ਸਮਰਥਨ ਵਧ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਵਰਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਲਖਬੀਰ ਸਿੰਘ, ਮੇਜ਼ਰ ਸਿੰਘ ਅਬਦਾਲ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜੀਕੋਟ, ਕੰਵਲਜੀਤ ਸਿੰਘ ਵਣਚੜ੍ਹੀ,ਦਿਲਬਾਗ ਸਿੰਘ ਖਾਪੜਖੇੜੀ, ਮੰਗਵਿੰਦਰ ਸਿੰਘ ਮਢਿਆਲਾ, ਮੁਖਤਾਰ ਸਿੰਘ ਭੰਗਵਾ ਨੇ ਮੋਰਚੇ ਨੂੰ ਸੰਬੋਧਨ ਕੀਤਾ। ਅੱਜ ਦਾ ਸਟੇਜ ਸੰਚਾਲਨ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕੀਤਾ।